ਵਿਕਾਸ ਅਤੇ ਵਿਨਾਸ਼ ਮਾਡਲ ਵਿਚਾਲੇ ਮੁਕਾਬਲਾ: ਸ਼ਾਹ

ਕੂਚ ਬਿਹਾਰ/ਠਾਕੁਰਨਗਰ : ਕੇਂਦਰ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਇੱਕ ‘ਫੇਲ੍ਹ ਪ੍ਰਸ਼ਾਸਕ’ ਕਰਾਰ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਆਗਾਮੀ ਅਸੈਂਬਲੀ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਾਸ ਮਾਡਲ’ ਅਤੇ ਮਮਤਾ ਦੇ ਸ਼ਾਸਨ ਦੇ ‘ਵਿਨਾਸ਼ ਮਾਡਲ’ ਵਿਚਾਲੇ ਮੁਕਾਬਲਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਾਗਰਿਕਤਾ (ਸੋਧ) ਕਾਨੂੰਨ (ਸੀਏਏ) ਤਹਿਤ ਸ਼ਰਨਾਰਥੀਆਂ, ਜਿਸ ਵਿੱਚ ਪੱਛਮੀ ਬੰਗਾਲ ਦਾ ਮਟੂਆ ਭਾਈਚਾਰਾ ਵੀ ਸ਼ਾਮਲ ਹੈ, ਨੂੰ ਭਾਰਤੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਕਰੋਨਾ ਟੀਕਾਕਰਨ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਸ਼ੁਰੂ ਕੀਤੀ ਜਾਵੇਗੀ।

ਸ੍ਰੀ ਸ਼ਾਹ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਦੇ ਜ਼ਿਲ੍ਹੇ ਕੂਚਬਿਹਾਰ, ਜਿਸ ਦੀ ਹੱਦ ਬੰਗਲਾਦੇਸ਼ ਨਾਲ ਲੱਗਦੀ ਹੈ, ਵਿੱਚ ਵੱਡੇ ਪੱਧਰ ’ਤੇ ਘੁਸਪੈਠ ਨਾਲ ਇਸ ਆਬਾਦੀ ’ਚ ਜ਼ਿਕਰਯੋਗ ਬਦਲਾਅ ਆਏ ਹਨ। ਗ੍ਰਹਿ ਮੰਤਰੀ ਸ਼ਾਹ, ਜਿਨ੍ਹਾਂ ਕੂਚਬਿਹਾਰ ਜ਼ਿਲ੍ਹੇ ’ਚ ਭਾਜਪਾ ਦੀ ਚੌਥੀ ‘ਪਰਿਵਰਤਨ ਯਾਤਰਾ’ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ, ਨੇ ਐਲਾਨ ਕੀਤਾ ਕਿ ਇਹ ਮੁਹਿੰਮ ਮੁੱਖ ਮੰਤਰੀ, ਵਿਧਾਇਕ ਜਾਂ ਮੰਤਰੀ ਬਦਲਣ ਦੀ ਨਹੀਂ ਹੈ ਬਲਕਿ ਪੱਛਮੀ ਬੰਗਾਲ ’ਚ ਸਥਿਤੀ ਤਬਦੀਲੀ ਅਤੇ ਘੁਸਪੈਠ ਨੂੰ ਖ਼ਤਮ ਕਰਨ ਲਈ ਹੈ।

ਇਸੇ ਦੌਰਾਨ ਵਿਰੋਧੀ ਪਾਰਟੀਆਂ ’ਤੇ ਸੀਏਏ ਪ੍ਰਤੀ ਘੱਟ ਗਿਣਤੀਆਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਭਾਰਤੀ ਘੱਟ ਗਿਣਤੀਆਂ ਦੀ ਸਥਿਤੀ ’ਤੇ ਕੋਈ ਅਸਰ ਨਹੀਂ ਪਵੇਗਾ। ਇੱਥੇ ਮਟੂਆ ਭਾਈਚਾਰੇ ਦੇ ਗੜ੍ਹ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ, ‘ਜਦੋਂ ਵੀ ਕਰੋਨਾ ਟੀਕਾਕਰਨ ਦੀ ਪ੍ਰਕਿਰਿਆ ਖਤਮ ਹੋਵੇਗੀ ਉਦੋਂ ਹੀ ਸੀਏਏ ਤਹਿਤ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ।’ ਉਨ੍ਹਾਂ ਕਿਹਾ ਕਿ 2020 ’ਚ ਦੇਸ਼ ਅੰਦਰ ਕਰੋਨਾ ਮਹਾਮਾਰੀ ਕਾਰਨ ਇਸ ਨੂੰ ਲਾਗੂ ਕਰਨ ਦਾ ਕੰਮ ਠੰਢੇ ਬਸਤੇ ’ਚ ਪਾਉਣਾ ਪਿਆ।

Leave a Reply

Your email address will not be published. Required fields are marked *