ਦਿਸ਼ਾ ਨੂੰ ਦੇਸ਼-ਵਿਦੇਸ਼ ਤੋਂ ਮਿਲ ਰਹੀ ਹੈ ਭਰਵੀਂ ਹਮਾਇਤ

ਨਵੀਂ ਦਿੱਲੀ: ‘ਟੂਲਕਿੱਟ’ ਮਾਮਲੇ ’ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਦੇਸ਼ ਵਿਦੇਸ਼ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਜਦਕਿ ਭਾਰਤ ’ਚ ਵਿਰੋਧੀ ਧਿਰ ਨੇ ਇਸ ਕਾਰਵਾਈ ਨੂੰ ਲੋਕਤੰਤਰ ’ਤੇ ਹਮਲਾ ਕਰਾਰ ਦਿੱਤਾ ਹੈ। ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਕਿ ਭਾਰਤੀ ਅਧਿਕਾਰੀਆਂ ਨੇ ਇੱਕ ਹੋਰ ਨੌਜਵਾਨ ਮਹਿਲਾ ਕਾਰਕੁਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਕਿਉਂਕਿ ਉਸ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਸੋਸ਼ਲ ਮੀਡੀਆ ’ਤੇ ਇੱਕ ਟੂਲਕਿੱਟ ਸਾਂਝੀ ਕੀਤੀ ਸੀ। ਭਾਰਤੀ ਮੂਲ ਦੀ ਕੈਨੇਡੀਅਨ ਕਵਿੱਤਰੀ ਤੇ ਲੇਖਿਕਾ ਰੂਪੀ ਕੌਰ ਨੇ ਵੀ ਦਿਸ਼ਾ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਇਸੇ ਤਰ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿਸ਼ਾ ਦੀ ਗ੍ਰਿਫਤਾਰੀ ਨਾਲ ਜੁੜੀ ਖਬਰ ਸਾਂਝੀ ਕਰਦਿਆਂ ਟਵੀਟ ਕੀਤਾ, ‘ਬੋਲ ਕਿ ਲਬ ਆਜ਼ਾਦ ਹੈਂ ਤੇਰੇ, ਬੋਲ ਕਿ ਸੱਚ ਜ਼ਿੰਦਾ ਹੈ ਅਬ ਤੱਕ! ਉਹ ਡਰੇ ਹੋਏ ਹਨ, ਦੇਸ਼ ਨਹੀਂ। ਭਾਰਤ ਚੁੱਪ ਰਹਿਣ ਵਾਲਾ ਨਹੀਂ ਹੈ।’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘21 ਸਾਲਾ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ ’ਤੇ ਹਮਲਾ ਹੈ। ਕਿਸਾਨਾਂ ਦੀ ਹਮਾਇਤ ਕਰਨਾ ਜੁਰਮ ਨਹੀਂ ਹੈ।’ ਰਾਸ਼ਟਰੀ ਜਨਤਾ ਦਲ ਦੇ ਆਗੂ ਮਨੋਜ ਝਾਅ ਨੇ ਕਿਹਾ, ‘ਮੈਨੂੰ ਲੋਕਤੰਤਰ ਦੀ ਚਿੰਤਾ ਹੋ ਰਹੀ ਹੈ ਕਿਉਂਕਿ ਇਹ ਬਹੁਤ ਹੀ ਮੁਸ਼ਕਿਲ ਦੌਰ ’ਚੋਂ ਲੰਘ ਰਿਹਾ ਹੈ।’ ਕਾਂਗਰਸ ਆਗੂ ਪੀ ਚਿਦੰਬਰਮ ਨੇ ਵਿਅੰਗ ਕਰਦਿਆਂ ਟਵੀਟ ਕੀਤਾ, ‘ਜੇਕਰ ਮਾਊਂਟ ਕਾਰਮਲ ਕਾਲਜ ਤੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੇਸ਼ ਲਈ ਖਤਰਾ ਬਣ ਗਈ ਹੈ ਤਾਂ ਭਾਰਤ ਦਾ ਸ਼ਾਸਨ ਪ੍ਰਬੰਧ ਬਹੁਤ ਹੀ ਕਮਜ਼ੋਰ ਬੁਨਿਆਦ ’ਤੇ ਖੜ੍ਹਾ ਹੈ। ਚੀਨੀ ਸੈਨਿਕਾਂ ਵੱਲੋਂ ਭਾਰਤੀ ਖੇਤਰ ’ਚ ਘੁਸਪੈਠ ਮੁਕਾਬਲੇ ਕਿਸਾਨਾਂ ਦੀ ਹਮਾਇਤ ਕਰਨ ਲਈ ਲਿਆਂਦੀ ਗਈ ਇੱਕ ਟੂਲਕਿੱਟ ਵੱਧ ਖਤਰਨਾਕ ਹੈ।’ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਇਹ ਨਿਊ ਇੰਡੀਆ ਦੀ ਤਾਨਾਸ਼ਾਹੀ ਹੈ ਜਿਸ ਨੂੰ ਅਮਿਤ ਸ਼ਾਹੀ ਕਿਹਾ ਜਾਂਦਾ ਹੈ। ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘ਬੰਦੂਕਾਂ ਵਾਲੇ ਇੱਕ ਨਿਹੱਥੀ ਕੁੜੀ ਤੋਂ ਡਰਦੇ ਹਨ।’ ਸੀਪੀਆਈ (ਐੱਮ) ਨੇ ਕਿਹਾ ਕਿ ਸਰਕਾਰ ਨੂੰ ਸਮਾਜਿਕ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਬੰਦ ਕਰਨੀਆਂ ਚਾਹੀਦੀਆਂ ਹਨ ਤੇ ਦਿਸ਼ਾ ਰਵੀ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਫਿਲਮ ਅਦਾਕਾਰਾਂ ਨੇ ਵੀ ਦਿਸ਼ਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਆਵਾਜ਼ ਚੁੱਕੀ ਹੈ। ਅਦਾਕਾਰ ਸਿੱਧਾਰਥ ਨੇ ਟਵੀਟ ਕੀਤਾ, ‘ਮੈਂ ਦਿਸ਼ਾ ਰਵੀ ਦੀ ਹਮਾਇਤ ’ਚ ਖੜ੍ਹਾ ਹਾਂ। ਮੈਂ ਹੈਰਾਨ ਹਾਂ ਕਿ ਦਿੱਲੀ ਪੁਲੀਸ ਦਾ ਇਹ ਕਿਸ ਤਰ੍ਹਾਂ ਦਾ ਜ਼ਾਲਮਾਨਾ, ਬੇਇਨਸਾਫੀ ਵਾਲਾ ਰਵੱਈਆ ਹੈ।’ ਅਦਾਕਾਰਾ ਸਵਰਾ ਭਾਸਕਰ ਨੇ ਟਵੀਟ ਕੀਤਾ, ‘ਦਿਸ਼ਾ ਰਵੀ ਨੂੰ ਰਿਹਾਅ ਕਰੋ।’ ਆਲ ਇੰਡੀਆ ਪ੍ਰੋਗਰੈਸਿਵ ਵਿਮੈਨ ਐਸੋਸੀਏਸ਼ਨ ਦੀ ਸਕੱਤਰ ਕਵਿਤਾ ਕ੍ਰਿਸ਼ਨਨ ਨੇ ਕਿਹਾ ਕਿ ਦਿਸ਼ਾ ਰਵੀ ਲੋਕ ਦੇਸ਼ ਦੀ ਸਭ ਤੋਂ ਵੱਡੀ ਉਮੀਦ ਹਨ, ਕਿਉਂਕਿ ਉਹ ਆਪਣੇ ਬਾਰੇ ਨਹੀਂ ਬਲਕਿ ਭਵਿੱਖੀ ਪੀੜ੍ਹੀਆਂ ਬਾਰੇ ਸੋਚਦੇ ਹਨ। ਉਨ੍ਹਾਂ ਕਿਹਾ ਕਿ ਦਿਸ਼ਾ ਖ਼ਿਲਾਫ਼ ਇਹ ਕੇਸ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਸ਼ਬਨਮ ਹਾਸ਼ਮੀ ਨੇ ਕਿਹਾ ਕਿ ਸਾਡਾ ਦੇਸ਼ ਊਲ-ਜਲੂਲ ਦੀਆਂ ਹੱਦਾਂ ਪਾਰ ਕਰ ਰਿਹਾ ਹੈ ਅਤੇ ਸਾਡਾ ਕੌਮਾਂਤਰੀ ਪੱਧਰ ’ਤੇ ਮਖੌਲ ਉਡ ਰਿਹਾ ਹੈ। ਇਸੇ ਤਰ੍ਹਾਂ ਦਿੱਲੀ ਆਧਾਰਤ ਵਿਗਿਆਨ ਤੇ ਵਾਤਾਵਰਨ ਬਾਰੇ ਕੇਂਦਰ ਦੀ ਮੁਖੀ ਸੁਨੀਤਾ ਨਾਰਾਇਣ ਤੋਂ ਇਲਾਵਾ 50 ਤੋਂ ਵੱਧ ਅਕਾਦਮੀਆਂ, ਕਲਾਕਾਰਾਂ ਤੇ ਸਮਾਜਿਕ ਕਾਰਕੁਨਾਂ ਨੇ ਦਿਸ਼ਾ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ।

ਭਾਜਪਾ ਨੇ ਪੁਲੀਸ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ

ਉਧਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਟਵੀਟ ਕੀਤਾ, ‘ਜੇਕਰ ਉਮਰ ਆਧਾਰ ਹੈ ਤਾਂ ਫਿਰ ਪਰਮਵੀਰ ਚੱਕਰ ਨਾਲ ਨਵਾਜੇ ਗਏ ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ 21 ਸਾਲ ਦੀ ਉਮਰ ’ਚ ਸ਼ਹੀਦ ਹੋਏ। ਮੈਂ ਕਿਸ ’ਤੇ ਮਾਣ ਕਰਾਂ। ਟੂਲਕਿੱਟ ਰਾਹੀਂ ਗਲਤ ਪ੍ਰਚਾਰ ਕਰਨ ਵਾਲਿਆਂ ’ਤੇ ਤਾਂ ਮਾਣ ਨਹੀਂ ਕਰਾਂਗਾ।’ ਭਾਜਪਾ ਦੇ ਜਨਰਲ ਸਕੱਤਰ ਬੀਐੱਲ ਸੰਤੋਸ਼ ਨੇ ਟਵੀਟ ਕੀਤਾ, ‘21 ਸਾਲਾ…ਵਾਤਾਵਰਨ ਕਾਰਕੁਨ…ਕੀ ਭਾਰਤ ਤੋੜਨ ਵਾਲੀਆਂ ਤਾਕਤਾਂ ਦਾ ਹਿੱਸਾ ਬਣਨ ਲਈ ਇਹ ਖੂਬੀਆਂ ਹਨ?’ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਇੱਕ ਅਪਰਾਧੀ ਤਾਂ ਅਪਰਾਧੀ ਹੈ। ਜੇਕਰ ਉਹ ਨਾਬਾਲਗ ਨਹੀਂ ਹੈ ਤਾਂ ਉਸ ਦੇ ਲਿੰਗ ਜਾਂ ਉਮਰ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। 

‘ਆਪ’ ਵੱਲੋਂ ਦਿਸ਼ਾ ਦੀ ਗ੍ਰਿਫ਼ਤਾਰੀ ਦੀ ਨਿੰਦਾ

ਦਿੱਲੀ ਦੇ ਵਿਧਾਇਕ ਤੇ ਜਲ ਬੋਰਡ ਦੇ ਉਪ ਚੇਅਰਮੈਨ ਰਾਘਵ ਚੱਢਾ ਨੇ ਪੁੱਛਿਆ ਕਿ 21 ਸਾਲ ਦੀ ਧੀ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਗਿਆ ਹੈ ਇਹ ਨਹੀਂ ਦੱਸਿਆ ਗਿਆ। ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 56 ਇੰਚ ਦਾ ਸੀਨਾ ਰੱਖਣ ਵਾਲੀ ਸਰਕਾਰ ਇਕ ਟਵੀਟ ਤੋਂ ਹਿੱਲ ਗਈ ਜਦਕਿ ਉਸ ਕੋਲ ਪ੍ਰਚੰਡ ਬਹੁਮੱਤ ਹੈ। ਉੱਧਰ ਰਾਬਰਟ ਵਾਡਰਾ ਨੇ ਕਿਹਾ ਕਿ ਦਿਸ਼ਾ ਨੇ ਕਿਸਾਨਾਂ  ਦੀ ਹਾਲਤ ਦੇਖੀ ਹੋਵੇਗੀ ਕਿ ਉਹ 80 ਦਿਨ ਤੋਂ ਜ਼ਿਆਦਾ ਸਮੇਂ ਤੋਂ ਮੰਗਾਂ ਲਈ ਬੈਠੇ ਹਨ। ‘ਬੇਟੀ-ਪੜ੍ਹਾਓ-ਬੇਟੀ ਬਚਾਓ’ ਆਖਣ ਵਾਲੇ ਹੁਣ ਧੀਆਂ ਦੀ ਆਵਾਜ਼ ਦਬਾ ਰਹੇ ਹਨ।

Leave a Reply

Your email address will not be published. Required fields are marked *