ਕਿਸਾਨਾਂ ਨੂੰ ਸੇਧ ਦੀ ਲੋੜ, ਖੇਤੀ ’ਚ ਸੁਧਾਰ ਲੋੜੀਂਦੇ: ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਨੇੜਿਓਂ ਕੰਮ ਕਰਨ ਦੀ ਲੋੜ ਹੈ। ਵੇਲਾ ਵਿਹਾਅ ਚੁੱਕੇ ਕਾਨੂੰਨਾਂ ਨੂੰ ਖ਼ਤਮ ਕਰਨ ਤੇ ਭਾਰਤ ਵਿਚ ਕਾਰੋਬਾਰ ਸੁਖਾਲਾ ਬਣਾਉਣ ’ਤੇ ਜ਼ੋਰ ਦਿੰਦਿਆਂ ਮੋਦੀ ਨੇ ਕਿਹਾ ਕਿ ਸਰਕਾਰ ਦੇ ‘ਆਤਮਨਿਰਭਰ ਭਾਰਤ ਪ੍ਰੋਗਰਾਮ’ ਦਾ ਹਿੱਸਾ ਬਣਨ ਦਾ ਪ੍ਰਾਈਵੇਟ ਖੇਤਰ ਨੂੰ ਪੂਰਾ ਮੌਕਾ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਅੱਜ ਨੀਤੀ ਆਯੋਗ ਦੀ ਛੇਵੀਂ ਗਵਰਨਿੰਗ ਕੌਂਸਲ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਵਸਤਾਂ ਜਿਵੇਂ ਖਾਣਯੋਗ ਤੇਲਾਂ ਦੇ ਉਤਪਾਦਨ ਤੇ ਇਨ੍ਹਾਂ ਦੀ ਦਰਾਮਦ ਘਟਾਉਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ‘ਕਰੀਬ 65 ਹਜ਼ਾਰ ਕਰੋੜ ਰੁਪਏ ਖਾਣਯੋਗ ਤੇਲਾਂ ਦੀ ਦਰਾਮਦ ਉਤੇ ਖ਼ਰਚ ਹੁੰਦੇ ਹਨ ਜੋ ਕਿ ਸਾਡੇ ਦੇਸ਼ ਦੇ ਕਿਸਾਨਾਂ ਨੂੰ ਮਿਲਣੇ ਚਾਹੀਦੇ ਹਨ। ਕਿਸਾਨਾਂ ਨੂੰ ਸੇਧ ਦੇ ਕੇ ਅਜਿਹਾ ਕੀਤਾ ਜਾ ਸਕਦਾ ਹੈ।’ ਮੋਦੀ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਦੀ ਉਤਪਾਦਨ ਵਧਾਉਣ ਤੇ ਦਰਾਮਦ ਘਟਾਉਣ ਵਿਚ ਮਦਦ ਕਰਨਗੀਆਂ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਲਈ ਕਿਸਾਨਾਂ ਨੂੰ ਪੈਸਾ ਤੇ ਤਕਨੀਕ ਦੇਣ ਲਈ ਸੁਧਾਰ ਲੋੜੀਂਦੇ ਹਨ। ਮੋਦੀ ਨੇ ਕਿਹਾ ਕਿ ‘ਮੁਲਕ ਦੀ ਤਰੱਕੀ ਦਾ ਅਧਾਰ ਸਹਿਕਾਰੀ ਸੰਘਵਾਦ ਹੈ ਤੇ ਅੱਜ ਦੀ ਮੀਟਿੰਗ ਇਹੀ ਸੋਚਣ ਲਈ ਹੈ ਕਿਵੇਂ ਇਸ ਨੂੰ ਮਜ਼ਬੂਤ ਕੀਤਾ ਜਾਵੇ।’ ਪ੍ਰਧਾਨ ਮੰਤਰੀ ਨੇ ਨੇਮਾਂ ਦਾ ਬੋਝ ਘਟਾਉਣ ਤੇ ਪੁਰਾਣੇ ਕਾਨੂੰਨਾਂ ਨੂੰ ਰੱਦ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

Leave a Reply

Your email address will not be published. Required fields are marked *