ਪੂਰਬੀ ਲੱਦਾਖ ’ਚ ਹੋਰ ਥਾਵਾਂ ਤੋਂ ਫ਼ੌਜਾਂ ਪਿੱਛੇ ਹਟਾਉਣ ਬਾਰੇ ਭਾਰਤ-ਚੀਨ ਵਿਚਾਲੇ ਹੋਈ ਗੱਲਬਾਤ

ਨਵੀਂ ਦਿੱਲੀ : ਪੂਰਬੀ ਲੱਦਾਖ ਦੇ ਹੌਟ ਸਪਰਿੰਗਸ, ਗੋਗਰਾ ਅਤੇ ਦੇਪਸਾਂਗ ਇਲਾਕਿਆਂ ’ਚੋਂ ਫ਼ੌਜਾਂ ਪਿੱਛੇ ਹਟਾਉਣ ਲਈ ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਕਾਰ ਅੱਜ 10ਵੇਂ ਗੇੜ ਦੀ ਵਾਰਤਾ ਹੋਈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਖ਼ਿੱਤੇ ’ਚ ਤਣਾਅ ਘਟਾਉਣ ਬਾਰੇ ਵੀ ਕੋਰ ਕਮਾਂਡਰਾਂ ਨੇ ਚਰਚਾ ਕੀਤੀ। ਪੈਂਗੌਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ਤੋਂ ਫ਼ੌਜਾਂ ਦੀ ਮੁਕੰਮਲ ਵਾਪਸੀ ਦੇ ਦੋ ਦਿਨਾਂ ਬਾਅਦ ਦੋਵੇਂ ਮੁਲਕਾਂ ਵਿਚਕਾਰ ਇਹ ਗੱਲਬਾਤ ਹੋਈ ਹੈ। ਮੀਟਿੰਗ ਸਵੇਰੇ 10 ਵਜੇ ਅਸਲ ਕੰਟਰੋਲ ਰੇਖਾ ’ਤੇ ਚੀਨੀ ਇਲਾਕੇ ’ਚ ਪੈਂਦੇ ਮੋਲਡੋ ਸਰਹੱਦੀ ਨਾਕੇ ’ਤੇ ਸ਼ੁਰੂ ਹੋਈ। ਸੂਤਰਾਂ ਨੇ ਕਿਹਾ ਕਿ ਗੱਲਬਾਤ ਦਾ ਮੁੱਖ ਵਿਸ਼ਾ ਸਰਹੱਦੀ ਇਲਾਕਿਆਂ ਤੋਂ ਫ਼ੌਜਾਂ ਪਿੱਛੇ ਹਟਾਉਣਾ ਰਿਹਾ। 

ਭਾਰਤੀ ਵਫ਼ਦ ਦੀ ਅਗਵਾਈ ਲੇਹ ਆਧਾਰਿਤ 14 ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਪੀ ਜੀ ਕੇ ਮੈਨਨ ਅਤੇ ਚੀਨ ਵੱਲੋਂ ਕਮਾਂਡਰ ਮੇਜਰ ਜਨਰਲ ਲਿਯੂ ਲਿਨ ਕਰ ਰਹੇ ਸਨ। ਪਿਛਲੇ 9 ਗੇੜਾਂ ਦੀ ਵਾਰਤਾ ਦੌਰਾਨ ਭਾਰਤ ਨੇ ਪੈਂਗੌਂਗ ਝੀਲ ਦੇ ਉੱਤਰੀ ਕੰਢੇ ਦੇ ਫਿੰਗਰ 4 ਤੋਂ ਫਿੰਗਰ 8 ਇਲਾਕਿਆਂ ’ਚੋਂ ਚੀਨੀ ਫ਼ੌਜ ਦੀ ਵਾਪਸੀ ’ਤੇ ਜ਼ੋਰ ਦਿੱਤਾ ਸੀ। ਉਧਰ ਚੀਨ ਵੀ ਦਬਾਅ ਬਣਾ ਰਿਹਾ ਸੀ ਕਿ ਭਾਰਤੀ ਫ਼ੌਜਾਂ ਝੀਲ ਦੇ ਦੱਖਣੀ ਕੰਢੇ ਤੋਂ ਪਿਛਾਂਹ ਹਟਣ। ਬਾਅਦ ’ਚ ਦੋਵੇਂ ਮੁਲਕਾਂ ਨੇ ਸਮਝੌਤਾ ਕਰ ਲਿਆ ਸੀ ਅਤੇ ਪੈਂਗੌਂਗ ਝੀਲ ਤੋਂ ਫ਼ੌਜਾਂ ਪਿੱਛੇ ਪਰਤ ਗਈਆਂ ਸਨ। –

Leave a Reply

Your email address will not be published. Required fields are marked *