ਕਿਸਾਨਾਂ ਦਾ ਮੁੱਦਾ ਉਠਾਉਣਾ ਜੇਕਰ ਦੇਸ਼ਧ੍ਰੋਹ ਹੈ ਤਾਂ ਮੈਂ ਜੇਲ੍ਹ ਵਿੱਚ ਹੀ ਠੀਕ: ਦਿਸ਼ਾ

ਨਵੀਂ ਦਿੱਲੀ : ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੇ ਵਕੀਲ ਨੇ ਅੱਜ ਇਥੋਂ ਦੀ ਅਦਾਲਤ ’ਚ ਕਿਹਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੇ ਟੂਲਕਿੱਟ ਨੂੰ 26 ਜਨਵਰੀ ਨੂੰ ਹੋਈ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਣ ਸਬੰਧੀ ਕੋਈ ਸਬੂਤ ਨਹੀਂ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਮੰਗਲਵਾਰ ਲਈ ਰਾਖਵਾਂ ਰੱਖ ਲਿਆ ਹੈ। ਦਿਸ਼ਾ ਨੇ ਆਪਣੇ ਵਕੀਲ ਰਾਹੀਂ ਅਦਾਲਤ ’ਚ ਕਿਹਾ,‘‘ਜੇਕਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਆਲਮੀ ਪੱਧਰ ’ਤੇ ਉਠਾਉਣਾ ਦੇਸ਼ਧ੍ਰੋਹ ਹੈ ਤਾਂ ਮੈਂ ਜੇਲ੍ਹ ’ਚ ਹੀ ਠੀਕ ਹਾਂ।’’ ਦਿੱਲੀ ਪੁਲੀਸ ਵੱਲੋਂ ਦਿਸ਼ਾ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤੇ ਜਾਣ ਮਗਰੋਂ ਉਸ ਦੇ ਵਕੀਲ ਨੇ ਇਹ ਦਲੀਲ ਦਿੱਤੀ। ਪੁਲੀਸ ਨੇ ਦੋਸ਼ ਲਾਇਆ ਕਿ ਦਿਸ਼ਾ ਖਾਲਿਸਤਾਨੀ ਸਮਰਥਕਾਂ ਨਾਲ ਟੂਲਕਿੱਟ ਤਿਆਰ ਕਰ ਰਹੀ ਸੀ ਅਤੇ ਉਹ ਭਾਰਤ ਨੂੰ ਬਦਨਾਮ ਕਰਨ ਤੇ ਕਿਸਾਨਾਂ ਦੇ ਪ੍ਰਦਰਸ਼ਨ ਦੀ ਆੜ ਹੇਠ ਮੁਲਕ ’ਚ ਅਸ਼ਾਂਤੀ ਪੈਦਾ ਕਰਨ ਦੀ ਆਲਮੀ ਸਾਜ਼ਿਸ਼ ਦਾ ਹਿੱਸਾ ਸੀ। ਦਿੱਲੀ ਪੁਲੀਸ ਨੇ ਦਿਸ਼ਾ ’ਤੇ ਇਹ ਵੀ ਦੋਸ਼ ਲਾਏ ਕਿ ਉਸ ਨੇ ਵਟਸਐਪ ’ਤੇ ਹੋਈ ਚੈਟ, ਈ-ਮੇਲ ਤੇ ਹੋਰ ਸਬੂਤਾਂ ਨੂੰ ਮਿਟਾ ਦਿੱਤਾ ਹੈ ਅਤੇ ਉਹ ਜਾਣਦੀ ਸੀ ਕਿ ਉਸ ਨੂੰ ਕਿਹੋ ਜਿਹੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿਸ਼ਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦਾ ਸਬੰਧ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਨਾਲ ਜੋੜਨ ਲਈ ਕੋਈ ਸਬੂਤ ਨਹੀਂ ਹੈ ਅਤੇ ਜੇਕਰ ਉਹ ਕਿਸੇ ਨਾਲ ਮਿਲੀ ਵੀ ਸੀ ਤਾਂ ਉਸ ਵਿਅਕਤੀ ’ਤੇ ਵੱਖਵਾਦੀ ਹੋਣ ਦਾ ਠੱਪਾ ਨਹੀਂ ਲੱਗਾ ਹੋਇਆ ਸੀ। ਵਕੀਲ ਨੇ ਦਾਅਵਾ ਕੀਤਾ ਕਿ 26 ਜਨਵਰੀ ਨੂੰ ਲਾਲ ਕਿਲੇ ’ਤੇ ਹੋਈ ਹਿੰਸਾ ਦੇ ਸਬੰਧ ’ਚ ਗ੍ਰਿਫ਼ਤਾਰ ਕੀਤੇ ਗਏ ਕਿਸੇ ਵੀ ਵਿਅਕਤੀ ਨੇ ਇਹ ਨਹੀਂ ਆਖਿਆ ਕਿ ਉਹ ਟੂਲਕਿੱਟ ਤੋਂ ਪ੍ਰੇਰਿਤ ਹੋਇਆ ਸੀ। ਉਨ੍ਹਾਂ ਐੱਫਆਈਆਰ ’ਚ ਲਗਾਏ ਗਏ ਦੋਸ਼ਾਂ ’ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਲੋਕਾਂ ਦੇ ਕਿਸੇ ਇਕ ਵਿਸ਼ੇ ’ਤੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਹਨ। ਦਿਸ਼ਾ ਦੇ ਵਕੀਲ ਨੇ ਕਿਹਾ,‘‘ਐੱਫਆਈਆਰ ’ਚ ਦੋਸ਼ ਲਾਇਆ ਗਿਆ ਹੈ ਕਿ ਯੋਗ ਅਤੇ ਚਾਹ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੀ ਇਹ ਜੁਰਮ ਹੈ? ਕੀ ਅਸੀਂ ਹੁਣ ਇਹ ਵੀ ਪਾਬੰਦੀ ਲਗਾਉਣ ਜਾ ਰਹੇ ਹਾਂ ਕਿ ਕੋਈ ਵਿਅਕਤੀ ਵੱਖਰੀ ਰਾਏ ਨਹੀਂ ਰੱਖ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਕਸ਼ਮੀਰ ’ਚ ਕਥਿਤ ਕਤਲੇਆਮ ਬਾਰੇ ਕਈ ਵਰ੍ਹਿਆਂ ਤੋਂ ਗੱਲਾਂ ਹੋ ਰਹੀਆਂ ਹਨ। ‘ਇਸ ਬਾਰੇ ਗੱਲ ਕਰਨਾ ਅਚਾਨਕ ਦੇਸ਼ਧ੍ਰੋਹ ਕਿਵੇਂ ਹੋ ਗਿਆ?’ –

Leave a Reply

Your email address will not be published. Required fields are marked *