ਬੰਗਾਲ ਦੇ ਲੋਕਾਂ ਨੇ ‘ਅਸਲ ਬਦਲਾਅ’ ਲਈ ਮਨ ਬਣਾਇਆ: ਮੋਦੀ

ਚੁਚੁੜਾ/ਗੁਹਾਟੀ : ਮਮਤਾ ਬੈਨਰਜੀ ਸਰਕਾਰ ’ਤੇ ਤਿੱਖਾ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ‘ਸਿੰਡੀਕੇਟ ਰਾਜ’ ਹੈ ਤੇ ਕਿਸੇ ਵੀ ਖੇਤਰ ਵਿਚ ਕੋਈ ਵੀ ਕੰਮ ‘ਕੱਟ ਮਨੀ’ (ਅਦਾਇਗੀ) ਬਿਨਾਂ ਨਹੀਂ ਹੁੰਦਾ। ਮੋਦੀ ਨੇ ਟੀਐਮਸੀ ਸਰਕਾਰ ’ਤੇ ਆਪਣੀ ਵੋਟ ਬੈਂਕ ਬਚਾਉਣ ਲਈ ‘ਖ਼ੁਸ਼ ਕਰਨ ਦੀ ਸਿਆਸਤ’ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮਮਤਾ ਸਰਕਾਰ ਆਪਣੀ ਸਭਿਆਚਾਰਕ ਵਿਰਾਸਤ ਤੇ ਆਦਰਸ਼ਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਟੀਐਮਸੀ ਸਰਕਾਰ ਨੇ ਲੋਕਾਂ ਨੂੰ ਕੇਂਦਰੀ ਸਕੀਮਾਂ ਦੇ ਲਾਭ ਤੋਂ ਵਾਂਝਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਮਮਤਾ ਸਰਕਾਰ ’ਤੇ ਉਦਯੋਗਿਕ ਵਿਕਾਸ, ਜੂਟ ਸਨਅਤ ਦੀ ਅਣਦੇਖੀ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਤੇ ਹੁਣ ਉਹ ‘ਅਸਲ ਬਦਲਾਅ’ ਲਿਆਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਬੰਗਾਲ ਨੂੰ ਅਜਿਹੀ ਸਰਕਾਰ ਦੇਵੇਗੀ ਜੋ ਕਿ ਹਰ ਵਰਗ ਦਾ ਵਿਕਾਸ ਸੰਭਵ ਬਣਾਏਗੀ। ਮੋਦੀ ਨੇ ਕਿਹਾ ਕਿ ਬੰਗਾਲ ਲਈ ਨਿਵੇਸ਼ਕਾਂ ਦੀ ਕਮੀ ਨਹੀਂ ਹੈ ਪਰ ਜਿਸ ਤਰ੍ਹਾਂ ਗੁੱਟਬਾਜ਼ੀ ਕੀਤੀ ਜਾਂਦੀ ਹੈ, ਉਸ ਤੋਂ ਨਿਵੇਸ਼ਕ ਬੰਗਾਲ ਵਿਚ ਪੈਸਾ ਲਾਉਣ ਤੋਂ ਪਿੱਛੇ ਹਟਦੇ ਹਨ। ਇਸ ਤੋਂ ਪਹਿਲਾਂ ਅਸਾਮ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸਾਮ ਦੀਆਂ ਪਿਛਲੀਆਂ ਸਰਕਾਰਾਂ ਨੇ ਸੂਬੇ ਨਾਲ ‘ਮਤਰੇਈ ਮਾਂ’ ਵਾਲਾ ਸਲੂਕ ਕੀਤਾ ਤੇ ਸੰਪਰਕ, ਸਿਹਤ, ਸਿੱਖਿਆ ਤੇ ਸਨਅਤਾਂ ਜਿਹੇ ਅਹਿਮ ਖੇਤਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਕਿਹਾ ਕਿ ਦੀਸਪੁਰ ਤੋਂ ਦਿੱਲੀ ਹੁਣ ਦੂਰ ਨਹੀਂ ਹੈ, ਦਿੱਲੀ ਤੁਹਾਡੀਆਂ ਬਰੂਹਾਂ ’ਤੇ ਹੈ। ਜ਼ਿਕਰਯੋਗ ਹੈ ਕਿ ਅਸਾਮ, ਪੱਛਮੀ ਬੰਗਾਲ, ਪੁਡੂਚੇਰੀ, ਤਾਮਿਲ ਨਾਡੂ ਤੇ ਕੇਰਲਾ ਵਿਚ ਚੋਣਾਂ ਹੋਣ ਵਾਲੀਆਂ ਹਨ। ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫ਼ਤੇ ਇਨ੍ਹਾਂ ਰਾਜਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਸਕਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਵਿੱਚ ਤੇਲ-ਗੈਸ ਨਾਲ ਸਬੰਧਤ 3,222 ਕਰੋੜ ਰੁਪੲੇ ਦੀ ਲਾਗਤ ਵਾਲੇ ਤਿੰਨ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤੇ। ਉਨ੍ਹਾਂ 44.98 ਕਰੋੜ ਰੁਪੲੇ ਦੀ ਲਾਗਤ ਨਾਲ ਤਿਆਰ ਇੰਜਨੀਅਰਿੰਗ ਕਾਲਜ ਦਾ ਉਦਘਾਟਨ ਵੀ ਕੀਤਾ। 

ਅਸਾਮ ’ਚ ਮੋਦੀ ‘ਪਰਵਾਸੀ ਪੰਛੀ’ ਵਾਂਗ ਫੇਰਾ ਪਾਉਂਦੇ ਨੇ: ਮਹਾਗੱਠਜੋੜ 

ਗੁਹਾਟੀ:ਅਸਾਮ ਵਿਚ ਕਾਂਗਰਸ ਦੀ ਅਗਵਾਈ ਵਾਲੇ ਮਹਾਗੱਠਜੋੜ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਵਿਚ ‘ਪਰਵਾਸੀ ਪੰਛੀ’ ਦੀ ਤਰ੍ਹਾਂ ਹਨ। ਉਹ ਆਉਂਦੇ ਤਾਂ ਰਹਿੰਦੇ ਹਨ ਪਰ ਰਾਜ ਦੀ ਕੋਈ ਮੁਸ਼ਕਲ ਹੱਲ ਨਹੀਂ ਕਰਦੇ। ਗੱਠਜੋੜ ਨੇ ਮੋਦੀ ਨੂੰ ਸੀਏਏ, ਰੁਜ਼ਗਾਰ, ਮਹਿੰਗਾਈ ਤੇ ਚਾਹ ਦੇ ਬਾਗਾਂ ਵਿਚ ਕੰਮ ਕਰਦੇ ਵਰਕਰਾਂ ਬਾਰੇ ਕਈ ਸਵਾਲ ਪੁੱਛੇ ਸਨ। ਕਾਂਗਰਸ ਤੋਂ ਇਲਾਵਾ ਏਆਈਯੂਡੀਐਫ, ਸੀਪੀਆਈ, ਸੀਪੀਐਮ, ਸੀਪੀਆਈ (ਐਮਐਲ) ਗੱਠਜੋੜ ਦਾ ਹਿੱਸਾ ਹਨ। 

Leave a Reply

Your email address will not be published. Required fields are marked *