ਕਵੀ-ਦਰਬਾਰਾਂ ਦੀ ਸ਼ਾਨ, ਨਾਮਵਰ ਕਵਿੱਤਰੀ ਤੇ ਸਟੇਜ-ਸੰਚਾਲਕਾ : ਮੁਟਿਆਰ ਬਲਵੀਰ ਕੌਰ ਰਾਮਗੜ ਸਿਵੀਆਂ

ਪਲੇਠਾ ਕਾਵਿ-ਸੰਗ੍ਰਹਿ, ”ਪਹਿਲੀ ਪਰਵਾਜ਼” ਪਾਠਕਾਂ ਦੇ ਹੱਥਾਂ ਵਿਚ ਪਹੁੰਚਾਉਣ ਤੋਂ ਬਾਅਦ ਦੂਸਰੀ ਕਿਤਾਬ ਪ੍ਰੈਸ ਵਿਚ ਭੇਜਣ ਦੀ ਤਿਆਰੀ ਕਰ ਰਹੀ ਬਲਵੀਰ ਕੌਰ ਸਿਵੀਆਂ ਰਾਮਗੜ ਜਿੱਥੇ ਪੁਸਤਕ ਅਤੇ ਅਖ਼ਬਾਰਾਂ ਦੁਆਰਾ ਆਪਣੀ ਕਲਮ ਦਾ ਸਿੱਕਾ ਜਮਾ ਚੁੱਕੀ ਹੈ, ਉਥੇ ਕਵੀ-ਦਰਬਾਰਾਂ ਦੁਆਰਾ ਸਟੇਜ-ਸੰਚਾਲਕਾ ਅਤੇ ਮਿੱਠੀ-ਸੁਰੀਲੀ ਅਵਾਜ਼ ਦੀ ਗਾਇਕਾ ਵੱਜੋਂ ਵੀ ਆਪਣੀ ਨਿਵੇਕਲੀ ਪਛਾਣ ਬਣਾ ਚੁੱਕੀ ਹੈ। ਜਿਲਾ ਲੁਧਿਆਣਾ ਦੇ ਪਿੰਡ ਮਲਕਪੁਰ ਬੇਟ ਵਿਚ ਪਿਤਾ ਸ੍ਰ. ਬੰਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਸੁਰਜੀਤ ਕੌਰ ਦੀ ਪਾਕ ਕੁੱਖੋਂ ਪੈਦਾ ਹੋਈ ਬਲਵੀਰ ਦੱਸਦੀ ਹੈ ਕਿ ਗਾਉਣ ਦਾ ਸ਼ੌਂਕ ਉਸਨੂੰ ਬਚਪਨ ਤੋਂ ਹੀ ਸੀ, ਜਦ ਕਿ ਲਿਖਣ ਦਾ ਸ਼ੌਂਕ ਬੀ. ਏ. ਕਰਦੇ ਸਮੇਂ ਪੈਦਾ ਹੋਇਆ, ਜਿਹੜਾ ਕਿ ਐੱਮ. ਏ, ਬੀ ਐੱਡ ਦੀ ਪੜਾਈ ਕਰਨ ਤੱਕ ਪੂਰੀ ਸਰਗਰਮੀ ਨਾਲ ਜਾਰੀ ਰਿਹਾ। ਕਵਿਤਾਵਾਂ ਨੂੰ ਸੋਧ ਕੇ ਲਿਖਣ ਲਈ ਪ੍ਰੇਰਿਤ ਕਰਨ ‘ਚ ਵਿਸ਼ੇਸ਼ ਭੂਮਿਕਾ ਉਸ ਦੇ ਉਸਤਾਦ ਸ. ਬਲਿਹਾਰ ਸਿੰਘ ਗੋਬਿੰਦਗੜੀਆ ਦੀ ਹੈ।

          ਸੱਤਿਆ ਭਾਰਤੀ ਸਕੂਲ ਰਾਮਗੜ ਸਿਵੀਆਂ ਤੋਂ ਬਾਅਦ ਅੱਜ-ਕੱਲ ਸੱਤਿਆ ਭਾਰਤੀ ਸਕੂਲ, ਜੱਟ ਪੁਰਾ  ਵਿਖੇ ਬਤੌਰ ਪੰਜਾਬੀ ਅਧਿਆਪਕਾ ਸੇਵਾਵਾਂ ਨਿਭਾ ਰਹੀ ਇਹ ਮੁਟਿਆਰ ਇਕ ਦਹਾਕੇ ਦਾ ਟੀਚਿੰਗ-ਤਜ਼ਰਬਾ ਰੱਖਦੀ ਹੋਣ ਕਰਕੇ ਉਸ ਦੀਆਂ ਸੇਵਾਵਾਂ ਸਿਰਫ ਸਲੇਬਸ ਦੀ ਪੜਾਈ ਤੱਕ ਹੀ ਸੀਮਿਤ ਨਹੀ ਹਨ। ਉਹ ਬੱਚਿਆਂ ਨੂੰ ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਦੇ ਉਪਰਾਲਿਆਂ ਵਿਚ ਲਿਖਣ ਵੱਲ ਵੀ ਪ੍ਰੇਰਿਤ ਕਰਦੀ ਹੈ ਅਤੇ ਉਹ ਨਾਟਕ ਆਪ ਲਿਖ ਕੇ ਬੱਚਿਆਂ ਦੀ ਖੁਦ ਕੋਰਿਓਗਰਾਫ਼ੀ ਅਤੇ ਨਾਟਕਾਂ ਦੀ ਤਿਆਰੀ ਵੀ ਕਰਾਉਂਦੀ ਹੈ, ਜਿਸ ਨੂੰ ਸਕੂਲ-ਸਟਾਫ ਅਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਪਿਆਰ ਤੇ ਸਤਿਕਾਰ ਮਿਲਦਾ ਆ ਰਿਹਾ ਹੈ। ਇਸ ਤੋਂ ਇਲਾਵਾ ਸਕੂਲ ਦੇ ਪ੍ਰੋਗਰਾਮਾਂ ਵਿਚ ਸਟੇਜ਼-ਸੰਚਾਲਕਾ ਦੀ ਭੂਮਿਕਾ ਵੀ ਉਹ ਹੀ ਨਿਭਾਉਂਦੀ ਹੈ। 

          ਜ਼ਿਲਾ ਲੁਧਿਆਣਾ ਦੇ ਪਿੰਡ ਰਾਮਗੜ ਸਿਵੀਆਂ ਵਿਖੇ ਆਪਣੇ ਜੀਵਨ-ਸਾਥੀ ਸ. ਇੰਦਰਜੀਤ ਸਿੰਘ ਅਤੇ ਦੋ ਬੇਟੀਆਂ ਸਮੇਤ ਸਾਂਝੇ ਪਰਿਵਾਰ ਵਿਚ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੀ ਬਲਵੀਰ ਨੇ ਦੱਸਿਆ ਕਿ ਪਰਿਵਾਰ ਦੇ ਸਹਿਯੋਗ ਸਦਕਾ ਹੀ ਉਹ ਆਪਣਾ ਲਿਖਣ ਦਾ ਸੁਪਨਾ ਪੂਰਾ ਕਰ ਰਹੀ ਹੈ।  ਸਿਵੀਆਂ ਦੀ ਕਲਮ ਦਾ ਨਮੂਨਾ ਦੇਖੋ :

”ਦੇਸ਼ ਦਿਓ ਹਾਕਮੋਂ ਆਹ ਦੇਖਲੋ ਗਰੀਬਾਂ ਨੂੰ,

ਬਾਲ-ਮਜਦੂਰੀ ਕਰਦੇ ਬਦ-ਨਸੀਬਾਂ ਨੂੰ।

ਸ਼ੌਕ ਨਹੀਂ ਇਹਨਾਂ ਦਾ, ਇਹ ਹੈਗੀ ਮਜਬੂਰੀ ਆ,

ਹੋਣੀ ਕਦੋਂ ਖਤਮ ਇਹ ਬਾਲ ਮਜਦੂਰੀ ਆ?

ਭੱਠੇ ਉੱਤੇ ਇੱਟਾਂ ਪਾਉਂਦੇ ਨਿੱਕੇ ਨਿੱਕੇ ਬਾਲ ਨੇ,

ਸੜਕਾਂ ਤੇ ਲੁੱਕ ਪਾਉਂਦੇ ਹੋਏ ਬੁਰੇ ਹਾਲ ਨੇ।

ਢਾਬਿਆਂ ਤੇ ਜੂਠੇ ਭਾਂਡੇ ਧੋਣੇ ਕੀ ਜਰੂਰੀ ਆ?

ਹੋਣੀ ਕਦੋਂ ਖਤਮ . . . . . ?

ਇਹਨਾਂ ਵਾਰੇ ਸੋਚਿਆ ਨਹੀਂ ਕੁੱਝ ਸਰਕਾਰ ਨੇ।

”ਬਲਵੀਰ ਕੌਰ ਸਿਵੀਆਂ” ਦੇ ਇਹ ਵਿਚਾਰ ਨੇ।

ਇਹਨਾਂ ਪੱਲੇ ਡਰ, ਸਹਿਮ, ਝਿੜਕਾਂ ਤੇ ਘੂਰੀ ਆ,

ਹੋਣੀ ਕਦੋਂ ਖਤਮ ਇਹ ਬਾਲ ਮਜਦੂਰੀ ਆ ?”

          ਮਾਨ-ਸਨਮਾਨਾਂ ਦੀ ਲੜੀ ਵਿਚ ਜਿੱਥੇ ਬਲਵੀਰ ਕੌਰ ਨੂੰ ਸੱਤਿਆ ਭਾਰਤੀ ਸਕੂਲ ਦੌਰਾਨ ਉਸ ਵੱਲੋਂ ਨਿਭਾਈਆਂ ਸੇਵਾਵਾਂ ਬਦਲੇ, ”ਵਧੀਆ ਅਧਿਆਪਕਾ” ਅਤੇ ”ਵਧੀਆ ਸਟੇਜ-ਸੰਚਾਲਕਾ” ਦੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਉਥੇ, ਉਸਦੀਆਂ ਸਾਹਿਤਕ ਤੇ ਸੱਭਿਆਚਾਰਕ ਪ੍ਰਾਪਤੀਆਂ ਦੀ ਕਦਰ ਪਾਂਉਂਦਿਆਂ, ”ਸੁਰਤਾਲ ਕਲੱਬ”, ”ਪ੍ਰੈੱਸ ਕਲੱਬ ਰਾਏਕੋਟ”, ”ਅਦਾਰਾ ਅਦਬੀ ਸਾਂਝ, ਮਾਸਿਕ ਮੈਗਜ਼ੀਨ”, ”ਮਹਿਲ ਕਲਾਂ, ਡੀ. ਸੀ. ਬਰਨਾਲਾ, ਭਾਸ਼ਾ ਵਿਭਾਗ ਪਟਿਆਲਾ ਅਤੇ ਪੰਜਾਬੀ ਲਿਖਾਰੀ ਸਭਾ ਮਕਸੂਦੜਾਂ (ਜਿਨਾਂ ਦੀ ਕਿ ਉਹ ਕਾਰਜਕਾਰੀ ਮੈਂਬਰ ਵੀ ਹੈ) ਆਦਿ ਵੱਲੋਂ ਵੀ ਬੜੀ ਸ਼ਾਨੋ-ਸ਼ੌਕਤ ਨਾਲ ਉਸ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪੰਜਾਬੀ ਮਾਂ-ਬੋਲੀ ਅਤੇ ਆਪਣੇ ਵੱਡਮੁੱਲੇ ਸੱਭਿਆਚਾਰਕ ਵਿਰਸੇ ਦੀਆਂ ਮਹਿਕਾਂ ਵਿਖੇਰਦੀ ਇਸ ਤਪੱਸਵੀ ਮੁਟਿਆਰ ਲਈ ਉਹ ਦਿਨ ਦੂਰ ਨਹੀ ਜਦੋਂ ਉਸ ਦੀ ਤਪੱਸਿਆ ਨੂੰ ਭਰਵਾਂ ਬੂਰ ਪੈਣ ਦੇ ਨਤੀਜਨ ਉਸਦੀ ਝੋਲੀ ਉਚ ਮਾਨ-ਸਨਮਾਨਾਂ ਨਾਲ ਭਰੀ ਨਜ਼ਰੀ ਆਵੇਗੀ।  ਰੱਬ ਕਰੇ !  ਇਸ ਮੁਟਿਆਰ ਲਈ ਉਹ ਸੁਲੱਖਣੇ ਪੱਲ ਜਲਦੀ ਆਉਣ ! 

           -ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641

ਸੰਪਰਕ : ਬਲਵੀਰ ਕੌਰ ਰਾਮਗੜ ਸਿਵੀਆਂ, 8360687887

Leave a Reply

Your email address will not be published. Required fields are marked *