ਮਹਿਰਾਜ ਵਿਖੇ ਉਮੜਿਆ ਨੌਜਵਾਨਾਂ ਦਾ ਜਨ ਸੈਲਾਬ


ਕਿਸਾਨੀ ਨਾ ਬਚੀ ਤਾਂ ਸਾਡੀਆਂ ਫ਼ਸਲਾਂ ਅਤੇ ਨਸਲਾਂ ਖ਼ਤਮ ਹੋ ਜਾਣਗੀਆਂ : ਲੱਖਾ ਸਿਧਾਣਾ

ਬਠਿੰਡਾ  : ਬੀਤੀ 26 ਜਨਵਰੀ ਨੂੰ ਦਿੱਲੀ ਵਿਖੇ ਹੋਏ ਦਿਖਾਵਿਆਂ ਦੇ ਦੋਸ਼ ਲਗਾ ਜੇ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੱਧੂ ਤੇ ਹੋਰਨਾਂ ਲੋਕਾਂ ਦੀ ਰਿਹਾਈ ਅਤੇ ਕੇਸ ਰੱਦ ਕਰਨ ਦੇ ਸਮਰਥਨ ਵਿੱਚ ਇਤਿਹਾਸਕ ਪਿੰਡ ਮਹਿਰਾਜ ਵਿਖੇ ਪੰਜਾਬ ਦੇ ਨੌਜਵਾਨਾਂ ਦੀ ਹੋਈ ਵਿਸ਼ਾਲ ਰੈਲੀ ਇਤਿਹਾਸਕ ਹੋ ਨਿਬੜੀ। ਇਹ ਉਨ੍ਹਾਂ ਨੌਜਵਾਨਾਂ ਦਾ ਇਕੱਠ ਸੀ ਜੋ ਬਿਨਾਂ ਕਿਸੇ ਯੋਜਨਾਬੰਦੀ ਦੇ ਆਪ ਮੁਹਾਰੇ ਪੰਜਾਬ ਦੇ ਹਿੱਤਾਂ ਲਈ ਵੱਡੀ ਗਿਣਤੀ ਵਿੱਚ ਜੁੜਿਆ। ਜ਼ਿਕਰਯੋਗ ਹੈ ਕਿ ਦਿਲੀ ਦੀਆਂ ਹੱਦਾਂ ’ਤੇ ਲੱਗੇ ਧਰਨਿਆਂ ਦੀਆਂ ਸਟੇਜਾਂ ਤੋਂ ਬਜ਼ੁਰਗ ਆਗੂਆਂ ਵੱਲੋਂ ਨੌਜਾਵਾਨਾਂ ਨੂੰ ਲਗਾਤਾਰ ਚੁਜ਼ੌਤੀ ਦਿੱਤੀ ਜਾ ਰਹੀ ਸੀ ਕਿ ਜੇ ਉਨ੍ਹਾਂ ਵਿੱਚ ਦਮ ਹੈ ਤਾਂ ਇਕੱਠ ਕਰਕੇ ਦਿਖਾ ਦੇਣਾ ਪਰ ਬਜ਼ੁਰਗ ਆਗੂਆਂ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹੋਏ ਨੌਜਵਾਨਾਂ ਨੇ ਜਿੰਨਾ ਵੱਡਾ ਇਕੱਠ ਕਰਕੇ ਵਿਖਾ ਦਿੱਤਾ ਇਸਦੀ ਉਮੀਦ ਏਜੰਸੀਆਂ ਸਮੇਤ ਕਿਸੇ ਨੂੰ ਵੀ ਨਹੀਂ ਸੀ।

ਦਿੱਲੀ ਤੇ ਪੰਜਾਬ ਪੁਲਿਸ ਦੀ ਚੌਕਸੀ ਉੱਤੇ ਉਦੋਂ ਸਵਾਲੀਆ ਨਿਸ਼ਾਨ ਲੱਗ ਗਿਆ ਜਦੋਂ ਦਿੱਲੀ ਪੁਲਿਸ ਵੱਲੋਂ 26 ਜਨਵਰੀ ਦੀਆਂ ਘਟਨਾਵਾਂ ਵਿੱਚ ਨਾਮਜ਼ਦ ਲੱਖਾ ਸਿਧਾਣਾ ਵੀ ਇਸ ਵਿਸ਼ਾਲ ਰੈਲੀ ਵਿੱਚ ਪਹੁੰਚ ਗਿਆ। ਹਾਲਾਂਕਿ ਉਸਨੇ ਪਹਿਲਾਂ ਇਸ ਰੈਲੀ ਵਿੱਚ ਪਹੁੰਚਣ ਦਾ ਐਲਾਨ ਕਰ ਦਿੱਤਾ ਸੀ ਕਿ ਪੁਲਿਸ ’ਚ ਹਿੰਮਤ ਹੈ ਤਾਂ ਉਸਨੂੰ ਗ੍ਰਿਫ਼ਤਾਰ ਕਰ ਲਵੇ। ਇਕੱਠ ਨੂੰ ਸੰਬੋਧਨ ਕਰਨ ਪਿੱਛੋਂ ਲੱਖਾ ਆਸਾਨੀ ਨਾਲ ਰੈਲੀ ਵਿੱਚੋਂ ਰਵਾਨਾ ਵੀ ਹੋ ਗਿਆ।  

ਰੈਲੀ ਦੌਰਾਨ ਕਰੀਬ ਦੁਪਹਿਰ 1:45 ਵਜੇ ਜਦ ਲੱਖਾ ਸਿਧਾਣਾ ਪੰਡਾਲ ਵਿਚ ਪਹੁੰਚਿਆਂ ਤਾਂ ‘ਲੱਖਾ ਸਿਧਾਣਾ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਪੰਡਾਲ ਗੂੰਜ ਉੱਠਿਆ | ਲੱਖਾ ਸਿਧਾਣਾ ਨੰੂ ਸੁਣਨ ਲਈ ਪੰਜਾਬ ਤੇ ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਪਹੁੰਚੇ ਹੋਏ ਸਨ, ਜਿਸ ਕਾਰਨ 7 ਏਕੜ ਵਿਚ ਬਣਿਆ ਪੰਡਾਲ ਵੀ ਛੋਟਾ ਪੈ ਗਿਆ ਤੇ ਨੌਜਵਾਨ ਘਰਾਂ ਦੀਆਂ ਛੱਤਾਂ ਅਤੇ ਟਾਵਰਾਂ ‘ਤੇ ਚੜ੍ਹ ਗਏ | ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਾਨੰੂ ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਬਣਾਏ ਕਾਨੰੂਨਾਂ ਨੰੂ ਰੱਦ ਕਰਵਾਉਣ ਲਈ ਇਕੱਠੇ ਹੋਣ ਦੀ ਲੋੜ ਹੈ | ਉਕਤ ਮਹਾਂ ਰੋਸ ਰੈਲੀ ‘ਚ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ | ਇਸ ਮੌਕੇ ਔਰਤਾਂ ਦੀ ਗਿਣਤੀ ਹੌਸਲਾ ਵਧਾਉਣ ਵਾਲੀ ਸੀ | 

ਇਸ ਮੌਕੇ ਆਪਣੇ ਸੰਬੋਧਨ ਵਿੱਚ ਉਸ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚਲੀ ਲੜਾਈ ਕਿਸੇ ਨਿੱਜ ਦੀ ਨਹੀਂ ਬਲਕਿ ਪੰਜਾਬ ਦੀ ਹੋਂਦ ਦੀ ਹੈ, ਜਿਹੜੀਆਂ ਕੌਮਾਂ ਹਕੂਮਤਾਂ ਨਾਲ ਟਕਰਾਉਣ ਦਾ ਜਿਗਰਾ ਰੱਖਦੀਆਂ ਹਨ, ਉਹ ਆਪਣਾ ਇਤਿਹਾਸ ਸਿਰਜਦੀਆਂ ਹਨ ਜਦਕਿ ਤਲਵੇ ਚੱਟਣ ਲਈ ਸਿਰਫ਼ ਜੀਭ ਦੀ ਹੀ ਲੋੜ ਹੁੰਦੀ ਹੈ। ਦਿੱਲੀ ਦੇ ਹਾਕਮ ਜਿੰਨੇ ਮਰਜ਼ੀ ਪਰਚੇ ਦਰਜ ਕਰ ਲੈਣ, ਜੇਲਾਂ ਵਿਚ ਡੱਕ ਦੇਣ ਪਰ ਪੰਜਾਬ ਦੀ ਹੋਂਦ ਅਤੇ ਕਿਸਾਨੀ ਨੂੰ ਬਚਾਉਣ ਲਈ ਜੋ ਹੋ ਸਕਿਆ ਕਰ ਕੇ ਹੀ ਰਹਾਂਗੇ, ਜਿੰਨਾ ਚਿਰ ਮੇਰੀਆਂ ਨਾੜਾਂ ਵਿਚ ਖੂਨ ਦੌੜਦਾ ਹੈ ਉਨਾ ਚਿਰ ਜੀਵਾਂਗਾ ਵੀ ਪੰਜਾਬ ਲਈ ਅਤੇ ਜਿਸ ਦਿਨ ਮੇਰਾ ਖੂਨ ਡੁੱਲਿਆ, ਮਰਾਂਗਾ ਵੀ ਪੰਜਾਬ ਲਈ। ਲੱਖਾ ਸਿਧਾਣਾ ਨੇ ਸੰਯੁਕਤ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਸੰਬੋਧਨ ਕਰਦਿਆਂ ਕਿਹਾ, “ਰਾਜੇਵਾਲ ਸਾਹਿਬ ਮੈਂ ਤੁਹਾਡੇ ਵਾਂਗ ਨਹੀਂ ਕਰਾਂਗਾ। ਮੀਡੀਆ ਵਲੋਂ ਦੀਪ ਸਿੱਧੂ ਅਤੇ ਲੱਖਾ ਸਿਧਾਣੇ ਬਾਰੇ ਪੁਛਣ ‘ਤੇ ਤੁਸਾਂ ਕਹਿੰਦੇ ਸੀ ਕਿ ਇਨ੍ਹਾਂ ਬਾਰੇ ਫੈਸਲਾ ਪੁਲਿਸ ਨੇ ਕਰਨਾ ਹੈ ਜਦਕਿ ਹੁਣ ਪੁੱਛਣ ‘ਤੇ ਇਹ ਕਹਿ ਕੇ ਸਾਰ ਦਿੰਦੇ ਹੋ ਕਿ ‘ਨੇ ਕੁਮੈਂਟ’, ਪਰ ਨੌਜਵਾਨਾਂ ਦਾ ਇਹ ਇੱਕਠ ਤੁਹਾਨੂੰ ਭਰੋਸਾ ਦਿਵਾਉਂਦਾ ਹੈ ਕਿ ਜੇਕਰ ਮੋਰਚੇ ਦੇ ਕਿਸੇ ਵੀ ਕਿਸਾਨ ਆਗੂ ਨੂੰ ਜੋ ਟਿਕਰੀ ਜਾਂ ਸਿੰਘੂ ਹੱਦ ‘ਤੇ ਧਰਨੇ ਵਿਚ ਸ਼ਾਮਲ ਹੈ, ਪੁਲਿਸ ਨੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਪੁਲਿਸ ਦਾ ਘਿਰਾਉ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਨੂੰ ਫੇਲ੍ਹ ਕਰਨ ਲਈ ਹਰ ਚਾਲ ਚੱਲੀ ਪਰ ਇਨ੍ਹਾਂ ਦੀਆਂ ਲੂੰਬੜ ਚਾਲਾਂ ਫੇਲ੍ਹ ਸਾਬਤ ਹੋਈਆਂ ਪਰ ਸਰਕਾਰ ਜਿੰਨੇ ਮਰਜ਼ੀ ਪਰਚੇ ਕਰ ਲਵੇ ਪਰ ਇਹ ਸੰਘਰਸ਼ੀ ਲੋਕ, ਮੋਰਚਾ ਜਿੱਤ ਕੇ ਹੀ ਵਾਪਸ ਮੁੜਨਗੇ। ਉਨ੍ਹਾਂ ਅਪਣੇ ਸੰਬੋਧਨ ਵਿਚ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਇੱਕਲੀਆ ਫਸਲਾਂ ਹੀ ਨਹੀਂ ਬਲਕਿ ਪੰਜਾਬ ਅਤੇ ਸਾਡੀਆਂ ਨਸਲਾਂ ਵੀ ਡੁੱਬ ਜਾਣਗੀਆਂ, ਜਿਨ੍ਹਾਂ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਇਕਜੁਟ ਹੋਣ ਦੀ ਲੋੜ ਹੈ ਤਾਂ ਹੀ ਅਸੀ ਇਸ ਸੰਘਰਸ਼ ਨੂੰ ਜਿੱਤ ਸਕਾਂਗੇ।

ਰੋਸ ਰੈਲੀ ਦੌਰਾਨ ਲੱਖਾ ਸਿਧਾਣਾ ਦੇ ਪੁੱਜਣ ਤੇ ਪੰਡਾਲ ਵਿਚ ਨੌਜਵਾਨਾਂ ਦੀ ਭੀੜ ਲੱਖਾ ਸਿਧਾਣਾ ਦੀ ਇਕ ਝਲਕ ਪਾਉਣ | ਲਈ ਉਤਾਵਲੀ ਨਜ਼ਰ ਆਈ ਅਤੇ | ਨੌਜਵਾਨਾਂ ਸਣੇ ਔਰਤਾਂ ਅਤੇ | ਕੁੜੀਆਂ ਵੀ ਲੱਖਾ ਸਿਧਾਣੇ ਨਾਲ | ਸੈਲਫ਼ੀਆਂ ਲੈਣ ਵਿਚ ਮਸ਼ਰੂਫ਼ | ਵਿਖਾਈ ਦਿੱਤੀਆਂ।

 ਉੱਧਰ ਬਲਾਰਿਆਂ ਵਿਚ ਕਿਸਾਨੀ ਸੰਘਰਸ਼ ਦੇ ਲੇਖੇ ਅਪਣੀ ਜਾਨ ਲਗਾਉਣ ਵਾਲੇ ਨੌਜਵਾਨ ਨਵਰੀਤ ਸਿੰਘ ਡਿਬਡਿਬਾ ਦੇ ਦਾਦਾ ਭਾਈ ਹਰਦੀਪ ਸਿੰਘ ਡਿੱਬਡਬਾ ਨੇ ਕਿਹਾ ਕਿ ਅਕਾਲ ਪੁਰਖ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ, ਮੇਰੇ ਪੋਤੇ ਸਣੇ ਅਨੇਕਾਂ ਨੌਜਵਾਨ ਕਿਸਾਨੀ ਸੰਘਰਸ਼ ਦੌਰਾਨ ਅਪਣੀ ਜਾਨ ਲੇਖੇ ਲਾ ਗਏ ਹਨ, ਪਰ ਹਾਕਮ ਬੜਾ ਜ਼ਾਲਮ, ਧੋਖੇਬਾਜ਼ ਅਤੇ ਸ਼ਾਤਰ ਹੈ ਜਿਸ ਨਾਲ ਨਜਿੱਠਣ ਲਈ ਸਾਨੂੰ ਹੋਸ਼ ਅਤੇ ਜੋਸ਼ ਦੀ ਲੋੜ ਹੈ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਨੇ ਪੰਜਾਬ ਅਤੇ ਸਿੱਖਾਂ ਦੀ ਅਗਵਾਈ ਕਬੂਲ ਲਈ ਹੈ ਜਦਕਿ ਹੁਣ ਸਾਡੀਆਂ ਜੁਮੇਵਾਰੀਆਂ ਹੋਰ ਵੀ ਵਧੇਰੇ ਵੱਧ ਗਈਆਂ ਹਨ, ਜਿਨ੍ਹਾਂ ਉਪਰ ਸਾਨੂੰ ਡੱਟ ਕੇ ਪਹਿਰਾ ਦੇਣ ਦੀ ਲੋੜ ਹੈ। ਸਾਬਕਾ ਥਾਣੇਦਾਰ ਕ੍ਰਿਸ਼ਨ ਲਾਲ ਨੇ ਦਿੱਲੀ ਦੇ ਹਾਕਮਾਂ ਅਤੇ ਦਿੱਲੀ ਪੁਲਿਸ ਨੂੰ ਲੱਖਾ ਸਿਧਾਣਾ ਮਾਮਲੇ ਵਿਚ ਸੁਪਰੀਮ ਕੋਰਟ ਦਾ ਵਾਸਤਾ ਦਿੰਦਿਆਂ ਕਿਹਾ ਕਿ ਵਕੀਲ ਡੀ.ਕੇ. ਬਾਸੂ ਦੀ ਰੀਪੋਰਟ ਅਨੁਸਾਰ 26 ਜਨਵਰੀ ਦੀ ਘਟਨਾ ਲਈ ਸਾਨੂੰ ਲੱਖਾ ਸਿਧਾਣਾ ਖੁਦ ਅਤੇ ਉਨ੍ਹਾਂ ਦੇ ਮੋਬਾਈਲ ਦੀ ਲੁਕੇਸ਼ਨ ਦਿੱਲੀ ਦੀ ਵਿਖਾਈ ਜਾਵੇ, ਪਰ ਦਿੱਲੀ ਪੁਲਿਸ ਦਾ ਜੁਲਮ ਸਹਿਣ ਨਹੀਂ ਕੀਤਾ ਜਾਵੇਗਾ। ਉਧਰ ਸਟੇਜ ਉਪਰ ਵਾਰ-2 ਪੁਲਿਸ ਨੂੰ ਚੇਤਾਵਨੀ ਦਿਤੀ ਗਈ ਕਿ ਲੱਖਾ ਸਿਧਾਣਾ ਮੰਚ ਉਪਰ ਬਿਰਾਜਮਾਨ ਹੈ, ਜੇਕਰ ਸਰਕਾਰ ਜਾਂ ਪੁਲਿਸ ਵਿਚ ਦਮ ਹੈ ਤਾਂ ਉਸ ਨੂੰ ਫੜ ਕੇ ਵੇਖ ਲਵੇ। ਮੰਚ ਉਪਰ ਯੁੱਧਵੀਰ ਮਾਣਕ, ਯਾਦ ਗਰੇਵਾਲ ਨੇ ਲੱਖਾ ਸਿਧਾਣਾ ਦੀ ਖੁਲ ਕੇ ਸਿਫ਼ਤ ਕਰਨ ਨਾਲ ਯੁੱਧਵੀਰ ਮਾਣਕ ਨੇ ਸਰੀਰ ਠੀਕ ਨਾ ਹੋਣ ਕਾਰਨ ਚੰਦ ਮਿੰਟਾਂ ਲਈ ਮਾਂ ਹੁੰਦੀ ਐ ਮਾਂ ਓ ਦੁਨੀਆਂ ਵਾਲਿਉਂ ਦੀ ਹੇਕ ਲਾ ਕੇ ਲੋਕਾਂ ਨੂੰ ਭਾਵੁਕ ਕੀਤਾ। ਮੰਚ ਉਪਰ ਬਾਰ ਐਸੋਸੀਏਸ਼ਨ ਫੂਲ ਦੇ ਪ੍ਰਧਾਨ ਐਡਵੋਕੇਟ ਅਜੀਤਪਾਲ ਸਿੰਘ ਮੰਡੇਰ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਐਡਵੋਕੇਟ ਰਪਿੰਦਰਪਾਲ ਸਿੰਘ ਕੋਟਭਾਈ, ਹਰਜਿੰਦਰ ਸਿੰਘ ਮਾਟੀ, ਬਲਵਿੰਦਰ ਸਿੰਘ ਪਰਵਾਨਾ ਭਾਨਾ ਸਿੰਧੂ, ਨਵਦੀਪ ਹਰਿਆਣਾ, ਜਸਵਿੰਦਰ ਸਿੰਘ ਜਸ ਬੱਜੋਆਣਾ ਪਰਮਿੰਦਰ ਸਿੰਘ ਬਾਲਿਆਂਵਾਲੀ, ਹਰਜੀਤ ਸਿੰਘ ਢਿਪਾਲੀ, ਲੋਕ ਸੰਗਰਾਮ ਮੰਚ ਆਗੂ ਸੁਖਵਿੰਦਰ ਕੌਰ, ਦਵਿੰਦਰ ਸਿੰਘ, ਹਰਦੀਪ ਸਿੰਘ ਮਹਿਰਾਜ, ਐਡਵੋਕੇਟ ਨਰੇਸ਼ ਕਮਾਰੀ ਬਾਵਾ ਆਦਿ ਮੌਜੂਦ ਸਨ।

ਸਿਆਸੀ ਲੋਕਾਂ ਤੇ ਰੋਸ ਰੈਲੀ ਵਿਚ ਕਸੇ ਗਏ ਵਿਅੰਗ

ਮਹਿਰਾਜ ਰੋਸ ਰੈਲੀ ਦੌਰਾਨ ਬੁਲਾਰਿਆਂ ਨੇ ਰਾਜਸੀ ਲੋਕਾਂ ਨੂੰ ਦਬ ਕੇ ਰਗੜੇ ਲਾਏ । ਬੁਲਾਰਿਆਂ ਨੇ ਰਾਜਸੀ ਲੋਕਾਂ ਦੀ ਪਿਛਲੇ 70 ਸਾਲ ਤੋਂ ਹੋਈਆਂ ਕਰਤੂਤਾਂ ਨੂੰ ਜਿਥੇ ਜੱਗ ਜ਼ਾਹਰ ਕੀਤਾ, ਉਥੇ ਕਈ ਢੁਕਵੀਆਂ ਉਦਹਾਰਣਾਂ ਦੇ ਕੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਰਾਜ ਸਭਾ ਮੈਂਬਰਾਂ ਤੇ ਵਿਅੰਗ ਕਸੇ। ਇਸੇ ਦੌਰਾਨ ਪੰਡਾਲ ਵਿਚ ਬੈਠਾ ਇਕ ਵਿਧਾਇਕ ਬੁਲਾਰਿਆਂ ਦੀਆਂ ਟਿੱਪਣੀਆਂ ਨੂੰ ਸੁਣਨ ਤੋਂ ਬਾਅਦ ਸ਼ਾਇਦ ਖੁਦ ਨੂੰ ਕੋਸਦਾ ਨਜ਼ਰ ਆਇਆ ਜਦਕਿ ਕੁੱਝ ਹੋਰ ਰਾਜਸੀ ਲੋਕ ਵੀ ਅਜਿਹੀਆਂ ਟਿਪਣੀਆਂ ਸੁਣਨ ਤੋਂ ਬਾਅਦ ਸਟੇਜ ਦੇ ਨੇੜੇ ਜਾਣ ਤੋਂ ਕੰਨੀ ਕਤਰਾਉਣ ਲੱਗੇ ਜਦਕਿ ਸਟੇਜ ਉਪਰੋਂ ਸਿਰਫ਼ ਰਾਜਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅ) ਦੇ ਇਕ ਆਗੂ ਨੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਨਾਂਅ ਲੈ ਕੇ ਸੰਬੋਧਨ ਕੀਤਾ ਗਿਆ।

Leave a Reply

Your email address will not be published. Required fields are marked *