ਟੂਲਕਿੱਟ ਕੇਸ: ਵਾਤਾਵਰਨ ਕਾਰਕੁਨ ਦਿਸ਼ਾ ਰਵੀ ਜ਼ਮਾਨਤ ਮਗਰੋਂ ਰਿਹਾਅ

ਨਵੀਂ ਦਿੱਲੀ : ਦਿੱਲੀ ਦੀ ਕੋਰਟ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ (21) ਨੂੰ ‘ਟੂਲਕਿੱਟ’ ਮਾਮਲੇ ਵਿੱਚ ਅੱਜ ਜ਼ਮਾਨਤ ਦੇ ਦਿੱਤੀ ਹੈ। ਇਸ ਦੌਰਾਨ ਦਿਸ਼ਾ ਰਵੀ ਨੂੰ ਅੱਜ ਰਾਤ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਬੰਗਲੂਰੂ ਨਾਲ ਸਬੰਧਤ ਦਿਸ਼ਾ ਰਵੀ ਨੂੰ ਕਿਸਾਨ ਅੰਦੋਲਨ ਨਾਲ ਜੁੜੀ ‘ਟੂਲਕਿੱਟ’ ਅੱਗੇ ਮੀਡੀਆ ’ਚ ਕਥਿਤ ਸਾਂਝਿਆਂ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਰਵੀ ਨੂੰ ਇਕ ਲੱਖ ਦੇ ਨਿੱਜੀ ਮੁਚੱਲਕੇ ਤੇ ਇੰਨੀ ਹੀ ਰਾਸ਼ੀ ਦੀਆਂ ਦੋ ਹੋਰ ਜਾਮਨੀਆਂ ’ਤੇ ਇਹ ਰਾਹਤ ਦਿੱਤੀ ਹੈ। ਦਿੱਲੀ ਪੁਲੀਸ ਦੀ ਸਾਈਬਰ ਸੈੱਲ ਟੀਮ ਨੇ ਰਵੀ ਨੂੰ ਬੰਗਲੂਰੂ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਸੀ। ਮੌਜੂਦਾ ਸਮੇਂ ਉਹ ਦਿੱਲੀ ਪੁਲੀਸ ਦੀ ਹਿਰਾਸਤ ਵਿੱਚ ਸੀ।
ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਵਾਤਾਵਰਨ ਕਾਰਕੁਨ ਨੂੰ ਜ਼ਮਾਨਤ ਦਿੰਦਿਆਂ ਕਿਹਾ, ‘ਮੁਲਜ਼ਮ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਦਿੱਲੀ ਪੁਲੀਸ ਵੱਲੋਂ ਪੇਸ਼ ਨਾਕਾਫ਼ੀ ਤੇ ਅੱਧੇ-ਅਧੂਰੇ ਸਬੂਤਾਂ ’ਤੇ ਗੌਰ ਕਰਦਿਆਂ ਮੈਨੂੰ ਅਜਿਹਾ ਕੋਈ ਪ੍ਰਤੱਖ ਕਾਰਨ ਨਜ਼ਰ ਨਹੀਂ ਆਇਆ, ਜੋ 22 ਸਾਲਾ ਲੜਕੀ, ਜਿਸ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ, ਨੂੰ ਜ਼ਮਾਨਤ ਦੇਣ ਤੋਂ ਵਰਜਦਾ ਹੋਵੇ।’ ਚੇਤੇ ਰਹੇ ਕਿ ਵਧੀਕ ਸੈਸ਼ਨ ਜੱਜ ਨੇ 20 ਫਰਵਰੀ ਨੂੰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਦਿੱਲੀ ਪੁਲੀਸ ਨੇ ਉਦੋਂ ਦਾਅਵਾ ਕੀਤਾ ਸੀ ਕਿ ‘ਟੂਲਕਿੱਟ’ ਭਾਰਤ ਨੂੰ ਬਦਨਾਮ ਕਰਨ ਤੇ ਹਿੰਸਾ ਨੂੰ ਹਵਾ ਦੇਣ ਲਈ ਹੀ ਤਿਆਰ ਕੀਤੀ ਗਈ ਸੀ। ਵਧੀਕ ਸੌਲੀਸਿਟਰ ਜਨਰਲ ਐੱਸ.ਵੀ.ਰਾਜੂ ਨੇ ਕੋਰਟ ਨੂੰ ਦੱਸਿਆ ਸੀ ਕਿ ‘ਪੋਇਟਿਕ ਜਸਟਿਸ ਫਾਊਂਡੇਸ਼ਨ (ਪੀਜੇਐੱਫ) ਤੇ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਇਸ ਮਾਮਲੇ ’ਚ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਲਈ ਦਿਸ਼ਾ ਰਵੀ ਨੂੰ ਮੂਹਰੇ ਲਾਇਆ ਸੀ।’ ਰਾਜੂ ਨੇ ਕਿਹਾ ਕਿ ਇਹ ਦੋਵੇਂ ਜਥੇਬੰਦੀਆਂ ‘ਖ਼ਾਲਿਸਤਾਨ’ ਮੁਹਿੰਮ ਨਾਲ ਜੁੜੀਆਂ ਹੋਈਆਂ ਹਨ। ਉਧਰ ਰਵੀ ਦੇ ਵਕੀਲ ਸਿਧਾਰਥ ਅਗਰਵਾਲ ਨੇ ਦਾਅਵਾ ਕੀਤਾ ਸੀ ਕਿ ਅਜਿਹਾ ਕੋਈ ਸਬੂਤ ਨਹੀਂ ਹੈ, ਜੋ 26 ਜਨਵਰੀ ਨੂੰ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਨੂੰ ਇਸ ਟੂਲਕਿੱਟ ਨਾਲ ਜੋੜਦਾ ਹੋਵੇ।