ਕਰੋਨਾ: ਪੰਜਾਬ ਮੁਕੰਮਲ ਬੰਦ; ਭਾਰਤ ਬੰਦ ਦੀ ਤਿਆਰੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ‘ਕਰੋਨਾਵਾਇਰਸ’ (ਕੋਵਿਡ-19) ਦੇ ਖ਼ਤਰੇ ਨੂੰ ਦੇਖਦਿਆਂ ਸਮੁੱਚੇ ਸੂਬੇ ਵਿੱਚ ਕਾਰੋਬਾਰ, ਬਾਜ਼ਾਰ ਅਤੇ ਜਨਤਕ ਖੇਤਰ ਦੀ ਟਰਾਂਸਪੋਰਟ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਪੂਰੇ ਸੂਬੇ ਵਿਚ ਧਾਰਾ 144 ਲਾ ਦਿੱਤੀ ਗਈ ਹੈ ਤੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠ ’ਤੇ ਰੋਕ ਲਾ ਦਿੱਤੀ ਗਈ ਹੈ। ਡੀਜੀਪੀ ਨੂੰ ਵਾਧੂ ਪੁਲੀਸ ਫੋਰਸ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ ਮੈਡੀਕਲ ਸਟੋਰ, ਹਸਪਤਾਲ, ਰਾਸ਼ਨ, ਸਬਜ਼ੀਆਂ, ਫ਼ਲ ਆਦਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪ ਖੁੱਲ੍ਹੇ ਰਹਿਣਗੇ। ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ (ਡਿਜੀਟਲ ਮੀਡੀਆ) ਨੂੰ ਜ਼ਰੂਰੀ ਸੇਵਾਵਾਂ ਦੀ ਸ਼੍ਰੇਣੀ ਵਿਚ ਲਿਆਂਦਾ ਗਿਆ ਹੈ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ 31 ਮਾਰਚ ਤੋਂ ਬਾਅਦ ਸਥਿਤੀ ਦੀ ਸਮੀਖ਼ਿਆ ਕਰਕੇ ਬੰਦ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਦੀ ਮਿਆਦ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ। ਕਰੋਨਾਵਾਇਰਸ ਦਾ ਸੂਬੇ ਵਿੱਚ ਪਸਾਰਾ ਵਧ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਅੱਜ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 5 ਮਾਮਲੇ ਸਿਰਫ਼ ਨਵਾਂਸ਼ਹਿਰ ਜ਼ਿਲ੍ਹੇ ਨਾਲ ਹੀ ਸਬੰਧਤ ਹਨ। ਦੁਆਬੇ ਦੇ ਇਸ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ 14 ਹੈ। ਪਠਵਾਲਾ ਦੇ ਬਲਦੇਵ ਸਿੰਘ ਦੀ ਮੌਤ ਹੋਣ ਤੋਂ ਬਾਅਦ ਇਸ ਪਿੰਡ ਵਿੱਚ ਹੀ 10 ਦੇ ਕਰੀਬ ਵਿਅਕਤੀ ਕਰੋਨਾਵਾਇਰਸ ਤੋਂ ਪੀੜਤ ਸਾਹਮਣੇ ਆਏ ਹਨ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਇੱਕ, ਹੁਸ਼ਿਆਰਪੁਰ ਜ਼ਿਲ੍ਹੇ ਦੇ 2 ਅਤੇ ਮੁਹਾਲੀ ਜ਼ਿਲ੍ਹੇ ਦੇ 4 ਅਤੇ ਜਲੰਧਰ ਦੇ ਇੱਕ ਵਿਅਕਤੀਆਂ ਸਮੇਤ ਕੁੱਲ 21 ਜਣੇ ਇਸ ਸਮੇਂ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਖ਼ਤਰਨਾਕ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਸਕਦੀ ਹੈ। ਵਿਭਾਗ ਨੂੰ 22 ਵਿਅਕਤੀਆਂ ਦੇ ਲਏ ਗਏ ਨਮੂਨਿਆਂ ਦੇ ਨਤੀਜੇ ਦਾ ਇੰਤਜ਼ਾਰ ਹੈ। ਸਰਕਾਰ ਵੱਲੋਂ ਕੋਵਿਡ-19 ਕੰਟਰੋਲ ਰੂਮ ਨੂੰ ਮਜ਼ਬੂਤ ਕਰਨ ਲਈ ਸ਼ਨਿਚਰਵਾਰ ਹੋਰ ਸੀਨੀਅਰ ਆਈਏਐੱਸ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਹੋਰ ਬਿਹਤਰ ਅੰਤਰ-ਵਿਭਾਗੀ ਤਾਲਮੇਲ ਬਣਾਇਆ ਜਾ ਸਕੇ। ਪੰਜਾਬ ਵਿੱਚ ਇਸ ਸਮੇਂ ਸ਼ੱਕੀ ਮਰੀਜ਼ਾਂ ਦੀ ਗਿਣਤੀ 55 ਹੈ ਜਦਕਿ 1155 ਵਿਅਕਤੀਆਂ ਨੂੰ ਘਰਾਂ ਅੰਦਰ ਹੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਪਾਬੰਦੀ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਮੁੱਖ ਮੰਤਰੀ ਨੇ ਦੱਸਿਆ ਕਿ ਸੋਮਵਾਰ ਤੋਂ ਗੈਰਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ, ਵਪਾਰਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਐਸੋਸੀਏਸ਼ਨ ਆਦਿ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਦੁੱਧ, ਭੋਜਨ, ,ਦਵਾਈਆਂ ਆਦਿ ਸਬਜ਼ੀਆਂ ਅਤੇ ਫਲਾਂ ਸਮੇਤ ਸਾਰੀਆਂ ਜ਼ਰੂਰੀ ਵਸਤਾਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਆਟੇ ਦੀਆਂ ਮਿੱਲਾਂ, ਪਸ਼ੂਆਂ ਦੀ ਫੀਡ, ਫੂਡ ਪ੍ਰੋਸੈਸਿੰਗ, ਮੈਡੀਕਲ ਫਾਰਮਾ, ਆਦਿ ਸਮੇਤ ਜ਼ਰੂਰੀ ਚੀਜ਼ਾਂ ਦੇ ਉਤਪਾਦਨ ਵਿਚ ਲੱਗੇ ਫੈਕਟਰੀਆਂ ਮਜ਼ਦੂਰਾਂ ’ਤੇ ਇਹ ਸ਼ਰਤ ਜਬਰਨ ਲਾਗੂ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਕਾਰੋਬਾਰੀਆਂ ਦੀਆਂ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਕੇ ਕਾਰਜਸ਼ੀਲ ਬੰਦ ਕਰਨ ਦੀਆਂ ਵਿਧੀਆਂ ਲੱਭਣ ਲਈ ਰਾਬਤਾ ਕਰਨਗੇ ਅਤੇ ਉਨ੍ਹਾਂ ਨੂੰ ਤਨਖ਼ਾਹ ’ਚ ਕਟੌਤੀ ਕੀਤਿਆਂ ਲੇਬਰ ਦਾ ਮੁਆਵਜ਼ਾ ਦੇਣ ਲਈ ਰੂਪ-ਰੇਖਾ ਤਿਆਰ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਨੇ ਸੂਬੇ ਦੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਤਾਲਾਬੰਦੀ ਦੌਰਾਨ ਉਹ ਆਪਣੇ ਕਾਮਿਆਂ ਦੀ ਤਨਖਾਹਾਂ ਨਾ ਕੱਟਣ।


ਇਸ ਤੋਂ ਪਹਿਲਾਂ ਪੰਜਾਬ ਦੇ ਸਾਰੇ ਪਾਜ਼ੇਟਿਵ ਮਾਮਲੇ ਜੋ ਕਿ ਵਿਦੇਸ਼ੀ ਯਾਤਰਾ ਨਾਲ ਜੁੜੇ ਹੋਏ ਹਨ ਜਾਂ ਵਿਦੇਸ਼ਾਂ ਤੋਂ ਆਏ ਪ੍ਰਭਾਵਿਤ ਵਿਅਕਤੀਆਂ ਦੇ ਸੰਪਰਕ ਵਿਚ ਆਇਆਂ ਨਾਲ ਸਬੰਧਤ ਹਨ, ਉਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ‘ਗ੍ਰਹਿ ਕੁਆਰੰਟੀਨ’ (ਵਿਅਕਤੀ ਨੂੰ ਵੱਖ ਕਰ ਕੇ ਰੱਖਣਾ) ਦੀ ਜ਼ਰੂਰਤ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ ਜਿਸ ਨਾਲ ਕੋਵਿਡ-19 ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਟਲ, ਰੈਸਟੋਰੈਂਟ ਦੀ ਤੁਰੰਤ ਜਾਂਚ ਕਰਨ ਅਤੇ ਜਿੱਥੇ ਕਿਤੇ ਵੀ ਜ਼ਰੂਰੀ ਹੋਵੇ ਕੁਆਰੰਟੀਨ ਲਾਗੂ ਕਰਨ ਲਈ ਕਿਹਾ। ਸ਼ਨਿਚਰਵਾਰ ਸਵੇਰੇ ਤੋਂ ਜਨਤਕ ਆਵਾਜਾਈ ਪਹਿਲਾਂ ਹੀ ਬੰਦ ਹੋ ਚੁੱਕੀ ਹੈ ਜੋ ਅਗਲੇ ਹਫ਼ਤੇ ਵੀ ਅਗਲੇ ਆਦੇਸ਼ਾਂ ਤੱਕ ਬੰਦ ਰਹੇਗੀ। ਜਦਕਿ ਮਾਲ ਵਾਹਨਾਂ ’ਤੇ ਕੋਈ ਪਾਬੰਦੀ ਨਹੀਂ ਤੇ ਸਪਲਾਈ ਲਾਈਨਾਂ ਨੂੰ ਕਾਰਜਸ਼ੀਲ ਢੰਗ ਨਾਲ ਚਾਲੂ ਰੱਖਿਆ ਜਾਵੇਗਾ। ਮੁੱਖ ਸਕੱਤਰ ਨੇ ਇਹ ਵੀ ਦੱਸਿਆ ਕਿ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ ਰੋਕ ਦਿੱਤੀ ਗਈ ਹੈ। ਮੁੱਖ ਸਕੱਤਰ ਨੇ ਪਰਿਵਾਰ ਦੇ ਮੈਂਬਰਾਂ ਨੂੰ ‘ਆਈਸੋਲੇਟ’ (ਵੱਖ ਕੀਤੇ ਗਏ) ਕੀਤੇ ਵਿਅਕਤੀ ਖ਼ਾਸਕਰ ਬਜ਼ੁਰਗਾਂ ਜਾਂ ਰੋਗ ਵਾਲੇ ਲੋਕਾਂ ਤੋਂ ਉਚਿਤ ਦੂਰੀ ਬਣਾਈ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਪੁਲੀਸ ਦੀ ਸਹਾਇਤਾ ਲਈ ਚੰਗੇ ਸਰੀਰ ਵਾਲੇ ਨੌਜਵਾਨਾਂ ਨੂੰ ਠੀਕਰੀ ਪਹਿਰਾ ਲਾਉੁਣ ਲਈ ਵੀ ਕਿਹਾ ਗਿਆ ਹੈ।

ਤਾਲਮੇਲ ਲਈ ਕੰਟਰੋਲ ਰੂਮ ਸਥਾਪਿਤ

ਚੰਡੀਗੜ੍ਹ (ਬਲਵਿੰਦਰ ਜੰਮੂ): ਪੰਜਾਬ ਭਰ ਵਿਚ ਦਫ਼ਾ 144 ਲਾਗੂ ਕਰ ਦਿੱਤੀ ਗਈ ਹੈ ਪਰ ਪੰਜ ਦੀ ਬਜਾਏ 10 ਵਿਅਕਤੀਆਂ ’ਤੇ ਹੀ ਲਾਗੂ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ਰੂਰੀ ਸੇਵਾਵਾਂ ਅਤੇ ਸਥਿਤੀ ’ਤੇ ਨਿਗਰਾਨੀ ਰੱਖਣ ਲਈ ਜ਼ਿਲ੍ਹਿਆਂ ਅਤੇ ਸੂਬੇ ਵਿਚ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਦੱਸਿਆ ਕਿ ਸੂਬੇ ਵਿਚ ਕਰਫਿਊ ਲਾਗੂ ਨਹੀਂ ਕੀਤਾ ਗਿਆ ਪਰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਬੰਦ ਦੌਰਾਨ ਪਾਬੰਦੀਆਂ ਜਾਰੀ ਰਹਿਣਗੀਆਂ। ਮੈਡੀਕਲ ਸਹੂਲਤਾਂ, ਪਾਣੀ, ਬਿਜਲੀ, ਮਿਊਂਸਿਪਲ ਸੇਵਾਵਾਂ. ਬੈਂਕ ਤੇ ਏਟੀਐਮਜ਼, ਮੀਡੀਆ, ਇੰਟਰਨੈੱਟ, ਖਾਣ-ਪੀਣ ਦੇ ਸਾਮਾਨ ਅਤੇ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

Leave a Reply

Your email address will not be published. Required fields are marked *