ਮੁਲਕ ਭਰ ’ਚ ਮੁਕੰਮਲ ‘ਤਾਲਾਬੰਦੀ’; ਤਿੰਨ ਹੋਰ ਮੌਤਾਂ ਨਾਲ ਕੁੱਲ ਗਿਣਤੀ 7 ਹੋਈ

ਨਵੀਂ ਦਿੱਲੀ : ਭਾਰਤ ਵਿੱਚ ਅੱਜ ਇੱਕੋ ਦਿਨ ਵਿੱਚ ਤਿੰਨ ਸੱਜਰੀਆਂ ਮੌਤਾਂ ਮਗਰੋਂ ਕੇਂਦਰ ਤੇ ਸੂਬਾ ਸਰਕਾਰਾਂ ਨੇ ਹਰਕਤ ਵਿੱਚ ਆਉਂਦਿਆਂ ਦੇਸ਼ ਭਰ ਦੇ ਉਨ੍ਹਾਂ 82 ਜ਼ਿਲ੍ਹਿਆਂ ਦੀ ਮੁਕੰਮਲ ਤਾਲਾਬੰਦੀ ਕਰਨ ਦਾ ਐਲਾਨ ਕੀਤਾ ਹੈ, ਜਿੱਥੇ ਕਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਤਾਲਾਬੰਦੀ ਦਾ ਫ਼ੈਸਲਾ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਸਾਰੇ ਰਾਜਾਂ ਦੇ ਮੁੱਖ ਸਕੱਤਰ ਤੇ ਕੈਬਨਿਟ ਸਕੱਤਰ ਮੌਜੂਦ ਸਨ। ਜਿਹੜੇ ਜ਼ਿਲ੍ਹਿਆਂ ਵਿਚ ਤਾਲਾਬੰਦੀ ਦਾ ਫ਼ੈਸਲਾ ਕੀਤਾ ਗਿਆ ਹੈ, ਉਨ੍ਹਾਂ ’ਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਉਤਰਾਖੰਡ, ਹਰਿਆਣਾ, ਪੰਜਾਬ, ਕਰਨਾਟਕ, ਤਾਮਿਲ ਨਾਡੂ ਤੇ ਕੇਰਲਾ ਦੇ ਜ਼ਿਲ੍ਹੇ ਸ਼ਾਮਲ ਹਨ। ਕਈ ਰਾਜ ਸਰਕਾਰਾਂ ਇਸ ਬਾਰੇ ਪਹਿਲਾਂ ਹੀ ਹੁਕਮ ਜਾਰੀ ਕਰ ਚੁੱਕੀਆਂ ਹਨ। ਸਥਿਤੀ ਦੇ ਜਾਇਜ਼ੇ ਮਗਰੋਂ ਰਾਜ ਸਰਕਾਰਾਂ ਤਾਲਾਬੰਦੀ ਦੀ ਸੂਚੀ ਵਿੱਚ ਹੋਰ ਜ਼ਿਲ੍ਹਿਆਂ ਨੂੰ ਵੀ ਸ਼ਾਮਲ ਕਰ ਸਕਦੀਆਂ ਹਨ। ਨਾਗਾਲੈਂਡ ਨੇ ਐਤਵਾਰ ਅੱਧੀ ਰਾਤ ਤੋਂ ਅਣਮਿੱਥੀ ਤਾਲਾਬੰਦੀ ਲਾਗੂ ਕਰ ਦਿੱਤੀ ਹੈ। ਅੱਜ ਹੋਈਆਂ ਮੌਤਾਂ ਦੇ ਇਹ ਨਵੇਂ ਕੇਸ ਬਿਹਾਰ, ਗੁਜਰਾਤ ਤੇ ਮਹਾਰਾਸ਼ਟਰ ਤੋਂ ਰਿਪੋਰਟ ਹੋਏ ਹਨ। ਬਿਹਾਰ ਤੇ ਗੁਜਰਾਤ ਵਿੱਚ ਕਰੋਨਵਾਇਰਸ ਕਰਕੇ ਇਹ ਪਹਿਲੀ ਜਦੋਂਕਿ ਮਹਾਰਾਸ਼ਟਰ ਵਿੱਚ ਦੂਜੀ ਮੌਤ ਹੈ। ਇਸ ਦੌਰਾਨ ਆਈਸੀਐਮਆਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ 81 ਸੱਜਰੇ ਕੇਸਾਂ ਨਾਲ ਕੋਵਿਡ-19 ਕੇਸਾਂ ਦੀ ਗਿਣਤੀ ਵਧ ਕੇ 396 ਹੋ ਗਈ ਹੈ। ਇਸ ਦੇ ਨਾਲ ਹੀ ਮੁਸਾਫ਼ਰ ਰੇਲਗੱਡੀਆਂ ਤੇ ਅੰਤਰਰਾਜੀ ਬੱਸ ਸੇਵਾਵਾਂ ਨੂੰ 31 ਮਾਰਚ ਤਕ ਬੰਦ ਕਰ ਦਿੱਤਾ ਹੈ। ਸਿਹਤ ਮੰਤਰਾਲੇ ਨੇ ਰਾਜਾਂ ਨੂੰ ਕਰੋਨਾਵਾਇਰਸ ਪੀੜਤ ਮਰੀਜ਼ਾਂ ਦੇ ਇਲਾਜ਼ ਲਈ ਹਸਪਤਾਲਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਆਖ ਦਿੱਤਾ ਹੈ। ਪਟਨਾ ਦੇ ਏਮਜ਼ ਹਸਪਤਾਲ ਦੇ ਸੁਪਰਡੈਂਟ ਸੀ.ਐੱਮ.ਸਿੰਘ ਨੇ ਕਿਹਾ ਕਿ ਜਿਸ ਮਰੀਜ਼ ਦੀ ਮੌਤ ਹੋਈ ਹੈ, ਉਹ ਕਤਰ ਤੋਂ ਪਰਤਿਆ ਸੀ। 38 ਸਾਲਾ ਇਹ ਸ਼ਖ਼ਸ ਮੁੰਗੇਰ ਜ਼ਿਲ੍ਹੇ ਦਾ ਵਸਨੀਕ ਦੱਸਿਆ ਜਾਂਦਾ ਹੈ ਤੇ ਉਸ ਨੂੰ ਗੁਰਦੇ ਨਾਲ ਸਬੰਧਤ ਰੋਗ ਕਰਕੇ ਸ਼ੁੱਕਰਵਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਸਿਹਤ ਮੰਤਰਾਲੇ ਨੇ ਹਾਲਾਂਕਿ ਅਜੇ ਤਕ ਇਹ ਪੁਸ਼ਟੀ ਨਹੀਂ ਕੀਤੀ ਕਿ ਇਸ ਮੌਤ ਦਾ ਕਰੋਨਾਵਾਇਰਸ ਨਾਲ ਕੋਈ ਲਾਗਾ ਦੇਗਾ ਹੈ ਜਾਂ ਨਹੀਂ। ਉਧਰ ਮਹਾਰਾਸ਼ਟਰ ਵਿੱਚ ਕਰੋਨਾਵਾਇਰਸ ਕਰਕੇ ਫੌਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ ਦੋ ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਮੁੰਬਈ ਦੇ ਐੱਚ.ਐੱਨ.ਰਿਲਾਇੰਸ ਹਸਪਤਾਲ ਵਿੱਚ ਦਾਖ਼ਲ 63 ਮਰੀਜ਼ ਦੀ ਮੌਤ ਹੋ ਗਈ। ਪੀੜਤ ਨੂੰ ਸ਼ਨਿੱਚਰਵਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਤੀਜੀ ਮੌਤ ਗੁਜਰਾਤ ਦੇ ਸੂਰਤ ਤੋਂ ਰਿਪੋਰਟ ਹੋਈ ਹੈ, ਜਿੱਥੇ 67 ਸਾਲਾ ਵਿਅਕਤੀ ਨੇ ਵਾਇਰਸ ਦੀ ਲਾਗ ਕਰਕੇ ਦਮ ਤੋੜ ਦਿੱਤਾ।
ਇਸ ਦੌਰਾਨ ਅੱਜ ਦੇਸ਼ ਭਰ ਵਿੱਚ ‘ਜਨਤਾ ਕਰਫਿਊ’ ਤਹਿਤ ਲੋਕ ਨੇ ਘਰਾਂ ਵਿੱਚ ਰਹਿ ਕੇ ਵਾਇਰਸ ਦੇ ਫੈਲਾਅ ਦੀ ਕੜੀ ਨੂੰ ਤੋੜਨ ਵਿੱਚ ਅਹਿਮ ਯੋਗਦਾਨ ਪਾਇਆ। ਆਈਸੀਐਮਆਰ ਨੇ ਐਲਾਨ ਕੀਤਾ ਕਿ ਦੇਸ਼ ਭਰ ਵਿੱਚ ਨੋਵੇਲ ਕਰੋਨਵਾਇਰਸ ਦੀ ਗਿਣਤੀ ਵਧ ਕੇ 396 ਹੋ ਗਈ ਹੈ। ਇਨ੍ਹਾਂ ਵਿੱਚ ਸ਼ੱਕੀ ਮਰੀਜ਼ ਤੇ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਵਾਲੇ ਵੀ ਸ਼ਾਮਲ ਹਨ। ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ ਨੇ ਕਿਹਾ ਕਿ 22 ਮਾਰਚ ਸਵੇਰੇ ਦਸ ਵਜੇ ਤਕ 16,109 ਵਿਅਕਤੀਆਂ ਦੇ ਸਾਰਸ-ਕੋਵ2 ਟੈਸਟ ਲਈ 16,999 ਨਮੂਨੇ ਲਏ ਜਾ ਚੁੱਕੇ ਹਨ। 396 ਦੇ ਅੰਕੜੇ ਵਿੱਚ 41 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਜਿਹੜੀਆਂ ਸੱਤ ਮੌਤਾਂ ਹੋਈਆਂ ਹਨ, ਉਹ ਦਿੱਲੀ, ਕਰਨਾਟਕ, ਪੰਜਾਬ ਤੇ ਮਹਾਰਾਸ਼ਟਰ (ਦੋ), ਬਿਹਾਰ ਤੇ ਗੁਜਰਾਤ ਤੋੋਂ ਰਿਪੋਰਟ ਹੋਈਆਂ ਹਨ। ਉਧਰ ਮੰਤਰਾਲੇ ਨੇ ਕਿਹਾ ਕਿ ਕੁੱਲ 360 ਕੇਸਾਂ ਵਿੱਚੋਂ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 329 ਹੈ ਜਦੋਂਕਿ 24 ਹੋਰਨਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ ਤੇ ਮੌਤਾਂ ਦੀ ਗਿਣਤੀ ਸੱਤ ਹੈ। ਉਧਰ ਅਸਾਮ ਵਿੱਚ ਸਾਢੇ ਚਾਰ ਸਾਲਾ ਬੱਚੀ ਜਿਸ ਨੂੰ ਪਹਿਲਾਂ ਸ਼ੁਰੂਆਤ ਵਿੱਚ ਪਾਜ਼ੇਟਿਵ ਪਾਇਆ ਗਿਆ ਸੀ, ਦਾ ਦੂਜਾ ਟੈਸਟ ਨੈਗੇਟਿਵ ਆਉਣ ਨਾਲ ਸੂਬੇ ਨੇ ਰਾਹਤ ਦਾ ਸਾਹ ਲਿਆ ਹੈ। ਸੂਬੇ ਦੇ ਸਿਹਤ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਕਿਹਾ ਰਿਪੋਰਟ ਦੀ ਕਾਪੀ ਟਵੀਟ ਨਾਲ ਨੱਥੀ ਕਰਦਿਆਂ ਕਿਹਾ, ‘ਚਾਰ ਸਾਲਾ ਬੱਚੀ ਦਾ ਜੋਰਹਾਟ ਮੈਡੀਕਲ ਕਾਲਜ ਤੇ ਆਰਐੱਮਆਰਸੀ ਡਿਬਰੂਗੜ੍ਹ ਵਿੱਚ ਕਰਵਾਇਆ ਦੂਜਾ ਟੈਸਟ ਨੈਗੇਟਿਵ ਆਇਆ ਹੈ। ਹੁਣ ਤਕ ਅਸਾਮ ਵਿੱਚ ਕੋਈ ਵੀ ਟੈਸਟ ਪਾਜ਼ੇਟਿਵ ਨਹੀਂ ਪਾਇਆ ਗਿਆ।’ ਉਧਰ ਪੱਛਮੀ ਬੰਗਾਲ ਸਰਕਾਰ ਨੇ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਕੋਲਕਾਤਾ ਸਮੇਤ ਸੂਬੇ ਦੇ ਕਈ ਹੋਰ ਖੇਤਰ ਸੋਮਵਾਰ ਸ਼ਾਮ ਪੰਜ ਵਜੇ ਤੋਂ 27 ਮਾਰਚ ਤਕ ਬੰਦ ਰਹਿਣਗੇ। ਮਹਾਰਾਸ਼ਟਰ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 67 ਹੋ ਗਈ ਹੈ, ਜਿਨ੍ਹਾਂ ਵਿੱਚ ਤਿੰਨ ਵਿਦੇਸ਼ੀ ਵੀ ਸ਼ਾਮਲ ਹਨ। ਕੇਰਲਾ ਵਿੱਚ 52, ਦਿੱਲੀ ਵਿੱਚ 29, ਯੂਪੀ ਵਿੱਚ 27, ਤਿਲੰਗਾਨਾ ਵਿੱਚ 22, ਰਾਜਸਥਾਨ ਵਿੱਚ 24, ਹਰਿਆਣਾ ਵਿੱਚ 21, ਕਰਨਾਟਕ ਵਿੱਚ 26, ਪੰਜਾਬ ਵਿੱਚ 21, ਲੱਦਾਖ ਵਿੱਚ 13, ਗੁਜਰਾਤ 18, ਤਾਮਿਲ ਨਾਡੂ 7, ਚੰਡੀਗੜ੍ਹ ਤੇ ਆਂਧਰਾ ਪ੍ਰਦੇਸ਼ 5-5, ਮੱਧ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਪੱਛਮੀ ਬੰਗਾਲ ’ਚ ਚਾਰ ਚਾਰ ਕੇਸ ਰਿਪੋਰਟ ਹੋਏ ਹਨ। ਉੱਤਰਾਖੰਡ ਵਿੱਚ 3, ਬਿਹਾਰ, ਓੜੀਸਾ ਤੇ ਹਿਮਾਚਲ ਪ੍ਰਦੇਸ਼ ਵਿੱਚ ਦੋ ਦੋ ਕੇਸ ਹਨ। ਪੁੱਡੂਚੇਰੀ ਤੇ ਛੱਤੀਸਗੜ੍ਹ ਵਿੱਚ ਇਕ ਇਕ ਕੇਸ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਤਕ ਹਵਾਈ ਅੱਡਿਆਂ ’ਤੇ 15,17,327 ਮੁਸਾਫ਼ਰਾਂ ਦੀ ਸਕਰੀਨਿੰਗ ਕੀਤੀ ਗਈ ਹੈ।
ਆਈਸੀਐੱਮਆਰ ਨੇ ਕਿਹਾ ਕਿ ਉਸ ਨੇ ਨਮੂਨਿਆਂ ਦੀ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਹੈ, ਪਰ ਕੌਂਸਲ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਕੋਵਿਡ-19 ਦੇ ਟੈਸਟਾਂ ਮੌਕੇ ਕੋਈ ਹਫ਼ੜਾ-ਦਫੜੀ ਨਹੀਂ ਮਚਾਈ ਜਾ ਰਹੀ ਤੇ ਸਾਰਾ ਕੰਮ ਪੂਰੇ ਵਿਵੇਕ ਨਾਲ ਹੋ ਰਿਹੈ। ਕੌਂਸਲ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਰਣਨੀਤੀ ਮੁਤਾਬਕ ਉਨ੍ਹਾਂ ਮਰੀਜ਼ਾਂ ਦੇ ਹੀ ਟੈਸਟ ਕੀਤੇ ਜਾਣਗੇ, ਜਿਨ੍ਹਾਂ ਵਿੱਚ ਲੱਛਣ ਨਜ਼ਰ ਆਉਣਗੇ। ਇਸ ਦੌਰਾਨ ਦਸ ਲੱਖ ਅਮਲੇ ਦੀ ਨਫ਼ਰੀ ਵਾਲੇ ਨੀਮ ਫੌਜੀ ਬਲਾਂ ਦੀ ਆਮਦੋਰਫ਼ਤ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ ਤੇ ਬਲਾਂ ਨੂੰ 5 ਅਪਰੈਲ ਤਕ ਆਪਣੇ ਮੌਜੂਦਾ ਟਿਕਾਣਿਆਂ ’ਤੇ ਬਣੇ ਰਹਿਣ ਦੀ ਹਦਾਇਤ ਕੀਤੀ ਗਈ ਹੈ।

Leave a Reply

Your email address will not be published. Required fields are marked *