ਮਾਣਹਾਨੀ ਕੇਸ: ਅਦਾਲਤ ਵਿੱਚ ਪੇਸ਼ ਹੋਏ ਮਜੀਠੀਆ ਤੇ ਸੰਜੈ ਸਿੰਘ

ਲੁਧਿਆਣਾ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲੁਧਿਆਣਾ ਦੀ ਅਦਾਲਤ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਖ਼ਿਲਾਫ਼ ਕੀਤੇ ਮਾਣਹਾਨੀ ਦੇ ਕੇਸ ਵਿੱਚ ਅੱਜ ਸੰਜੈ ਸਿੰਘ ਤੇ ਬਿਕਰਮ ਸਿੰਘ ਮਜੀਠੀਆ ਅਦਾਲਤ ’ਚ ਪੇਸ਼ ਹੋਏ। ਇਸ ਦੌਰਾਨ ਸੰਜੈ ਸਿੰਘ ਤੋਂ ਪੁੱਛ ਪੜਤਾਲ ਹੋਣੀ ਸੀ, ਜੋ ਨਹੀਂ ਹੋ ਸਕੀ। ਇਸ ਲਈ ਹੁਣ ‘ਆਪ’ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹੀ ਹੈ। ਉਧਰ, ਬਿਕਰਮ ਸਿੰਘ ਮਜੀਠੀਆ ਨੇ ਫਿਲਮੀ ਡਾਇਲਾਗ ਦੀ ਤਰਜ਼ ’ਤੇ ਕਿਹਾ,  ‘ਭਾਗ ਸੰਜੈ ਭਾਗ, ਹੁਣ ਜਿੱਥੇ ਮਰਜ਼ੀ ਭੱਜੋ ਪਰ ਜੇਲ੍ਹ ਤਾਂ ਜਾਣਾ ਹੀ ਪਵੇਗਾ।’

ਪੇਸ਼ੀ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੰਜੈ ਸਿੰਘ ਨੇ ਬਾਹਰ ਬਹੁਤ ਰੌਲਾ ਪਾਇਆ ਸੀ, ਪਰ ਅਦਾਲਤ ਅੰਦਰ ਜਾ ਕੇ ਕੁੱਝ ਬੋਲਦੇ ਨਹੀਂ ਹਨ। ਉਨ੍ਹਾਂ ਨੇ 2016 ਵਿੱਚ ਕੇਸ ਪਾਇਆ ਸੀ, ਜਿਸ ਨੂੰ ਪੰਜ ਸਾਲ ਹੋ ਚੁੱਕੇ ਹਨ। ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ‘ਆਪ’ ਵੱਲੋਂ ਲਗਾਈਆਂ ਅਰਜ਼ੀਆਂ ਵੀ ਖਾਰਜ ਹੋ ਚੁੱਕੀਆਂ ਹਨ।  

‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਜੇਲ੍ਹ ਭੇਜਣਾ ਅਦਾਲਤ ਦਾ ਕੰਮ ਹੈ, ਉਸ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਵਕੀਲ ਨੂੰ ਕ੍ਰਾਸ ਸਬੂਤ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ, ਕੇਸ ਹਾਲੇ ਚੱਲ ਰਿਹਾ ਹੈ। ਕੁਝ ਜ਼ਰੂਰੀ ਦਸਾਤਵੇਜ਼ ਉਨ੍ਹਾਂ ਨੇ ਮੁਹਾਲੀ ਕੋਰਟ ਤੋਂ ਪੇਸ਼ ਕਰਵਾਉਣੇ ਸਨ, ਜੋ ਕਿਸੇ ਕਾਰਨ ਨਹੀਂ ਹੋ ਸਕੇ। ਸਾਲ 2022 ਵਿੱਚ ਹੋਣ ਵਾਲੀ ਚੋਣਾਂ ਬਾਰੇ ਉਨ੍ਹਾਂ ਕਿਹਾ ਪਾਰਟੀ ਇਸ ਵਾਰ ਦਿੱਲੀ ਮਾਡਲ ’ਤੇ ਪੰਜਾਬ ਵਿੱਚ ਚੋਣ ਲੜੇਗੀ। ਉਨ੍ਹਾਂ ਦੇ ਵਕੀਲ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੁਣ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।

ਨਨਕਾਣਾ ਸਾਹਿਬ ਦੇ ਮੁੱਦੇ ’ਤੇ ‘ਆਪ’ ਪੰਜਾਬ ਦੇ ਨਾਲ: ਸੰਜੈ ਸਿੰਘ 

ਨਾਭਾ (ਜੈਸਮੀਨ ਭਾਰਦਵਾਜ): ਲੁਧਿਆਣਾ ਅਦਾਲਤ ’ਚ ਪੇਸ਼ੀ ਮਗਰੋਂ ਦਿੱਲੀ ਤੋਂ ਰਾਜ ਸਭਾ ਮੈਂਬਰ ਸੰਜੈ ਸਿੰਘ, ਆਮ ਆਦਮੀ ਪਾਰਟੀ (ਆਪ) ਦੇ ਲੀਗਲ ਸੈੱਲ ਦੇ ਸੂਬਾ ਪ੍ਰਧਾਨ ਗਿਆਨ ਸਿੰਘ ਮੂੰਗੋ ਦੇ ਘਰ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਨਨਕਾਣਾ ਸਾਹਿਬ ਨਾ ਜਾਣ ਦੇਣ ਦੇ ਮੁੱਦੇ ’ਤੇ ਉਹ ਪੰਜਾਬ ਦੇ ਨਾਲ ਹਨ ਅਤੇ ਇਹ ਕਹਿਣਾ ਗ਼ਲਤ ਹੈ ਕਿ ‘ਆਪ’ ਆਗੂ ਇਸ ਬਾਰੇ ਚੁੱਪ ਹਨ। ਉਨ੍ਹਾਂ ਕਿਹਾ ਕਿ ‘ਆਪ’ ਕਿਸਾਨਾਂ ਦੀ ਹਮਾਇਤ ’ਚ ਸਭ ਤੋਂ ਅੱਗੇ ਖੜ੍ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿੱਚ ਝੂਠ ਬੋਲਿਆ ਕਿ ਘੱਟੋ-ਘੱਟ ਸਮਰਥਨ ਮੁੱਲ ਹੈ, ਸੀ ਤੇ ਰਹੇਗਾ। ਉਨ੍ਹਾਂ ਕਿਹਾ, ‘ਮੋਦੀ ਝੂਠੇ ਸਨ, ਹੈ ਤੇ ਰਹਿਣਗੇ।’  

Leave a Reply

Your email address will not be published. Required fields are marked *