ਦੀਪ ਸਿੱਧੂ ਨੇ ਜੇਲ੍ਹ ਵਿੱਚ ਸੁਰੱਖਿਆ ਵਾਸਤੇ ਅਰਜ਼ੀ ਵਾਪਸ ਲਈ

ਨਵੀਂ ਦਿੱਲੀ : ਪੰਜਾਬੀ ਅਦਾਕਾਰ ਤੇ ਗਾਇਕ ਦੀਪ ਸਿੱਧੂ ਨੇ ਜੇਲ੍ਹ ਵਿਚ ਸੁਰੱਖਿਆ ਦੀ ਮੰਗ ਲਈ ਅਦਾਲਤ ਵਿੱਚ ਦਾਇਰ ਅਰਜ਼ੀ ਵਾਪਸ ਲੈ ਲਈ ਹੈ। ਸਿੱਧੂ ਨੂੰ ਜੇਲ੍ਹ ਵਿਚਲੇ ਵੱਖਰੇ ਸੈੱਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਮਗਰੋਂ ਉਸ ਨੇ ਇਹ ਫੈਸਲਾ ਲਿਆ ਹੈ। ਇਸ ਦੌਰਾਨ ਸਿੱਧੂ ਨੇ ‘ਨਿਰਪੱਖ ਜਾਂਚ’ ਦੀ ਮੰਗ ਕਰਦੀ ਵੱਖਰੀ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਉਸ ਨੇ ਦਿੱਲੀ ’ਚ ਹੋਈ ਹਿੰਸਾ ਨੂੰ ਹਵਾ ਨਹੀਂ ਦਿੱਤੀ, ਬਲਕਿ ਹਜੂਮ ਨੂੰ ਸ਼ਾਂਤ ਕਰਕੇ ਪੁਲੀਸ ਦੀ ਹੀ ਮਦਦ ਕੀਤੀ। ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਚੀਫ਼ ਮੈਟਰੋਪੋਲਿਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨੂੰ ਦੱਸਿਆ, ‘‘ਅਸੀਂ ਸੁਰੱਖਿਆ ਦੀ ਅਪੀਲ ਨੂੰ ਵਾਪਸ ਲੈ ਰਹੇ ਹਾਂ ਕਿਉਂਕਿ ਮੇਰੇ ਮੁਵੱਕਿਲ ਨੂੰ ਪਹਿਲਾਂ ਹੀ ਜੇਲ੍ਹ ਵਿਚਲੇ ਵੱਖਰੇ ਸੈੱਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।’ ਸਿੱਧੂ ਇਸ ਵੇਲੇ ਤਿਹਾੜ ਜੇਲ੍ਹ ’ਚ ਨਿਆਂਇਕ ਹਿਰਾਸਤ ਤਹਿਤ ਬੰਦ ਹੈ। ‘ਨਿਰਪੱਖ ਜਾਂਚ’ ਦੀ ਮੰਗ ਕਰਦੀ ਦੂਜੀ ਪਟੀਸ਼ਨ ’ਤੇ ਹੋਈ ਸੁਣਵਾਈ ਦੌਰਾਨ ਅਦਾਕਾਰ ਨੇ ਦਾਅਵਾ ਕੀਤਾ ਕਿ ਉਸ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਹਿੰਸਾ ਨਹੀਂ ਭੜਕਾਈ ਬਲਕਿ ਉਹ ਤਾਂ ਹਜੂਮ ਨੂੰ ਸ਼ਾਂਤ ਕਰਨ ਵਿੱਚ ਪੁਲੀਸ ਦੀ ਮਦਦ ਕਰ ਰਿਹਾ ਸੀ। ਸਿੱਧੂ ਨੇ ਅਦਾਲਤ ਨੂੰ ਦੱਸਿਆ ਕਿ ਹਿੰਸਾ ਵਾਲੇ ਦਿਨ ਉਹ ਦੁਪਹਿਰ 12 ਵਜੇ ਤੱਕ ਮੂਰਥਲ ਦੇ ਇਕ ਹੋਟਲ ਵਿੱਚ ਸੀ ਤੇ ਬਾਅਦ ਦੁਪਹਿਰ ਦੋ ਵਜੇ ਲਾਲ ਕਿਲੇ ਪੁੱਜਾ ਸੀ। ਸਿੱਧੂ ਨੇ ਆਪਣੇ ਇਸ ਦਾਅਵੇ ਦੀ ਪੁਸ਼ਟੀ ਲਈ ਪੁਲੀਸ ਨੂੰ ਉਸ ਦੀ ਫੋਨ ਲੋਕੇਸ਼ਨ ਤੇ ਕਾਰ ਨੈਵੀਗੇਸ਼ਨ ਸਿਸਟਮ ਦਾ ਡੇਟਾ ਘੋਖਣ ਲਈ ਕਿਹਾ ਹੈ। ਸਿੱਧੂ ਨੇ ਕਿਹਾ, ‘ਮੀਡੀਆ ਵੱਲੋਂ ਉਸ ਖ਼ਿਲਾਫ਼ ਟਰਾਇਲ ਚਲਾਇਆ ਜਾ ਰਿਹੈ। ਮੈਨੂੰ ਮੁੱਖ ਵਿਅਕਤੀ (ਸਰਗਨਾ) ਦੱਸ ਕੇ ਮੇਰੇ ਦੁਆਲੇ ਸਾਰੀ ਕਹਾਣੀ ਬੁਣੀ ਜਾ ਰਹੀ ਹੈ।’

Leave a Reply

Your email address will not be published. Required fields are marked *