ਪ੍ਰਸ਼ਾਂਤ ਕਿਸ਼ੋਰ ਬਣੇ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ

ਚੰਡੀਗੜ੍ਹ:ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਮੁੱਖ ਸਲਾਹਕਾਰ ਨਿਯਕੁਤ ਕੀਤਾ ਗਿਆ ਹੈ ਜਿਸ ਤੋਂ ਨਵਾਂ ਸਿਆਸੀ ਵਿਵਾਦ ਛਿੜ ਗਿਆ ਹੈ। ਹੁਣ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਤਕਰੀਬਨ ਇੱਕ ਸਾਲ ਹੀ ਰਹਿ ਗਿਆ ਹੈ ਤਾਂ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਨੂੰ ਸਿਆਸੀ ਹਲਕੇ ਹੈਰਾਨੀ ਨਾਲ ਵੇਖ ਰਹੇ ਹਨ।  ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਅੱਜ ਕੀਤੇ ਹੁਕਮਾਂ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਨੂੰ ਕੈਬਨਿਟ ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਬੇਸ਼ੱਕ ਪ੍ਰਸ਼ਾਂਤ ਕਿਸ਼ੋਰ ਇੱਕ ਰੁਪਏ ਤਨਖਾਹ ’ਤੇ ਕੰਮ ਕਰਨਗੇ ਪਰ ਉਨ੍ਹਾਂ ਨੂੰ ਕੈਬਨਿਟ ਮੰਤਰੀ ਵਾਲੀਆਂ ਸਭ ਸਹੂਲਤਾਂ ਮਿਲਣਗੀਆਂ। ਹੁਕਮਾਂ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਨੂੰ ਇੱਕ ਫਰਨਿਸ਼ਡ ਰਿਹਾਇਸ਼ ਅਤੇ ਕੈਂਪ ਦਫਤਰ ਦੀ ਸਹੂਲਤ ਮਿਲੇਗੀ। ਟਰਾਂਸਪੋਰਟ ਵਿਭਾਗ ਵੱਲੋਂ ਗੱਡੀ ਦਿੱਤੀ ਜਾਵੇਗੀ ਤੇ ਹਵਾਈ ਜਹਾਜ਼ ਤੇ ਰੇਲ ਗੱਡੀ ’ਚ ਐਗਜ਼ੈਕਟਿਵ ਕਲਾਸ ਦੇ ਸਫ਼ਰ ਦੀ ਸਹੂਲਤ ਵੀ ਮਿਲੇਗੀ। ਪ੍ਰਾਹੁਣਚਾਰੀ ਲਈ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ ਅਤੇ ਮੈਡੀਕਲ ਸਹੂਲਤ ਵੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਨੂੰ ਇੱਕ ਪ੍ਰਾਈਵੇਟ ਸੈਕਟਰੀ, ਇੱਕ ਨਿੱਜੀ ਸਹਾਇਕ, ਇੱਕ ਡਾਟਾ ਐਂਟਰੀ ਅਪਰੇਟਰ, ਇੱਕ ਕਲਰਕ ਅਤੇ ਦੋ ਪੀਅਨ ਮਿਲਣਗੇ। ਘਰ ਅਤੇ ਦਫਤਰ ਵਿੱਚ ਲੈਂਡਲਾਈਨ ਫੋਨ ਤੋਂ ਇਲਾਵਾ ਮੋਬਾਈਲ ਫੋਨ ’ਤੇ ਅਣਲਿਮਟਡ ਖਰਚ ਦੀ ਸਹੂਲਤ ਵੀ ਦਿੱਤੀ ਗਈ ਹੈ। ਫੈਕਸ ਦੀ ਸੁਵਿਧਾ ਵੀ ਦਿੱਤੀ ਜਾਣੀ ਹੈ। ਦੱਸਣਯੋਗ ਹੈ ਕਿ 2017 ਚੋਣਾਂ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਪੰਜਾਬ ਕਾਂਗਰਸ ਲਈ ਕੰਮ ਕੀਤਾ ਸੀ। ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਚੋਣ ਰਣਨੀਤੀ ਦਾ ਤਜਰਬਾ ਹੈ ਅਤੇ ਉਨ੍ਹਾਂ ਦੀ ਇਸ ਨਿਯੁਕਤੀ ਨਾਲ ਕਾਂਗਰਸ ਨੂੰ ਫਾਇਦਾ ਮਿਲੇਗਾ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਜੁਮਲੇਬਾਜ਼ ਨੂੰ ਪ੍ਰਮੁੱਖ ਸਲਾਹਕਾਰ ਨਿਯੁਕਤ ਕਰਕੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।

ਸਰਕਾਰੀ ਖਜ਼ਾਨੇ ਦੀ ਬਰਬਾਦੀ: ਚੀਮਾ

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਖਜ਼ਾਨੇ ਦਾ ਪੈਸਾ ਬਰਬਾਦ ਕਰ ਰਹੀ ਹੈ। ਕਾਂਗਰਸ ਪੂਰੀ ਤਰ੍ਹਾਂ ਮਰ ਚੁੱਕੀ ਹੈ ਅਤੇ ਹੁਣ ਵੈਂਟੀਲੇਟਰ ’ਤੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਜੋ ਮਰਜ਼ੀ ਕਰ ਲਵੇ, ਉਨ੍ਹਾਂ ਦੀ ਕੋਈ ਵੀ ਯੋਜਨਾ ਕੰਮ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਤੋਂ ਪੰਜਾਬੀ ਪਹਿਲਾਂ ਹੀ ਜਾਣੂ ਹਨ ਅਤੇ ਲੋਕ ਵਾਰ ਵਾਰ ਮੂਰਖ ਨਹੀਂ ਬਣਨਗੇ। 

ਪੰਜਾਬੀ ਜੁਮਲੇਬਾਜ਼ਾਂ ਨੂੰ ਮੂੰਹ ਨਹੀਂ ਲਾਉਣਗੇ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਸੀ ਕਿ ਕਾਂਗਰਸ ਨੇ ਝੂਠ ਬੋਲਣਾ ਸਿੱਖਣ ਵਾਸਤੇ ਪ੍ਰਸ਼ਾਂਤ ਕਿਸ਼ੋਰ ਨੂੰ ਮੁੜ ਲਿਆਂਦਾ ਹੈ ਪਰ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਉਨ੍ਹਾਂ ਕਿਹਾ ਕਿ ਇਹ ਉਹੀ ਪ੍ਰਸ਼ਾਂਤ ਕਿਸ਼ੋਰ ਹੈ ਜਿਸ ਨੇ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਦੀ ਸਹੁੰ ਖਾਣ ਲਈ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਜੁਮਲੇਬਾਜ਼ਾਂ ਨੂੰ ਮੂੰਹ ਨਹੀਂ ਲਾਉਣਗੇ। 

Leave a Reply

Your email address will not be published. Required fields are marked *