ਹਾਕਮ ਤੇ ਵਿਰੋਧੀ ਧਿਰ ਵੱਲੋਂ ਇੱਕ-ਦੂਜੇ ’ਤੇ ਨਿਸ਼ਾਨੇ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ’ਚ ਅੱਜ ਬਜਟ ਇਜਲਾਸ ਦੇ ਦੂਜੇ ਦਿਨ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੌਰਾਨ ਕੇਂਦਰੀ ਖੇਤੀ ਕਾਨੂੰਨਾਂ ਦਾ ਮਾਮਲਾ ਉਭਰਵੇਂ ਰੂਪ ਵਿਚ ਸਾਹਮਣੇ ਆਇਆ ਜਿਸ ਦੌਰਾਨ ਹਾਕਮ ਧਿਰ ਅਤੇ ਵਿਰੋਧੀ ਧਿਰਾਂ ਨੇ ਇੱਕ-ਦੂਸਰੇ ਨੂੰ ਨਿਸ਼ਾਨੇ ’ਤੇ ਲਿਆ। ਬਹਿਸ ਦੌਰਾਨ ਅੱਜ ਕਿਸਾਨ ਖੁਦਕੁਸ਼ੀਆਂ, ਕਰਜ਼ਾ ਮੁਆਫੀ, ਵਜ਼ੀਫਿਆਂ, ਸਿਹਤ ਬੀਮਾ ਸਕੀਮ, ਸ਼੍ਰੋਮਣੀ ਕਮੇਟੀ ਤੇ ਕੌਂਸਲ ਚੋਣਾਂ ਆਦਿ ਮੁੱਦੇ ਵੀ ਭਾਰੂ ਰਹੇ। ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਰਮਿਆਨ ਕਾਫੀ ਤਣਾਤਣੀ ਵੀ ਬਣੀ ਰਹੀ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਸ਼ਨ ਕਾਲ ਦੌਰਾਨ ਸਦਨ ਵਿਚ ਹਾਜ਼ਰ ਰਹੇ ਅਤੇ ਉਨ੍ਹਾਂ ਸੜਕਾਂ ਦੀ ਮੁਰੰਮਤ ਦੇ ਮਾਮਲੇ ’ਤੇ ‘ਆਪ’ ਵਿਧਾਇਕਾ ਰੁਪਿੰਦਰ ਰੂਬੀ ਦੇ ਸੁਆਲ ਦਾ ਜੁਆਬ ਵੀ ਦਿੱਤਾ। ਬਹੁਤੇ ਵਿਧਾਇਕਾਂ ਦੇ ਗੈਰਹਾਜ਼ਰ ਹੋਣ ਕਰਕੇ ਪ੍ਰਸ਼ਨ ਕਾਲ ਸਿਰਫ 35 ਕੁ ਮਿੰਟਾਂ ’ਚ ਖਤਮ ਹੋ ਗਿਆ।

ਅੱਜ ਸਦਨ ’ਚ ਵਿਧਾਇਕ ਰਾਜ ਕੁਮਾਰ ਵੇਰਕਾ ਵੱਲੋਂ ਰਾਜਪਾਲ ਦੇ ਬੀਤੇ ਦਿਨ ਦੇ ਭਾਸ਼ਣ ’ਤੇ ਧੰਨਵਾਦ ਮਤਾ ਪੇਸ਼ ਕੀਤੇ ਜਾਣ ਨਾਲ ਬਹਿਸ ਸ਼ੁਰੂ ਹੋਈ। ਡਾ. ਵੇਰਕਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਅਨਿਆਂ ਦੀ ਗੱਲ ਕਰਦੇ ਹੋਏ ਜੀਐੱਸਟੀ ਅਤੇ ਦਿਹਾਤੀ ਵਿਕਾਸ ਫੰਡਾਂ ਦੇ ਬਕਾਏ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਖੇਤੀ ਸੋਧ ਬਿੱਲ ਪਾਸ ਕਰਕੇ ਕਿਸਾਨਾਂ ਦੀ ਬਾਂਹ ਫੜੀ ਪ੍ਰੰਤੂ ਵਿਰੋਧੀਆਂ ਨੇ ਕਦੇ ਵੀ ਪੰਜਾਬ ਨਾਲ ਹੁੰਦੇ ਧੱਕੇ ਦਾ ਮਾਮਲਾ ਕੇਂਦਰ ਕੋਲ ਨਹੀਂ ਉਠਾਇਆ। ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਸ ਮੁੱਦੇ ’ਤੇ ਸੰਸਦ ਵਿਚ ਵੀ ਮੂੰਹ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੰਜਾਬ ’ਚ ਬੀਤੇ ਦਸ ਸਾਲ ਰਾਜ ਕੀਤਾ, ਉਨ੍ਹਾਂ ਕੇਂਦਰੀ ਖੇਤੀ ਕਾਨੂੰਨਾਂ ’ਦੇ ਮਾਮਲੇ ’ਤੇ ਯੂ-ਟਰਨ ਲਿਆ। ਵਿਰੋਧੀ ਧਿਰ ਵੱਲੋਂ ‘ਆਪ’ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਘੋਲ ਦੌਰਾਨ ਕਿਸਾਨਾਂ ਦੀ ਬਾਂਹ ਨਹੀਂ ਫੜੀ ਬਲਕਿ ਬਾਂਹ ਮਰੋੜੀ ਹੈ। ਪਰਾਲੀ ਤੋਂ ਅੱਗ ਲਾਉਣ ਤੋਂ ਪ੍ਰਹੇਜ਼ ਕਰਨ ਵਾਲੇ ਕਿਸਾਨਾਂ ਨੂੰ ਅੱਜ ਤੱਕ ਸਰਕਾਰ ਨੇ ਕੋਈ ਰਾਸ਼ੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਰਾਜਪਾਲ ਦੇ ਭਾਸ਼ਣ ’ਤੇ ‘ਅੱਗਾ ਦੌੜ, ਪਿੱਛਾ ਚੌੜ’ ਕਹਾਵਤ ਪੂਰੀ ਢੁੱਕਦੀ ਹੈ। ਖੇਤ ਮਜ਼ਦੂਰਾਂ ਨਾਲ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਬੁੱਢੇ ਨਾਲੇ ਸਮੇਤ ਦਰਿਆਵਾਂ ਵਿਚ ਪੈਂਦੇ ਦੂਸ਼ਿਤ ਪਾਣੀਆਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਪ੍ਰਸ਼ਾਂਤ ਕਿਸ਼ੋਰ ਦਾ ਜ਼ਿਕਰ ਕਰਦਿਆਂ ਆਖਿਆ ਕਿ ਗੁਟਕਾ ਸਾਹਿਬ ਦੀ ਸਹੁੰ ਚੁਕਾਉਣ ਵਾਲੇ ਨੂੰ ਸਰਕਾਰ ਨੇ ਰੁਜ਼ਗਾਰ ਦੇ ਦਿੱਤਾ ਹੈ। ਉਨ੍ਹਾਂ ਦਿੱਲੀ ਦੀ ‘ਆਪ’ ਸਰਕਾਰ ਦੀ ਪ੍ਰਸ਼ੰਸਾ ਕੀਤੀ। ਸ਼੍ਰੋਮਣੀਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਮੁੱਖ ਮੰਤਰੀ ਨੇ ਕਦੇ ਵੀ ਪ੍ਰਧਾਨ ਮੰਤਰੀ ਤੋਂ ਸਮਾਂ ਲੈ ਕੇ ਪੱਖ ਨਹੀਂ ਰੱਖਿਆ ਜਦਕਿ ਕੇਂਦਰੀ ਉੱਚ ਤਾਕਤੀ ਕਮੇਟੀ ਦੇ ਮੁੱਖ ਮੰਤਰੀ ਮੈਂਬਰ ਵੀ ਸਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਖ਼ਬਰਾਂ ਲਵਾਉਣ ਲਈ ਮੁੱਖ ਮੰਤਰੀ ਜੇਬ ਵਿੱਚ ਅਸਤੀਫਾ ਰੱਖਦੇ ਹਨ ਅਤੇ ਕੁਲਜੀਤ ਨਾਗਰਾ ਅਸਤੀਫਾ ਦਿੰਦੇ ਹਨ। ਸਰਕਾਰ ਨੇ ਸਹੁੰ ਖਾ ਕੇ ਵੀ ਵਾਅਦੇ ਪੂਰੇ ਨਹੀਂ ਕੀਤੇ ਤੇ ਅੱਜ ਵੀ ਕਿਸਾਨਾਂ ਨੂੰ ਨੋਟਿਸ ਮਿਲ ਰਹੇ ਹਨ। ਉਨ੍ਹਾਂ ‘ਆਪ’ ’ਤੇ ਤਨਜ਼ ਕਸਦੇ ਹੋਏ ਕਿਹਾ ਕਿ ‘ਪੰਜਾਬ ਵਾਲੇ ਦਿੱਲੀ ਅੰਨ ਭੇਜਦੇ ਹਨ, ਨਾ ਕਿ ਧੂੰਆਂ।’ ਇਸ ਦਾ ਵਿਰੋਧ ਕਰਦਿਆਂ ‘ਆਪ’ ਦੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ’ਚ ਚੱਲ ਰਹੇ ਕਿਸਾਨ ਘੋਲ ਦੀ ਮਦਦ ’ਚ ਦਿੱਲੀ ਸਰਕਾਰ ਨੇ ਪਾਣੀ ਆਦਿ ਦੇ ਪ੍ਰਬੰਧ ਕੀਤੇ ਹਨ। ਧੰਨਵਾਦ ਮਤੇ ਦੀ ਪ੍ਰੋੜਤਾ ਕਰਦਿਆਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਘੋਲ ਦੀ ਪੂਰਨ ਮਦਦ ਕੀਤੀ ਜਦਕਿ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਕੇਂਦਰੀ ਖੇਤੀ ਆਰਡੀਨੈਸਾਂ ਦੀ ਵਕਾਲਤ ਕਰਦਾ ਰਿਹਾ ਹੈ। ਉਨ੍ਹਾਂ ਕੇਂਦਰ ਵੱਲੋਂ ਦਿਹਾਤੀ ਵਿਕਾਸ ਫੰਡ ਰੋਕੇ ਜਾਣ ਦੀ ਗੱਲ ਵੀ ਰੱਖੀ। ਵਿਧਾਇਕ ਕੁਲਜੀਤ ਨਾਗਰਾ ਨੇ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕੇਂਦਰੀ ਮਹਿਲਾ ਮੰਤਰੀ ਨੇ ਉਸ ਵੇਲੇ ਕੇਂਦਰੀ ਕੈਬਨਿਟ ਵਿਚ ਖੇਤੀ ਬਿੱਲਾਂ ’ਤੇ ਵਿਰੋਧ ਦਰਜ ਨਹੀਂ ਕਰਾਇਆ ਜਿਸ ਕਰਕੇ ਲੋਕਾਂ ਨੇ ਇਨ੍ਹਾਂ ਦਾ ਪੰਜਾਬ ’ਚ ਦਾਖਲਾ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ  ਸਰਕਾਰ ਨੇ ਕਿਸਾਨ ਘੋਲ ਦੌਰਾਨ ਕਿਸਾਨਾਂ ਦੀ ਹਰ ਗੱਲ ਮੰਨੀ ਅਤੇ ਖੁਦ ਉਹ ਦਿੱਲੀ ਮੋਰਚਾ  ਵਿਚ ਕਈ ਦਫਾ ਜਾ ਆਏ ਹਨ। ਨਾਗਰਾ ਨੇ ਕਿਹਾ ਕਿ ਅੱਜ ਵੀ ਉਹ ਸਪੀਕਰ ਨੂੰ ਅਪੀਲ ਕਰਦੇ ਹਨ  ਕਿ ਉਸ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤਾ ਅਸਤੀਫਾ ਪ੍ਰਵਾਨ ਕਰਨ। ‘ਆਪ’ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਕਾਂਗਰਸ ਵੀ ਉਨੀ ਹੀ ਦੋਸ਼ੀ ਹੈ ਜਿੰਨੀ ਭਾਜਪਾ ਕਿਉਂਕਿ ਮੁੱਖ ਮੰਤਰੀ ਉੱਚ ਤਾਕਤੀ ਕਮੇਟੀ ਦੇ ਮੈਂਬਰ ਸਨ। ਅਕਾਲੀ ਵਿਧਾਇਕ ਐੱਨਕੇ ਸ਼ਰਮਾ ਨੇ ਕਿਹਾ ਹਰਸਿਮਰਤ ਕੌਰ ਬਾਦਲ ਨੇ ਬਤੌਰ ਕੇਂਦਰੀ ਮੰਤਰੀ ਖੇਤੀ ਬਿੱਲਾਂ ਦੇ ਮਾਮਲੇ ’ਤੇ ਕੈਬਨਿਟ ਵਿੱਚ ਵਿਰੋਧ ਦਰਜ ਕਰਾਇਆ ਸੀ। ਉਨ੍ਹਾਂ ਇੱਥੋਂ ਤੱਕ ਆਖਿਆ ਕਿ ਜੇਕਰ ਵਿਰੋਧ ਦਰਜ ਕਰਾਏ ਜਾਣ ਦੀ ਗੱਲ ਝੂਠੀ ਨਿਕਲੀ ਤਾਂ ਸਾਰੇ ਅਕਾਲੀ ਵਿਧਾਇਕ ਅਸਤੀਫੇ ਦੇ ਦੇਣਗੇ। ਵਿਧਾਇਕ ਗੁਰਕੀਰਤ ਕੋਟਲੀ ਨੇ ਬਹਿਸ ਵਿਚ ਹਿੱਸਾ ਲੈਂਦਿਆ ਕਿਹਾ ਕਿ ਕੌਂਸਲ ਚੋਣਾਂ ਮਗਰੋਂ ਹੁਣ ਵਿਰੋਧੀ ਧਿਰਾਂ ਦੂਜੇ ਨੰਬਰ ਦੀ ਲੜਾਈ ਲੜ ਰਹੀਆਂ ਹਨ ਅਤੇ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ‘ਵਾਪਸ ਜਾਓ’ ਆਖ ਦਿੱਤਾ ਹੈ। ਵਿਸ਼ੇਸ਼ ਅਧਿਕਾਰ ਕਮੇਟੀ ਦੇ ਸਭਾਪਤੀ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਦਨ ਵਿਚ ਵਿਸ਼ੇਸ਼ ਅਧਿਕਾਰਾਂ ਦੇ ਮਾਮਲੇ ’ਤੇ ਰਿਪੋਰਟ ਪੇਸ਼ ਕਰਨ ਲਈ ਸਮਾਂ 31 ਮਾਰਚ ਤੱਕ ਵਧਣ ਦੀ ਗੱਲ ਰੱਖਦਿਆਂ ਆਪਣੀ ਰਿਪੋਰਟ ਪੇਸ਼ ਕਰਨ ਤੋਂ ਅਸਮਰੱਥਾ ਜ਼ਾਹਿਰ ਕੀਤੀ।

Leave a Reply

Your email address will not be published. Required fields are marked *