ਭਾਰਤੀ ਬੰਦਰਗਾਹਾਂ ’ਚ 82 ਅਰਬ ਡਾਲਰ ਦਾ ਨਿਵੇਸ਼ ਕਰਾਂਗੇ: ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਸਾਲ 2035 ਤੱਕ ਬੰਦਰਗਾਹਾਂ ਨਾਲ ਜੁੜੇ ਪ੍ਰਾਜੈਕਟਾਂ ’ਚ 82 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਸਮੁੰਦਰੀ ਖੇਤਰ ਵਿੱਚ ਨਵਿਆਉਣਯੋਗ ਊਰਜਾ ਦੇ ਸਰੋਤਾਂ ਦੀ ਸਾਫ਼ ਸਫ਼ਾਈ, ਨਦੀਆਂ ਨਾਲਿਆਂ ਨੂੰ ਵਿਕਸਤ ਕਰਨ, ਸੀਅਪਲੇਨ ਨਾਲ ਜੁੜੀਆਂ ਸੇਵਾਵਾਂ ਨੂੰ ਵਧਾਉਣ ਤੇ ਚਾਨਣ ਮੁਨਾਰਿਆਂ (ਲਾਈਟਹਾਊਸਾਂ) ਦੁਆਲੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵਿੱਚ ਆਪਣੀ ਸਾਂਝ ਨੂੰ ਹੋਰ ਵਧਾਏਗਾ। ਉਨ੍ਹਾਂ ਆਲਮੀ ਭਾਈਵਾਲਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਨੂੰ ‘ਤਰਜੀਹੀ ਨਿਵੇਸ਼ ਦਾ ਟਿਕਾਣਾ’ ਬਣਾਉਣ। ਸ੍ਰੀ ਮੋਦੀ ਨੇ ਇਸ ਮੌਕੇ ਈ-ਬੁੱਕ ਮੈਰੀਟਾਈਮ ਇੰਡੀਆ ਵਿਜ਼ਨ (ਐੱਮਆਈਵੀ) 2030 ਤੇ ਸਾਗਰ ਮੰਥਨ ਤਜਾਰਤੀ ਮੈਰੀਨ ਡੋਮੇਨ ਵੀ ਲਾਂਚ ਕੀਤੇ। ਇਸ ਇਲੈਕਟ੍ਰੋਨਿਕ ਕਿਤਾਬਚੇ ’ਚ ਵਿਕਾਸ ਨੂੰ ਰਫ਼ਤਾਰ ਦੇਣ ਤੇ ਨਿੱਗਰ ਫਾਇਦਾ ਯਕੀਨੀ ਬਣਾਉਣ ਲਈ ਖੇਤੀ, ਲੌਜਿਸਟਿਕਸ (ਢੋਆ-ਢੁਆਈ), ਸਥਾਨਕ ਉਤਪਾਦਨ, ਰੀਸਾਈਕਲਿੰਗ ਤੇ ਸੈਰ-ਸਪਾਟਾ ਜਿਹੇ ਪੰਜ ਅਹਿਮ ਖੇਤਰਾਂ ਦੀ ਪਛਾਣ ਕੀਤੀ ਗਈ ਹੈ।

ਇਥੇ ਮੈਰੀਟਾਈਮ ਭਾਰਤ ਸਿਖਰ ਵਾਰਤਾ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ 400 ਦੇ ਕਰੀਬ ਪ੍ਰਾਜੈਕਟ, ਜਿਨ੍ਹਾਂ ਵਿੱਚ 31 ਅਰਬ ਡਾਲਰਾਂ ਦਾ ਨਿਵੇਸ਼ ਸੰਭਵ ਹੈ, ਨਿਵੇਸ਼ਕਾਂ ਲਈ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕ ਇਨ੍ਹਾਂ ਪ੍ਰਾਜੈਕਟਾਂ ’ਚ ਪੈਸਾ ਲਾ ਕੇ ਭਾਰਤ ਦੇ ਵਿਕਾਸ ਪੱਥ ਦੇ ਰਾਹੀ ਬਣ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘ਸਾਗਰਮਾਲਾ ਪ੍ਰਾਜੈਕਟ ਤਹਿਤ 82 ਅਰਬ ਅਮਰੀਕੀ ਡਾਲਜ ਜਾਂ 6 ਲੱਖ ਕਰੋੜ ਰੁਪਏ ਦੇ 574 ਤੋਂ ਵੱਧ ਪ੍ਰਾਜੈਕਟਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਨੂੰ ਸਾਲ 2030 ਤੇ 2035 ਦੌਰਾਨ ਅਮਲ ਵਿੱਚ ਲਿਆਂਦਾ ਜਾਵੇਗਾ…ਅਸੀਂ ਬੰਦਰਗਾਹ ਖੇਤਰ ਵਿੱਚ ਨਿੱਜੀ ਨਿਵੇਸ਼ ਨੂੰ ਹੱਲਾਸ਼ੇਰੀ ਦੇਵਾਂਗੇ…ਭਾਰਤ ਦੀ ਲੰਮੀ ਸਾਹਿਲੀ ਰੇਖਾ ਨੂੰ ਤੁਹਾਡੀ ਉਡੀਕ ਹੈ। ਭਾਰਤ ਦੇ ਮਿਹਨਤਕਸ਼ ਲੋਕਾਂ ਨੂੰ ਤੁਹਾਡੀ ਉਡੀਕ ਹੈ।’

ਸ੍ਰੀ ਮੋਦੀ ਨੇ ਭਾਈਵਾਲਾਂ ਨੂੰ ਭਾਰਤੀ ਬੰਦਰਗਾਹਾਂ, ਗੋਦੀਆਂ ਤੇ ਨਦੀਆਂ-ਨਾਲਿਆਂ ਤੇ ਨਹਿਰਾਂ ’ਚ ਨਿਵੇਸ਼ ਦਾ ਸੱਦਾ ਦਿੰਦਿਆਂ ਕਿਹਾ, ‘ਸਾਡੀਆਂ ਬੰਦਰਗਾਹਾਂ, ਸਾਡੇ ਲੋਕਾਂ ’ਚ ਨਿਵੇਸ਼ ਕਰੋ। ਭਾਰਤ ਨੂੰ ਤਰਜੀਹੀ ਵਪਾਰਕ ਟਿਕਾਣਿਆਂ ’ਚ ਸ਼ੁਮਾਰ ਕੀਤਾ ਜਾਵੇ।’ ਉਨ੍ਹਾਂ ਕਿਹਾ, ‘ਅਸੀਂ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਬੰਦਰਗਾਹਾਂ ’ਤੇ ਸੌਰ ਤੇ ਹਵਾ ਅਧਾਰਿਤ ਊਰਜਾ ਪ੍ਰਣਾਲੀ ਸਥਾਪਤ ਕਰਨ ਦੇ ਅਮਲ ਵਿੱਚ ਹਾਂ। ਸਾਲ 2030 ਤੱਕ ਤਿੰਨ ਪੜਾਵਾਂ ’ਚ ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ ’ਤੇ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ 60 ਗੁਣਾ ਵਧਾਉਣ ਦਾ ਟੀਚਾ ਮਿੱਥਿਆ ਗਿਆ ਹੈ।’ ਉਨ੍ਹਾਂ ਕਿਹਾ ਕਿ ਘਰੇਲੂ ਪੱਧਰ ’ਤੇ ਸਮੁੰਦਰੀ ਬੇੜਿਆਂ ਦਾ ਨਿਰਮਾਣ ਤੇ ਰਿਪੇਅਰ ’ਤੇ ਵੀ ਭਾਰਤ ਦੀ ਨਜ਼ਰ ਹੈ ਤੇ ਇਸ ਕੰਮ ਲਈ ਵਿੱਤੀ ਪਾਲਿਸੀ ਪਹਿਲਾਂ ਹੀ ਪ੍ਰਵਾਨ ਕੀਤੀ ਜਾ ਚੁੱਕੀ ਹੈ।

Leave a Reply

Your email address will not be published. Required fields are marked *