ਅਨੁਰਾਗ ਦੇ ਟਿਕਾਣਿਆਂ ’ਤੇ ਆਈਟੀ ਦੇ ਛਾਪੇ

ਮੁੰਬਈ/ਨਵੀਂ ਦਿੱਲੀ : ਆਮਦਨ ਕਰ ਵਿਭਾਗ ਨੇ ਫਿਲਮਸਾਜ਼ ਅਨੁਰਾਗ ਕਸ਼ਯਪ ਅਤੇ ਉਸ ਦੇ ਭਾਈਵਾਲਾਂ ਦੇ ਟਿਕਾਣਿਆਂ ’ਤੇ ਅੱਜ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਕਿਹਾ ਕਿ ਅਨੁਰਾਗ ਦੇ ਪ੍ਰੋਡਕਸ਼ਨ ਹਾਊਸ ਫੈਂਟਮ ਫਿਲਮਜ਼, ਟੇਲੈਂਟ ਮੈਨੇਜਮੈਂਟ ਕੰਪਨੀ ਕਵਾਨ ਅਤੇ ਰਿਲਾਇੰਸ ਐਂਟਰਟੇਨਮੈਂਟ ਗਰੁੱਪ ਦੇ ਸੀਈਓ ਸ਼ਿਭਾਸ਼ੀਸ਼ ਸਰਕਾਰ ਦੇ ਮੁੰਬਈ ਅਤੇ ਪੁਣੇ ਸਥਿਤ 30 ਟਿਕਾਣਿਆਂ ’ਤੇ ਟੈਕਸ ਚੋਰੀ ਦੀ ਜਾਂਚ ਲਈ ਛਾਪੇ ਮਾਰੇ ਗਏ। ਪ੍ਰੋਡਕਸ਼ਨ ਹਾਊਸ ਅਤੇ ਇਸ ਦੇ ਤਤਕਾਲੀ ਪ੍ਰਮੋਟਰ ਕਸ਼ਯਪ, ਡਾਇਰੈਕਟਰ-ਪ੍ਰੋਡਿਊਸਰ ਵਿਕਰਮਾਦਿੱਤਿਆ ਮੋਟਵਾਨੇ, ਪ੍ਰੋਡਿਊਸਰ ਵਿਕਾਸ ਬਹਿਲ ਅਤੇ ਪ੍ਰੋਡਿਊਸਰ ਡਿਸਟ੍ਰੀਬਿਊਟਰ ਮਧੂ ਮੰਟੇਨਾ ਖ਼ਿਲਾਫ਼ ਜਾਂਚ ਤਹਿਤ ਕਾਰਵਾਈ ਹੋਈ ਹੈ। ਸੂਤਰਾਂ ਨੇ ਕਿਹਾ ਕਿ ਕੰਪਨੀਆਂ ਵਿਚਕਾਰ ਆਪਸੀ ਲੈਣ-ਦੇਣ ਵਿਭਾਗ ਦੀ ਨਜ਼ਰ ’ਚ ਹੈ ਅਤੇ ਇਹ ਛਾਪੇ ਹੋਰ ਸਬੂਤ ਇਕੱਠੇ ਕਰਨ ਲਈ ਮਾਰੇ ਗਏ ਹਨ ਤਾਂ ਜੋ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ। ਫੈਂਟਮ ਫਿਲਮਜ਼ ਦੇ ਬੈਨਰ ਹੇਠ ਬਣੀਆਂ ਫਿਲਮਾਂ ਦੇ ਕਾਰੋਬਾਰੀ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਨਟੇਨਾ ਖ਼ਿਲਾਫ਼ ਛਾਪੇ ਕਵਾਨ ਨਾਲ ਸਬੰਧਾਂ ਕਰਕੇ ਮਾਰੇ ਗਏ ਹਨ ਜਿਸ ਦਾ ਉਹ ਸਹਿ-ਪ੍ਰਮੋਟਰ ਹੈ। ਜ਼ਿਕਰਯੋਗ ਹੈ ਕਿ ਅਨੁਰਾਗ ਕਸ਼ਯਪ ਵੱਖ ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਂਦੇ ਰਹੇ ਹਨ। ਤਾਪਸੀ ਪੰਨੂੰ ਨਾਂ ਦੀ ਇੱਕ ਫਿਲਮ ਅਦਾਕਾਰ ਦੇ ਟਿਕਾਣਿਆਂ ’ਤੇ ਵੀ ਛਾਪੇਮਾਰੀ ਕੀਤੀ ਗਈ।

Leave a Reply

Your email address will not be published. Required fields are marked *