ਕਿਸਾਨ ਮੋਰਚਿਆਂ ’ਤੇ ਡਟਣਗੀਆਂ ਔਰਤਾਂ

ਨਵੀਂ ਦਿੱਲੀ : ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ’ਤੇ 8 ਮਾਰਚ ਨੂੰ ਮਨਾਏ ਜਾ ਰਹੇ ਕੌਮਾਂਤਰੀ ਮਹਿਲਾ ਦਿਵਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਮਜ਼ਦੂਰ ਔਰਤਾਂ ਸ਼ਾਮਲ ਹੋਣਗੀਆਂ। ਦਿੱਲੀ ਦੀਆਂ ਬਰੂਹਾਂ ’ਤੇ ਖੇਤੀ ਕਾਨੂੰਨਾਂ ਖਿਲਾਫ਼ ਲੱਗੇ ਧਰਨਿਆਂ ’ਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਔਰਤਾਂ ਪਹੁੁੰਚਣ ਲੱਗੀਆਂ ਹਨ। ਮਹਿਲਾ ਦਿਵਸ ਦੇ ਮੱਦੇਨਜ਼ਰ ਸਟੇਜ ਸੰਚਾਲਨ ਤੇ ਵਾਲੰਟੀਅਰ ਡਿਊਟੀਆਂ ਸਮੇਤ ਹੋਰ ਅਹਿਮ ਜ਼ਿੰਮੇਵਾਰੀਆਂ ਦੀ ਕਮਾਨ ਔਰਤਾਂ ਹੱਥ ਰਹੇਗੀ। 

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਟਿਕਰੀ ਬਾਰਡਰ ਉੱਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਔਰਤਾਂ ਦੇ ਹੋ ਰਹੇ ਵਿਸ਼ਾਲ ਇਕੱਠ ਨੂੰ ਮੁੱਖ ਰੱਖਦਿਆਂ 8 ਮਾਰਚ ਦੇ ਇਸ ਪ੍ਰੋਗਰਾਮ ਲਈ ਵਿਸ਼ਾਲ ਤੇ ਵੱਖਰਾ ਪੰਡਾਲ ਲਾਇਆ ਗਿਆ ਹੈ।  ਇਹ ਦਿਹਾੜਾ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਮੋਰਚੇ ਉੱਤੇ ਔਰਤਾਂ ਦੀ ਮੁਕਤੀ ਲਈ ਜੱਦੋਜਹਿਦ ਨੂੰ ਤੇਜ਼ ਕਰਨ ਦਾ ਸੰਦੇਸ਼ ਦੇਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ  ਹਕੂਮਤੀ ਨੀਤੀਆਂ ਦੀ ਮਾਰ ਹੰਢਾਉਣ ਦੇ ਨਾਲ ਪੁਰਸ਼ ਪ੍ਰਧਾਨ ਸਮਾਜ ਅੰਦਰ ਪਿਤਰ ਸੱਤਾ ਦਾ ਸੰਤਾਪ ਵੀ ਹੰਢਾਉਣਾ ਪੈ ਰਿਹਾ ਹੈ। ਇਸ ਪ੍ਰੋਗਰਾਮ ਦੌਰਾਨ ਔਰਤ ਪੁਰਸ਼ ਦੀ ਬਰਾਬਰੀ ਦੇ ਮਹੱਤਵ ਅਤੇ ਮੌਜੂਦਾ ਅੰਦੋਲਨ ਸਮੇਤ ਖੇਤੀ ਸੰਕਟ ਦੇ ਹੱਲ ਲਈ ਸੰਘਰਸ਼ ਵਿੱਚ ਔਰਤਾਂ ਦੇ ਯੋਗਦਾਨ ਦੀ ਅਹਿਮੀਅਤ ਨੂੰ ਉਘਾੜਿਆ ਜਾਵੇਗਾ।  ਔਰਤਾਂ ਦਾ ਵਿਸ਼ਾਲ ਇਕੱਠ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ   ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ  ਕਿਸਾਨ ਅੰਦੋਲਨ ਨੂੰ ਹੋਰ ਬਲ ਬਖ਼ਸ਼ੇਗਾ  ਅਤੇ  ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। 

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ  ਦੀ ਮਹਿਲਾ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਔਰਤ ਦਿਵਸ ਮੌਕੇ ਸਟੇਜ, ਸੰਚਾਲਨ ਕਮੇਟੀ ਤੇ ਵਾਲੰਟੀਅਰ  ਵਰਗੀਆਂ ਅਹਿਮ ਜ਼ਿੰਮੇਵਾਰੀਆਂ ਦੀ ਕਮਾਂਡ ਔਰਤਾਂ ਹੱਥ ਹੋਵੇਗੀ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ’ਚ ਪਹੁੰਚ ਰਹੀਆਂ ਕਿਸਾਨ ਮਜ਼ਦੂਰ ਔਰਤਾਂ ਕਿਸਾਨੀ ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਆ ਰਹੀਆਂ ਹਨ। ਔਰਤ ਦਿਵਸ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ-ਪ੍ਰਦੇਸ਼ ਤੇ ਹੋਰ ਕਈ ਰਾਜਾਂ ਵਿੱਚੋਂ ਪਹੁੰਚ ਰਹੇ ਔਰਤਾਂ ਦੇ ਵੱਡੇ ਕਾਫਲਿਆਂ ਲਈ ਰਹਿਣ ਅਤੇ ਲੰਗਰ ਆਦਿ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਦਿੱਲੀ ਮੋਰਚੇ ਵਿੱਚ ਸ਼ਾਮਲ ਪੁਰਸ਼ਾਂ ਵੱਲੋਂ ਮਹਿਲਾ ਦਿਵਸ ਮੌਕੇ ਆ ਰਹੀਆਂ  ਔਰਤਾਂ ਲਈ ਲੰਗਰ ਤਿਆਰ ਕੀਤਾ  ਜਾ ਰਿਹਾ  ਹੈ। ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਲੱਗੇ ਧਰਨਿਆਂ ਨੂੰ ਵਿਉਂਤਣ ਵਾਲੇ ਪ੍ਰਬੰਧਕਾਂ ਨੇ ਕਿਹਾ ਕਿ ਭਲਕੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਇਨ੍ਹਾਂ ਦੋਵਾਂ ਥਾਵਾਂ ’ਤੇ 15000 ਦੇ ਕਰੀਬ ਔਰਤਾਂ, ਜਿਨ੍ਹਾਂ ਵਿੱਚ ਕਾਲਜ ਪ੍ਰਿੰਸੀਪਲ, ਅਧਿਆਪਕ ਤੇ ਸਮਾਜਿਕ ਵਰਕਰ ਸ਼ਾਮਲ ਹਨ, ਸ਼ਿਰਕਤ ਕਰਨਗੀਆਂ। ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਕਿਹਾ, ‘ਕਿਸਾਨ ਭਾਈਚਾਰੇ ’ਚ ਔਰਤਾਂ ਦੀ ਵੱਡੀ ਭੂਮਿਕਾ ਰਹੀ ਹੈ, ਪਰ ਇਨ੍ਹਾਂ ਨੂੰ ਬਣਦੀ ਪਛਾਣ ਨਹੀਂ ਮਿਲੀ। ਅਸਲ ਵਿੱਚ ਇਹ ਪੁਰਸ਼ਾਂ ਨਾਲੋਂ ਵੀ ਵਧ ਕੰਮ ਕਰਦੀਆਂ ਹਨ। ਕੌਮਾਂਤਰੀ ਮਹਿਲਾ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਦੇ ਵੱਖ ਵੱਖ ਹਿੱਸਿਆਂ ਤੋਂ 10 ਹਜ਼ਾਰ ਦੇ ਕਰੀਬ ਔਰਤਾਂ ਸ਼ਾਮਲ ਹੋਣਗੀਆਂ।’ ਸੰਧੂ ਨੇ ਕਿਹਾ ਕਿ ਉਨ੍ਹਾਂ ਕਿਸਾਨ ਬੀਬੀਆਂ ਨੂੰ ਪੰਜਾਬ ਤੇ ਹਰਿਆਣਾ ਵਿੱਚ ਵੱਖ ਵੱਖ ਥਾਈਂ ਲੱਗੇ ਕਿਸਾਨੀ ਧਰਨਿਆਂ ’ਚ ਸ਼ਾਮਲ ਹੋਣ ਲਈ ਕਿਹਾ ਹੈ। 

Leave a Reply

Your email address will not be published. Required fields are marked *