ਵਿਧਾਨ ਸਭਾ ’ਚ ਗੂੰਜਿਆ ਅਵਾਰਾ ਪਸ਼ੂਆਂ ਦਾ ਮੁੱਦਾ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਮੁੱਦਾ ਗੂੰਜਿਆ। ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਸਵਾਲ ਦੇ ਜਵਾਬ ਵਿੱਚ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿੱਚ ਸਰਕਾਰੀ ਗਊਸ਼ਾਲਾਵਾਂ ਦੀ ਸਥਾਪਨਾ ਕੀਤੀ ਗਈ ਹੈ। ਜ਼ਿਲ੍ਹਾ ਰੂਪਨਗਰ ਦੇ ਪਿੰਡ ਸੁੱਖੇਮਾਜਰਾ ਵਿੱਚ 20 ਏਕੜ ਪੰਚਾਇਤੀ ਜ਼ਮੀਨ ਵਿੱਚ ਕੈਟਲ ਪੌਂਡ ਬਣਾਇਆ ਗਿਆ ਹੈ, ਜਿਸ ਨੂੰ ਸਰਕਾਰ ਵੱਲੋਂ ਹੁਣ ਤਕ 186.18 ਲੱਖ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੱਦਬੰਦੀ ਵੇਲੇ ਗਊ ਚਰਾਂਦਾਂ ਲਈ ਜ਼ਮੀਨਾਂ ਛੱਡੀਆਂ ਹੋਈਆਂ ਸਨ, ਜਿਨ੍ਹਾਂ ’ਤੇ ਨਾਜਾਇਜ਼ ਕਬਜ਼ੇ ਹੋਏ ਹਨ। ਉਨ੍ਹਾਂ ਨੇ ਕਬਜ਼ੇ ਹਟਾਉਣ ਦੀ ਮੰਗ ਰੱਖੀ ਜਦੋਂ ਕਿ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਗਊਸ਼ਾਲਾਵਾਂ ਤਾਂ ਬਣਾ ਦਿੱਤੀਆਂ ਗਈਆਂ ਹਨ ਪਰ ਉਥੇ ਚਾਰੇ ਦਾ ਕੋਈ ਪ੍ਰਬੰਧ ਨਹੀਂ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਕੋਕਰੀ ਕਲਾਂ ਦੀ ਡਿਸਪੈਂਸਰੀ ਦੀ ਖਸਤਾਹਾਲ ਦੀ ਗੱਲ ਰੱਖੀ ਅਤੇ ਦੱਸਿਆ ਕਿ ਇੱਕ ਡੀਐੱਸਪੀ ਵੱਲੋਂ ਡਿਸਪੈਂਸਰੀ ਦੀ ਸਿਰਫ ਇੱਕ ਕੰਧ ਬਣਾਈ ਗਈ ਹੈ। ਵਿਧਾਇਕ ਅੰਗਦ ਸਿੰਘ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਕੌਮੀ ਸੜਕ ਮਾਰਗ ’ਤੇ ਪ੍ਰਾਜੈਕਟ ਬਣਨ ਮਗਰੋਂ ਪਿੰਡ ਜਾਂ ਸਕੂਲ ਅੱਗੇ ਓਵਰਬਰਿਜ ਬਣਾਉਣ ਜਾਂ ਕੱਟ ਰੱਖਣ ਦੀ ਕੋਈ ਤਜਵੀਜ਼ ਨਹੀਂ ਹੈ। ਵਿਧਾਇਕ ਮੀਤ ਹੇਅਰ ਨੇ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਖਾਲੀ ਅਸਾਮੀਆਂ ਦਾ ਮੁੱਦਾ ਉਠਾਇਆ ਅਤੇ ਵਿਧਾਇਕ ਕੁਲਤਾਰ ਸੰਧਵਾਂ ਨੇ ਜੈਨਰਿਕ ਦਵਾਈ ਖ਼ਿਲਾਫ਼ ਕੰਮ ਕਰ ਰਹੇ ਮੈਡੀਸਨ ਮਾਫੀਆ ਦਾ ਮੁੱਦਾ ਚੁੱਕਿਆ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭੁਲੱਥ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਦਾ ਮਾਮਲਾ ਉਠਾਇਆ। ਵਿਧਾਇਕ ਬੁੱਧ ਰਾਮ ਨੇ ਬਰੇਟਾ ਦੇ ਲੜਕੀਆਂ ਦੇ ਸਕੂਲ ਨੂੰ ਅਪਗਰੇਡ ਕਰਨ ਤੇ ਬੋਹਾ ਸਕੂਲ ਵਿੱਚ ਲੈਕਚਰਾਰ ਦੀਆਂ ਅਸਾਮੀਆਂ ਭਰਨ ਦੀ ਮੰਗ ਰੱਖੀ। ਵਿਧਾਇਕ ਅਮਿਤ ਵਿਜ ਦੇ ਸਵਾਲ ਦੇ ਜਵਾਬ ’ਚ ਸਿੱਖਿਆ ਮੰਤਰੀ ਨੇ ਦੱਸਿਆ ਕਿ ਪਠਾਨਕੋਟ ਦੇ ਲੜਕੀਆਂ ਦੇ ਸਕੂਲ ਨੂੰ 62.11 ਲੱਖ ਅਤੇ ਸੀਨੀਅਰ ਸੈਕੰਡਰੀ ਸਕੂਲ ਲਾਮਿਨੀ ਨੂੰ 19.65 ਲੱਖ ਦੀ ਗਰਾਂਟ ਜਾਰੀ ਕੀਤੀ ਗਈ ਹੈ।

ਅੱਜ ਸਕੱਤਰੇਤ ਵਾਲੀ ਸੜਕ ’ਤੇ ਪ੍ਰਦਰਸ਼ਨ ਹੋਣ ਕਰਕੇ ਪੁਲੀਸ ਨੇ ਸੜਕ ਬੰਦ ਕੀਤੀ ਹੋਈ ਸੀ, ਜਿਸ ਕਰਕੇ ਪ੍ਰਸ਼ਨ ਕਾਲ ਮੌਕੇ ਬਹੁਤੇ ਵਿਧਾਇਕ ਅੱਜ ਗੈਰ-ਹਾਜ਼ਰ ਸਨ। ਸਦਨ ’ਚ ਵਿਧਾਇਕਾਂ ਨੇ ਮੰਗ ਉਠਾਈ ਕਿ ਉਨ੍ਹਾਂ ਦੇ ਛੱਡੇ ਗਏ ਪ੍ਰਸ਼ਨ ਮੁੜ ਲਏ ਜਾਣ ਤੇ ਇਸ ਮੰਗ ਨੂੰ ਸਪੀਕਰ ਨੇ ਸਵੀਕਾਰ ਕਰ ਲਿਆ।

ਬਜਟ ਚੁਸਕੀਆਂ !

• ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਪੇਸ਼ ਕਰਨ ਦੌਰਾਨ ਕਿਹਾ, ‘‘ਮੈਂ ਹਾਊਸ ਵਿੱਚ ਝੂਠ ਨਹੀਂ ਬੋਲਦਾ।’’ ਉਸ ਮਗਰੋਂ ਉਨ੍ਹਾਂ ਬਜਟ ਪੜ੍ਹਿਆ ਤਾਂ ਵਿਰੋਧੀ ਧਿਰਾਂ ਨੇ ਬਜਟ ਨੂੰ ਝੂਠ ਦੱਸਿਆ।

• ‘ਹਮ ਦੋ, ਬੇਗਾਨੇ ਦੋ’ ਵਾਲਾ ਮਾਹੌਲ ਉਦੋਂ ਸਦਨ ’ਚ ਵੇਖਣ ਨੂੰ ਮਿਲਿਆ ਜਦੋਂ ਸਦਨ ’ਚ ਭਾਜਪਾ ਦੇ ਦੋ ਵਿਧਾਇਕ ਅਰੁਣ ਨਾਰੰਗ ਤੇ ਦਿਨੇਸ਼ ਬੱਬੂ ਮੌਜੂਦ ਸਨ, ਉਨ੍ਹਾਂ ਦੇ ਐਨ ਨਾਲ ਅਕਾਲੀ ਦਲ ਦੇ ਦੋ ਵਿਧਾਇਕ ਬੈਠੇ ਸਨ।

• ਮਨਪ੍ਰੀਤ ਨੇ ਸੈਸ਼ਨ ਖਤਮ ਹੋਣ ਮਗਰੋਂ ਕਿਹਾ, ‘‘ਰੱਬ ਨੇ ਪੰਜਾਬ ਵਾਸਤੇ ਵਿਸ਼ੇਸ਼ ਤਕਦੀਰ ਲਿਖੀ ਹੈ, ਉਜਾੜੇ ਵੀ ਝੱਲੇ, ਕੁਦਰਤ ਨੇ ਹੀ ਕੰਢੇ ਚੁਗ ਦਿੱਤੇ।’’ ਇਹ ਵੀ ਕਿਹਾ, ‘‘ਤਕਦੀਰਾਂ ਵਾਹਿਗੁਰੂ ਲਿਖਦੈ, ਬਜਟ ਨਾਲ ਕੋਈ ਫਰਕ ਨਹੀਂ ਪੈਂਦਾ।’’

• ਮਨਪ੍ਰੀਤ ਨੂੰ ਮੀਡੀਆ ਨੇ ਪੁੱਛਿਆ ਕਿ ਕੀ ਬਜਟ ’ਚ ਪ੍ਰਸ਼ਾਤ ਕਿਸ਼ੋਰ ਦੀ ਕੋਈ ਭੂਮਿਕਾ ਹੈ? ਜਵਾਬ ਵਿੱਚ ਵਿੱਤ ਮੰਤਰੀ ਨੇ ਰੋਹ ਭਰੇ ਲਫਜ਼ਾਂ ਵਿੱਚ ਕਿਹਾ, ‘‘ਪ੍ਰਸ਼ਾਤ ਕਿਸ਼ੋਰ ਦੀ ਤਾਂ ਮੈਂ ਸ਼ਕਲ ਵੀ ਨਹੀਂ ਵੇਖੀ, ਚੋਣਾਂ ਤਾਂ ਮੈਂ ਲੜਨੀਆਂ ਨੇ, ਨਾਲੇ ਬਜਟ ਦੀ ਤਿਆਰੀ ਤਾਂ ਨਵੰਬਰ ’ਚ ਸ਼ੁਰੂ ਹੋ ਜਾਂਦੀ ਹੈ।’’

• ਮਹਿੰਗੀ ਬਿਜਲੀ ਬਾਰੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ 14 ਹਜ਼ਾਰ ਕਰੋੜ ਦੀ ਸਬਸਿਡੀ ਦਿੰਦੀ ਹੈ। ਉਨ੍ਹਾਂ ਨਾਲ ਹੀ ਆਖਿਆ, ‘‘ਬੱਕਰੇ ਦੀ ਜਾਨ ਗਈ, ਖਾਣ ਵਾਲੇ ਨੂੰ ਸਵਾਦ ਨਹੀਂ ਆਇਆ।’’

• ਮਨਪ੍ਰੀਤ ਬਾਦਲ ਨੂੰ ਬਿਜਲੀ ਸਮਝੌਤੇ ਰੱਦ ਕਰਨ ਦੇ ਮਾਮਲੇ ’ਤੇ ਪੁੱਛਿਆ ਤਾਂ ਖ਼ਜ਼ਾਨਾ ਮੰਤਰੀ ਬੇਵੱਸੀ ਜ਼ਾਹਰ ਕਰਨ ਲੱਗੇ ਕਿ ਕਈ ਕਾਨੂੰਨੀ ਅੜਚਨਾਂ ਹਨ ਪਰ ਉਹ ‘ਇਰਾਦਾ ਏ ਕਤਲ’ ਰੱਖਦੇ ਹਨ।

• ਜਦੋਂ ਵੀਆਈਪੀ ਕਲਚਰ ਦੇ ਖਾਤਮੇ ਬਾਰੇ ਗੱਲ ਤੁਰੀ ਤਾਂ ਮਨਪ੍ਰੀਤ ਨੇ ਕਿਹਾ, ‘‘ਅੱਜ ਤਾਂ ਕੋਈ ਧੀਅ ਪੁੱਤ ਦੀ ਗਰੰਟੀ ਨਹੀਂ ਦਿੰਦਾ, ਮੈਂ ਆਪਣੀ ਗਰੰਟੀ ਦਿੰਦਾ ਹਾਂ, ਕਦੇ ਟੀਏ ਡੀਏ ਨਹੀਂ ਲਿਆ, ਤੇਲ ਦਾ ਖਰਚਾ ਨਹੀਂ ਲਿਆ, ਨਾਲੇ ਜਦੋਂ ਰੱਬ ਨੂੰ ਮਿਲੂੰ ,ਉਦੋਂ ਸੁਰਖਰੂ ਹੋ ਕੇ ਜਾਵਾਂਗਾ।’’

• ਮੀਡੀਆ ਨੇ ਜਦੋਂ ਪੁੱਛਿਆ ਕਿ ਬਜਟ ਵੇਲੇ ਸਿਆਸੀ ਦਬਾਅ ਤਾਂ ਨਹੀਂ ਸੀ? ਜਵਾਬ ’ਚ ਵਿੱਤ ਮੰਤਰੀ ਨੇ ਕਿਹਾ, ‘‘ਮੈਂ ਰਾਜਾ ਹਰੀਸ਼ ਚੰਦਰ ਤਾਂ ਨਹੀਂ, ਮੈਂ ਵੀ ਸਿਆਸੀ ਜਾਨਵਰ ਹਾਂ, ਪਾਰਟੀ ਨੂੰ ਦਲਦਲ ’ਚੋਂ ਕਿਵੇਂ ਕੱਢਣਾ, ਇਹ ਵੀ ਦੇਖਣਾ ਹੁੰਦਾ ਹੈ।’’

• ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਅੱਜ ਪਹਿਲੀ ਵਾਰ ਸਦਨ ਵਿੱਚ ਦਿਖੇ। ਨਵਜੋਤ ਸਿੰਘ ਸਿੱਧੂ ਅੱਜ ਚੁੱਪ-ਚਾਪ ਬੈਠੇ ਰਹੇ ਜਦੋਂਕਿ ਰਜ਼ੀਆ ਸੁਲਤਾਨਾ ਅੱਜ ਗੈਰ-ਹਾਜ਼ਰ ਸਨ।

• ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਅੱਜ ਜਦੋਂ ਸਦਨ ਵਿੱਚ ਬੋਲੇ ਤਾਂ ਸਾਰਿਆਂ ਨੇ ਉਨ੍ਹਾਂ ਦੀ ਹਮਾਇਤ ਕੀਤੀ। ਹਲਕੇ ਲਈ ਨਰਸਿੰਗ ਕਾਲਜ ਮੰਗਿਆ ਤਾਂ ਮੰਤਰੀ ਸੋੋਨੀ ਨੇ ਜਵਾਬ ਦੇ ਦਿੱਤਾ। ਵਿਧਾਇਕ ਬੋਲੇ, ‘‘ਪਹਿਲੀ ਵਾਰ ਮੰਗਿਆ, ਆਹ ਸਪੀਕਰ ਕਿਉਂ ਬੰਦ ਕਰ’ਤਾ।’’ ਸਾਰੇ ਵਿਧਾਇਕਾਂ ਨੇ ਦਰਸ਼ਨ ਸਿੰਘ ਦੀ ਪਿੱਠ ਥਾਪੜੀ।’

• ਖਾਲੀ ਅਸਾਮੀਆਂ ਭਰਨ ਦੀ ਅਪੀਲ ਕਰਦਿਆਂ ਵਿਧਾਇਕ ਮੀਤ ਹੇਅਰ ਨੇ ਸਿਹਤ ਮੰਤਰੀ ਸਿੱਧੂ ਨੂੰ ਕਿਹਾ, ‘‘ਕਿਰਪਾ ਕਰ ਦਿਓ! ਥੋਡੇ ਤਾਂ ਪੇਕੇ ਨੇ ਬਰਨਾਲੇ’।’’ ਅੱਗਿਓਂ ਸਿੱਧੂ ਨੇ ਭਰੋਸਾ ਦਿਵਾਇਆ ਤੇ ਨਾਲੇ ਕਿਹਾ, ‘‘ਬਰਨਾਲਾ ਤਾਂ ਮੇਰਾ ਘਰ ਹੈ।’’

• ਜਦੋਂ ਕੁਲਤਾਰ ਸੰਧਵਾਂ ਬੋਲਣ ਲਈ ਉਠੇ ਤਾਂ ਸਪੀਕਰ ਨੇ ਕਿਹਾ, ‘‘ਕੋਈ ਗੱਲ ਤਾਂ ਹੈਨੀ, ਗੱਲ ਕਰਨ ਵਾਸਤੇ ਗੱਲ ਕਰਨੀ ਹੈ ਤਾਂ ਕਰ ਲਓ।’’ ਅੱਗਿਓ ਸੰਧਵਾਂ ਨੇ ਕਿਹਾ, ‘‘ਮਾਈ ਬਾਪ! ਸਦਨ ’ਚ ਪੇਸ਼ ਕਰਨ ਵਾਲੇ ਬਿੱਲ 15 ਦਿਨ ਪਹਿਲਾਂ ਦੇ ਦਿਆ ਕਰੋ।’’

• ਅੱਜ ਦੇ ਬਜਟ ਦੀਆਂ ਕਾਪੀਆਂ ’ਤੇ ‘ਜੈ ਜਵਾਨ, ਜੈ ਕਿਸਾਨ’ ਲਿਖਿਆ ਹੋਇਆ ਸੀ।

Leave a Reply

Your email address will not be published. Required fields are marked *