ਸੁਖਪਾਲ ਖਹਿਰਾ ਦੇ ਟਿਕਾਿਣਆਂ ’ਤੇ ਈਡੀ ਦੇ ਛਾਪੇ

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਮੁਖੀ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਦੀ ਚੰਡੀਗੜ੍ਹ ਸੈਕਟਰ-5 ਸਥਿਤ ਨਿੱਜੀ ਰਿਹਾਇਸ਼ ਅਤੇ ਕਪੂਰਥਲਾ ਦੇ ਪਿੰਡ ਰਾਮਗੜ੍ਹ ਵਿਚਲੇ ਘਰ ਸਣੇ ਹੋਰਨਾਂ ਥਾਵਾਂ ’ਤੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਅੱਜ ਸਵੇਰੇ ਛਾਪੇ ਮਾਰੇ। ਈਡੀ ਅਧਿਕਾਰੀਆਂ ਨੇ ਕਾਲੇ ਧਨ ਨੂੰ ਸਫ਼ੇਦ ਕਰਨ (ਮਨੀ ਲਾਂਡਰਿੰਗ) ਦੇ ਮਾਮਲੇ ਦਾ ਹਵਾਲਾ ਦਿੰਦਿਆਂ ਘਰ ਵਿੱਚ ਰਹਿਣ ਵਾਲੇ ਸਾਰੇ ਜੀਆਂ ਦੇ ਬੈਂਕ ਖਾਤਿਆਂ ਦੀਆਂ ਕਾਪੀਆਂ, ਪਾਸਪੋਰਟ ਅਤੇ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਕੇ ਪੁੱਛਗਿੱਛ ਕੀਤੀ।

ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਦੇ ਕਰੀਬ ਈਡੀ ਦੇ ਡਿਪਟੀ ਡਾਇਰੈਕਟਰ ਨੇਹਾ ਯਾਦਵ ਦੀ ਅਗਵਾਈ ਹੇਠ ਦਰਜਨ ਦੇ ਕਰੀਬ ਅਧਿਕਾਰੀਆਂ ਨੇ ਖਹਿਰਾ ਦੀ ਚੰਡੀਗੜ੍ਹ ਸੈਕਟਰ-5 ਵਿਚਲੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ। ਈਡੀ ਦੀ ਇਹ ਕਾਰਵਾਈ 10 ਘੰਟੇ ਦੇ ਕਰੀਬ ਚੱਲਦੀ ਰਹੀ ਹੈ। ਵਿਧਾਨ ਸਭਾ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਛਾਪੇ ਮੌਕੇ ਘਰ ਵਿੱਚ ਹੀ ਮੌਜੂਦ ਸਨ। ਉਨ੍ਹਾਂ ਨੇ ਈਡੀ ਨੂੰ ਜਾਂਚ ਵਿੱਚ ਸਹਿਯੋਗ ਦਿੱਤਾ ਤੇ ਅਧਿਕਾਰੀਆਂ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਸੂਤਰਾਂ ਅਨੁਸਾਰ ਈਡੀ ਨੇ ਇਹ ਕਾਰਵਾਈ ਨਸ਼ਾ ਤਸਕਰੀ ਅਤੇ ਫਰਜ਼ੀ ਪਾਸਪੋਰਟ ਦੇ ਮਾਮਲੇ ਸਬੰਧੀ ਕੀਤੀ ਹੈ। ਉਧਰ ਛਾਪੇ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਵਕੀਲ ਆਰ.ਐੱਸ. ਬੈਂਸ ਅਤੇ ਹੋਰ ਵਿਧਾਇਕ ਵੀ ਖਹਿਰਾ ਦੇ ਘਰ ਪਹੁੰਚ ਗਏ।

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਖਹਿਰਾ ਦੇ ਘਰ ਈਡੀ ਦੀ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਪੰਜਾਬੀਆਂ ਨੂੰ ਡਰਾਉਣ ਅਤੇ ਜਮਹੂਰੀਅਤ ਦੀਆਂ ਸਾਰੀਆਂ ਰਵਾਇਤਾਂ ਨੂੰ ਤੋੜ ਕੇ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਛਾਪੇਮਾਰੀ ਕੀਤੀ ਗਈ ਹੈ, ਜੋ ਬੰਦ ਹੋਣੀ ਚਾਹੀਦੀ ਹੈ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਸਮੁੱਚੇ ਪੰਜਾਬੀਆਂ ਅਤੇ ਹੋਰ ਸਿਆਸੀ ਧਿਰਾਂ ਨੂੰ ਕੇਂਦਰ ਸਰਕਾਰ ਦੇ ਖ਼ਿਲਾਫ਼ ਸਟੈਂਡ ਲੈਣਾ ਚਾਹੀਦਾ ਹੈ। ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਵਿਧਾਇਕ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਕਈ ਵਿਧਾਇਕਾਂ ਨੇ ਨਿਖੇਧੀ ਕੀਤੀ ਹੈ।

ਮਨੀ ਲਾਂਡਰਿੰਗ ਦੇ ਦੋਸ਼ ਬੇਬੁਨਿਆਦ: ਖਹਿਰਾ

ਸੁਖਪਾਲ ਸਿੰਘ ਖਹਿਰਾ ਨੇ ਈਡੀ ਵੱਲੋਂ ਲਾਏ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਈਡੀ ਦੀ ਟੀਮ ਨੂੰ ਉਨ੍ਹਾਂ ਦੇ ਘਰ ਵਿੱਚੋਂ ਕੋਈ ਫ਼ਰਜ਼ੀ ਪਾਸਪੋਰਟ ਨਹੀਂ ਮਿਲਿਆ ਅਤੇ ਨਾ ਹੀ ਕੋਈ ਹੋਰ ਦਸਤਾਵੇਜ਼ ਮਿਲੇ ਹਨ। ਖਹਿਰਾ ਨੇ ਕਿਹਾ ਕਿ ਉਹ ਕਿਸਾਨਾਂ ਦੀ ਹਮਾਇਤ ਵਿੱਚ ਕਿਸਾਨੀ ਘੋਲ ਵਿੱਚ ਹਿੱਸਾ ਲੈਂਦੇ ਆ ਰਹੇ ਹਨ ਤੇ ਉਨ੍ਹਾਂ 26 ਜਨਵਰੀ ਨੂੰ ਨਵੀਂ ਦਿੱਲੀ ’ਚ ਉੱਤਰਾਖੰਡ ਨਾਲ ਸਬੰਧਤ ਨੌਜਵਾਨ ਕਿਸਾਨ ਨਵਰੀਤ ਦੀ ਹੱਤਿਆ ਮਾਮਲੇ ਦੀ ਨਿਆਇਕ ਜਾਂਚ ਵੀ ਮੰਗੀ ਸੀ। ਇਸ ਤੋਂ ਇਲਾਵਾ ਵੀ ਉਹ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੂੰ ਦਬਾਉਣ ਲਈ ਅਕਸਰ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਅਤੇ ਕਿਸਾਨ ਹਮਾਇਤਾਂ ਦੇ ਘਰ ਕੇਂਦਰੀ ਜਾਂਚ ਏਜੰਸੀਆਂ ਨੇ ਛਾਪੇਮਾਰੀ ਕੀਤੀ ਹੈ।

ਖਹਿਰਾ ਦੇ ਪਿੰਡ ਵਿਚਲੇ ਘਰ ’ਤੇ ਵੀ ਛਾਪਾ

ਭੁਲੱਥ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਅੱਜ ਸਵੇਰੇ 7.30 ਵਜੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪਿੰਡ ਰਾਮਗੜ੍ਹ ਸਥਿਤ ਉਨ੍ਹਾਂ ਦੇ ਜੱਦੀ ਘਰ ਵਿੱਚ ਛਾਪਾ ਮਾਰਿਆ। ਈਡੀ ਦੇ ਆਈਆਰਐੱਸ ਵਿਕਰਾਂਤ ਅਤੇ ਅਸਿਸਟੈਂਟ ਡਾਇਰੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਿਚ 60 ਦੇ ਕਰੀਬ ਮੁਲਾਜ਼ਮ ਸਵੇਰੇ ਰਾਮਗੜ੍ਹ ਪਹੁੰਚੇ ਅਤੇ ਵਿਧਾਇਕ ਖਹਿਰਾ ਦੇ ਘਰ ਦੀ ਛਾਣਬੀਣ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਪਿੰਡ ਦੇ ਕਿਸੇ ਵੀ ਮੋਹਤਬਰ ਜਾਂ ਖਹਿਰਾ ਦੇ ਨੇੜਲਿਆਂ ਨੂੰ ਅੰਦਰ ਨਹੀਂ ਜਾਣ ਦਿੱਤਾ। ਇਸ ਮੌਕੇ ਖਹਿਰਾ ਪਰਿਵਾਰ ਦਾ ਕੋਈ ਮੈਂਬਰ ਉਥੇ ਹਾਜ਼ਰ ਨਹੀਂ ਸੀ। ਈਡੀ ਅਧਿਕਾਰੀ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਦੇ ਜਵਾਨ ਆਪਣੇ ਨਾਲ ਲੈ ਕੇ ਆਏ ਸਨ ਜੋ ਆਲੇ ਦੁਆਲੇ ਨਿਗਰਾਨੀ ਰੱਖ ਰਹੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚਚੇਰੇ ਭਰਾ ਕੁਲਵੀਰ ਸਿੰਘ ਖਹਿਰਾ ਨੇ ਦੱਸਿਆ ਕਿ ਸਵੇਰੇ 7.30 ਵਜੇ ਦੇ ਉਨ੍ਹਾਂ ਦੇ ਘਰ ਨੂੰ ਈਡੀ ਦੀ ਟੀਮ ਨੇ ਘੇਰ ਲਿਆ। ਟੀਮ ਮੈਂਬਰ ਉਨ੍ਹਾਂ ਦੇ ਘਰ ਵਿੱਚ ਤਕਰੀਬਨ ਡੇਢ ਘੰਟਾ ਰਹੇ ਤੇ ਜਦੋਂ ਕੁਲਵੀਰ ਸਿੰਘ ਖਹਿਰਾ ਦੀ ਪਤਨੀ ਨੇ ਸਰਚ ਵਾਰੰਟ ਦੀ ਮੰਗ ਕੀਤੀ ਤਾਂ ਉਨ੍ਹਾਂ ਸੁਖਪਾਲ ਸਿੰਘ ਖਹਿਰਾ ਦੇ ਘਰ ਦਾ ਸਰਚ ਵਾਰੰਟ ਦਿਖਾਇਆ ਜਿਸ ਦਾ ਉਨ੍ਹਾਂ ਵਿਰੋਧ ਕੀਤਾ। ਉਸ ਤੋਂ ਬਾਅਦ ਈਡੀ ਦੀ ਟੀਮ ਨੇ ਵਿਧਾਇਕ ਖਹਿਰਾ ਦੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਸੁਖਪਾਲ ਸਿੰਘ ਖਹਿਰਾ ਦੇ ਚਚੇਰੇ ਭਰਾ ਐਡਵੋਕੇਟ ਅਮਰਦੀਪ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਈਡੀ ਦੀ ਟੀਮ ਜੋ ਤਕਰੀਬਨ ਅੱਠ ਲਿਫਾਫੇ ਲੈ ਕੇ ਅੰਦਰ ਗਈ ਹੈ, ਉਹ ਕਥਿਤ ਤੌਰ ’ਤੇ ਕੋਈ ਵੀ ਗਲਤ ਤੱਥ ਘੜ ਸਕਦੀ ਹੈ। ਐਡਵੋਕੇਟ ਖਹਿਰਾ ਅਨੁਸਾਰ ਟੀਮ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਉੱਪਰ ਤੋਂ ਜਾਣਕਾਰੀ ਤੇ ਹਦਾਇਤਾਂ ਮਿਲੀਆਂ ਹਨ, ਉਹ ਉਸ ਅਨੁਸਾਰ ਹੀ ਕਾਰਵਾਈ ਕਰਨਗੇ। ਮੌਕੇ ’ਤੇ ਹਾਜ਼ਰ ਖਹਿਰਾ ਦੇ ਸਮਰਥਕਾਂ ਨੇ ਕਿਹਾ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਖ਼ਿਲਾਫ਼ ਬੋਲਣ ਕਾਰਨ ਕੇਂਦਰ ਸਰਕਾਰ ਖਹਿਰਾ ਖ਼ਿਲਾਫ਼ ਇਹ ਕਾਰਵਾਈ ਕਰਵਾ ਰਹੀ ਹੈ। ਖਹਿਰਾ ਦੇ ਹਮਾਇਤੀਆਂ ਨੇ ਖਹਿਰਾ ਦੇ ‌ਘਰ ਦੇ ਬਾਹਰ ਇਕੱਠੇ ਹੋ ਕੇ ਮੋਦੀ ਸਕਰਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਈਡੀ ਦੀ ਟੀਮ 5.15 ਵਜੇ ਸੁਖਪਾਲ ਖਹਿਰਾ ਦੇ ਘਰ ਆਪਣੀ ਕਾਰਵਾਈ ਪੂਰੀ ਕਰਨ ਮਗਰੋਂ ਉਨ੍ਹਾਂ ਦੇ ਪੀਏ ਮੁਨੀਸ਼ ਸ਼ਰਮਾ ਦੇ ਘਰ ਦੀ ਤਲਾਸ਼ੀ ਲੈਣ ਲਈ ਉਨ੍ਹਾਂ ਦੇ ਭੁਲੱਥ ਵਾਲੇ ਘਰ ਪਹੁੰਚ ਗਈ ਹੈ। ਟੀਮ ਦੇ ਅਧਿਕਾਰੀਆਂ ਨੇ ਜਾਂਚ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਖ਼ਬਰ ਲਿਖੇ ਜਾਣ ਤੱਕ ਖਹਿਰਾ ਦੇ ਪੀਏ ਮੁਨੀਸ਼ ਸ਼ਰਮਾ ਦੇ ਘਰ ਦੀ ਤਲਾਸ਼ੀ ਜਾਰੀ ਸੀ।

Leave a Reply

Your email address will not be published. Required fields are marked *