ਜਿਣਸੀ ਸ਼ੋਸ਼ਣ ਖ਼ਿਲਾਫ਼ ਸੜਕਾਂ ’ਤੇ ਉੱਤਰੀਆਂ ਆਸਟਰੇਲਿਆਈ ਔਰਤਾਂ

ਮੈਲਬਰਨ : ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ’ਚ ਅੱਜ ਹਜ਼ਾਰਾਂ ਔਰਤਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ। ਇਹ ਰੋਸ ਪ੍ਰਦਰਸ਼ਨ ਸਿਆਸੀ ਗਲਿਆਰਿਆਂ ’ਚ ਔਰਤਾਂ ਦੇ ਹੁੰਦੇ ਜਿਣਸੀ ਸ਼ੋਸ਼ਣ, ਕੰਮ-ਕਾਰ ਵਾਲੀਆਂ ਥਾਵਾਂ ’ਤੇ ਛੇੜਛਾੜ ਅਤੇ ਮਰਦਾਂ ਮੁਕਾਬਲੇ ਵੱਖ ਵੱਖ ਖੇਤਰਾਂ ’ਚ ਔਰਤਾਂ ਨਾਲ ਹੁੰਦੇ ਵਿਤਕਰੇ ਵਿਰੁੱਧ ਸਨ।

ਇੱਥੋਂ ਦੀ ਸੰਸਦ ’ਚ ਰੱਖਿਆ ਮੰਤਰੀ ਦੇ ਸਹਾਇਕ ’ਤੇ ਕੁਝ ਦਿਨ ਪਹਿਲਾਂ ਦਫਤਰ ਵਿੱਚ ਹੀ ਜਬਰ ਜਨਾਹ ਦੇ ਦੋਸ਼ ਲੱਗੇ ਸਨ। ਇਸੇ ਤਰ੍ਹਾਂ ਮੁਲਕ ਦੇ ਅਟਾਰਨੀ ਜਨਰਲ ਨੇ ਕੁਝ ਦਿਨ ਪਹਿਲਾਂ ਹੀ ਆਪਣੇ ’ਤੇ ਲੱਗੇ ਜਬਰ ਜਨਾਹ ਦੇ ਉਨ੍ਹਾਂ ਦੋਸ਼ਾਂ ਨੂੰ ਪ੍ਰੈੱਸ ਮਿਲਣੀ ‘ਚ ਨਕਾਰਿਆ ਸੀ ਜਿਸ ਦੀ ਪੀੜਤਾ ਖੁਦਕੁਸ਼ੀ ਕਰ ਚੁੱਕੀ ਹੈ। ਇਸ ਮਾਮਲੇ ’ਚ ਤਾਂ ਪ੍ਰਧਾਨ ਮੰਤਰੀ ਨੇ ਖੁਦ ਨਿਰਪੱਖ ਜਾਂਚ ਨੂੰ ਬੇਲੋੜੀ ਦੱਸਦਿਆਂ ਨਕਾਰ ਦਿੱਤਾ ਸੀ ਜਿਸ ਮਗਰੋਂ ਪੂਰੇ ਦੇਸ਼ ’ਚ ਔਰਤਾਂ ਦੇ ਹੱਕਾਂ ਲਈ ਕੰਮ ਕਰਦੀਆਂ ਜਥੇਬੰਦੀਆਂ ਨੇ ਮਜ਼ਬੂਤ ਲਾਮਬੰਦੀ ਮਗਰੋਂ ਅੱਜ ਦੇ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ ਹਨ। ਔਰਤਾਂ ਨੇ ਜਬਰ ਜਨਾਹ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਤੇ ਉਨ੍ਹਾਂ ਨੂੰ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ। ਅੱਜ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੁਝ ਆਗੂਆਂ ਨੂੰ ਗੱਲਬਾਤ ਦੀ ਪੇਸ਼ਕਸ਼ ਕੀਤੀ ਜਿਸ ਨੂੰ ਪ੍ਰਦਰਸ਼ਨਕਾਰੀ ਬੀਬੀਆਂ ਨੇ ਇਹ ਕਹਿੰਦਿਆਂ ਨਕਾਰ ਦਿੱਤਾ ਕਿ ਉਹ ਬੰਦ ਕਮਰਾ ਗੱਲਬਾਤ ਨਹੀਂ ਕਰਨਗੀਆਂ ਕਿਉਂਕਿ ਇਸ ਮਸਲੇ ’ਚ ਸਰਕਾਰ ਦਾ ਰਵੱਈਆ ਜੱਗ ਜ਼ਾਹਰ ਹੈ। ਉਂਝ ਕੁਝ ਸੱਤਾਧਾਰੀ ਅਤੇ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਹੋ ਰਹੇ ਮੁਜ਼ਾਹਰੇ ’ਚ ਆ ਕੇ ਮੰਗਾਂ ਪ੍ਰਤੀ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਨੇ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਲੋਕਤੰਤਕ ਦਾ ਬੁਨਿਆਦੀ ਹੱਕ ਦੱਸਦਿਆਂ ਕਿਹਾ ਕਿ ਉਹ ਅਜਿਹੇ ਵਿਖਾਵਿਆਂ ਦੀ ਇਜਾਜ਼ਤ ਦਿੰਦੇ ਹਨ ਅਤੇ ਜਦਕਿ ਇਸ ਦੇ ਉਲਟ ਨੇੜਲੇ ਮੁਲਕਾਂ ’ਚ ਮੁਜ਼ਾਹਰਿਆਂ ਨੂੰ ਗੋਲੀਆਂ ਨਾਲ ਨਜਿੱਠਿਆ ਜਾ ਰਿਹਾ ਹੈ।

Leave a Reply

Your email address will not be published. Required fields are marked *