ਕਰੋਨਾ: ਪੰਜਾਬ ਵਿੱਚ ਰਾਤ ਦਾ ਕਰਫਿਊ ਦੋ ਘੰਟੇ ਵਧਾਇਆ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਤੋਂ ਪੰਜਾਬ ਦੇ ਲੋਕਾਂ ਨੂੰ ਚੌਕਸ ਕਰਦਿਆਂ ਸੂਬੇ ਦੇ 9 ਜ਼ਿਲ੍ਹਿਆਂ ਵਿਚ ਰਾਤ ਦੇ ਕਰਫਿਊ ਦਾ ਸਮਾਂ ਦੋ ਘੰਟੇ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਕਰਫਿਊ ਦਾ ਸਮਾਂ ਹੁਣ ਰਾਤ ਨੂੰ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ। ਮੁੱਖ ਮੰਤਰੀ ਨੇ ਆਉਂਦੇ ਦਿਨਾਂ ’ਚ ਮੁੜ ਪਾਬੰਦੀਆਂ ਆਇਦ ਕਰਨ ਦੀ ਗੱਲ ਵੀ ਆਖੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌ ਜ਼ਿਲ੍ਹਿਆਂ ਵਿਚ ਰੋਜ਼ਾਨਾ ਸੌ ਤੋਂ ਵੱਧ ਕੋਵਿਡ-19 ਦੇ ਕੇਸ ਆ ਰਹੇ ਹਨ ਜਿਸ ਕਰਕੇ ਲੁਧਿਆਣਾ, ਜਲੰਧਰ, ਪਟਿਆਲਾ, ਮੁਹਾਲੀ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਹੁਣ ਰਾਤ 11 ਵਜੇ ਤੋਂ ਸਵੇਰੇ 5 ਵਜੇ ਦੀ ਥਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਲਹਿਰ ਕਰਕੇ ਪੰਜਾਬ ਨਾਜ਼ੁਕ ਦੌਰ ਵਿਚ ਹੈ।

ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਸਬੰਧੀ ਮਾਹਿਰਾਂ ਦੀ ਟੀਮ ਨਾਲ ਮਸ਼ਵਰਾ ਕਰਨ ਤੋਂ ਮਗਰੋਂ ਇਕੱਠਾਂ ’ਤੇ ਨਵੀਆਂ ਰੋਕਾਂ ਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿਆਸੀ ਇਕੱਠਾਂ ’ਤੇ ਰੋਕ ਲਾਉਣ ਬਾਰੇ ਸਿਹਤ ਮਾਹਿਰਾਂ ਦੀ ਟੀਮ ਦੇ ਸਲਾਹ ਮਸ਼ਵਰੇ ਮਗਰੋਂ ਫੈਸਲਾ ਲਵਾਂਗੇ। ਅਮਰਿੰਦਰ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹਵਾਲੇ ਨਾਲ ਇਹ ਵੀ ਸਪੱਸ਼ਟ ਕੀਤਾ ਕਿ ਉਹ ਧਾਰਮਿਕ ਯਾਤਰਾਵਾਂ ’ਤੇ ਰੋਕ ਲਾਉਣ ਦੇ ਹੱਕ ਵਿਚ ਨਹੀਂ ਹਨ, ਪਰ ਕੋਵਿਡ-19 ਨੂੰ ਕੰਟਰੋਲ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਤੀਰਥ ਯਾਤਰਾ ਅਤੇ ਧਾਰਮਿਕ ਮਕਸਦ ਲਈ ਹਿਮਾਚਲ ਜਾਣ ਵਾਲੇ ਪੰਜਾਬੀਆਂ ’ਤੇ ਪਾਬੰਦੀ ਲਗਾਏ ਜਾਣ ਬਾਰੇ ਕੋਈ ਰਸਮੀ ਪੱਤਰ ਪ੍ਰਾਪਤ ਨਹੀਂ ਹੋਇਆ ਹੈ। ਪਰ ਜੇ ਕੋਈ ਪੱਤਰ ਮਿਲਿਆ ਤਾਂ ਉਸ ਮਗਰੋਂ ਫੈਸਲਾ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਕੇਸਾਂ ਦੀ ਗਿਣਤੀ ਨੂੰ ਦੇਖਦੇ ਹੋਏ ਉਹ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨਾਸਾਜ਼ ਹੋਣ ’ਤੇ ਫੌਰੀ ਡਾਕਟਰ ਕੋਲ ਜਾਣ ਅਤੇ ਟੈਸਟ ਕਰਾਉਣ ਕਿਉਂਕਿ ਬਹੁਤੇ ਲੋਕ ਹਸਪਤਾਲ ਜਾਣ ਵਿਚ ਦੇਰੀ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕੋਵਿਡ ਨੇਮਾਂ ਦੀ ਉਲੰਘਣਾ ਲਈ ਜੁਰਮਾਨੇ ਆਦਿ ਦੀ ਰਾਸ਼ੀ ਵਧਾਉਣ ਦਾ ਵੀ ਇਸ਼ਾਰਾ ਕੀਤਾ।

Leave a Reply

Your email address will not be published. Required fields are marked *