ਐੱਲਆਈਸੀ ਮੁਲਾਜ਼ਮਾਂ ਵੱਲੋਂ ਦੇਸ਼ ਭਰ ਵਿੱਚ ਹੜਤਾਲ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਹਰ ਖੇਤਰ ਵਿੱਚ ਕੀਤੇ ਜਾ ਰਹੇ ਨਿੱਜੀਕਰਨ ਅਤੇ ਅਪਨਿਵੇਸ਼ ਦੇ ਵਿਰੋਧ ਵਿੱਚ ਬੈਂਕ ਕਰਮਚਾਰੀਆਂ ਮਗਰੋਂ ਅੱਜ ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ (ਐੱਲਆਈਸੀ) ਦੇ ਮੁਲਾਜ਼ਮਾਂ ਨੇ ਦੇਸ਼ ਭਰ ਵਿੱਚ ਇਕ ਦਿਨ ਦੀ ਹੜਤਾਲ ਕੀਤੀ।

ਮੁਲਾਜ਼ਮਾਂ ਨੇ ਐੱਲਆਈਸੀ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼ ਦੀ ਤਜਵੀਜ਼ ਦਾ ਵਿਰੋਧ ਕੀਤਾ ਹੈ। ਨੈਸ਼ਨਲ ਫੈਡਰੇਸ਼ਨ ਆਫ਼ ਇੰਸ਼ੋਰੈਂਸ ਫੀਲਡ ਵਰਕਰਜ਼ ਆਫ਼ ਇੰਡੀਆ, (ਉੱੱਤਰੀ ਜ਼ੋਨ) ਇੰਸ਼ੋਰੈਂਸ ਐਂਪਲਾਈਜ਼ ਐਸੋਸ਼ੀਏਸ਼ਨ ਦੇ ਸੱਦੇ ’ਤੇ ਦੇਸ਼ ਭਰ ਦੇ ਮੁਲਾਜ਼ਮਾਂ ਨੇ ਹੜਤਾਲ ਕਰਦਿਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਨੈਸ਼ਨਲ ਫੈਡਰੇਸ਼ਨ ਆਫ਼ ਇੰਸ਼ੋਰੈਂਸ ਫੀਲਡ ਵਰਕਰਜ਼ ਆਫ਼ ਇੰਡੀਆ ਦੇ ਜਨਰਲ ਸਕੱਤਰ ਸੰਜੀਵ ਕੁਮਾਰ ਅਤੇ ਜ਼ੋਨਲ ਸਕੱਤਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ ਐੱਲਆਈਸੀ ਵਿੱਚ ਆਈਪੀਓ ’ਚ ਲਿਆਉਣ ਦਾ ਐਲਾਨ ਕੀਤਾ ਗਿਆ, ਜਿਸ ਤੋਂ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਐੱਲਆਈਸੀ ਵੀ ਨਿੱਜੀ ਹੱਥਾਂ ਵਿੱਚ ਚਲੀ ਜਾਵੇਗੀ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਭਾਰਤ ਵਿੱਚ ਐੱਫਡੀਆਈ ਨੂੰ 49 ਫ਼ੀਸਦ ਤੋਂ ਵਧਾ ਕੇ 74 ਫ਼ੀਸਦ ਕਰਨ ਦਾ ਵੀ ਵਿਰੋਧ ਕੀਤਾ।

ਐਸੋਸੀਏਸ਼ਨ ਦੇ ਅਹੁੱਦੇਦਾਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਜਨਤਕ ਖੇਤਰ ਦੀਆਂ ਬੈਂਕਾਂ ਦਾ ਨਿੱਜੀਕਰਨ ਲੱਗੀ ਹੋਈ ਹੈ, ਪਰ ਬੈਂਕ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਵਜੂਦ ਸਰਕਾਰ ਮੰਨਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਬੈਂਕਾਂ ਅਤੇ ਐੱਲਆਈਸੀ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਮੰਨੇ ਜਾਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸੇ ਦੌਰਾਨ ਐੱਲਆਈਸੀ ਮੁਲਾਜ਼ਮਾਂ ਨੇ ਐੱਲਆਈਸੀ ਨੂੰ ਸਟਾਕ ਮਾਰਕੀਟ ’ਚ ਸੂਚੀਬੱਧ ਕਰਨ ਖ਼ਿਲਾਫ਼ ਲੁਧਿਆਣਾ ਦੇ ਦੁੱਗਰੀ ਸਥਿਤ ਮੰਡਲ ਦਫ਼ਤਰ ’ਚ ਧਰਨਾ ਦਿੱਤਾ। ਇਸ ਧਰਨੇ ’ਚ ਐੱਲਆਈਸੀ ਦੀ ਲੁਧਿਆਣਾ ਡਿਵੀਜ਼ਨ ਦੀਆਂ 13 ਬਰਾਂਚਾਂ ਦੇ ਮੁਲਾਜ਼ਮ ਸ਼ਾਮਲ ਹੋਏ। ਇਸ ਦੌਰਾਨ ਮੁਲਾਜ਼ਮਾਂ ਨੇ ਕੰਮਕਾਜ ਪੂਰੀ ਤਰ੍ਹਾਂ ਬੰਦ ਰੱਖਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਲਾਭ ਦੇਣ ਵਾਲੀ ਦੇਸ਼ ਦੀ ਪਹਿਲੀ ਬੀਮਾ ਕੰਪਨੀ ਨੂੰ ਨਿੱਜੀ ਹੱਥਾਂ ’ਚ ਨਾ ਦਿੱਤਾ ਜਾਵੇ।

Leave a Reply

Your email address will not be published. Required fields are marked *