ਹੋਲਾ ਮਹੱਲਾ: ਦੂਜੇ ਦਿਨ ਵੱਡੀ ਗਿਣਤੀ ਸੰਗਤ ਨੇ ਮੱਥਾ ਟੇਕਿਆ

ਸ੍ਰੀ ਆਨੰਦਪੁਰ ਸਾਹਿਬ, 28 ਮਾਰਚਖਾਲਸਾ ਪੰਥ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਦੂਸਰੇ ਦਿਨ ਐਤਵਾਰ ਹੋਣ ਕਰਕੇ ਗੁਰੂ ਕੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਪੂਰੇ ਖਾਲਸਈ ਰੰਗ ਵਿੱਚ ਰੰਗੀ ਰਹੀ ਅਤੇ ਕਰੋਨਾ ’ਤੇ ਸੰਗਤ ਦੀ ਸ਼ਰਧਾ ਦਾ ਸੈਲਾਬ ਭਾਰੀ ਪੈਂਦਾ ਦਿਖਾਈ ਦਿੱਤਾ। ਅੱਜ ਦੂਸਰੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਗੁਰਦੁਆਰਿਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਮੱਥਾ ਟੇਕਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਮੈਨੇਜਰ ਮਲਕੀਤ ਸਿੰਘ ਅਤੇ ਵਧੀਕ ਮੈਨੇਜਰ ਹਰਦੇਵ ਸਿੰਘ ਹੈਪੀ ਅਨੁਸਾਰ ਪਹਿਲੇ ਦਿਨ ਸੰਗਤ ਦੀ ਆਮਦ ’ਚ ਪਿਛਲੇ ਸਾਲ ਦੇ ਮੁਕਾਬਲੇ ਜ਼ਿਕਰਯੋਗ ਕਮੀ ਸੀ ਪਰ ਅੱਜ ਦੂਸਰੇ ਦਿਨ ਤੜਕਸਾਰ ਤੋਂ ਹੀ ਸੰਗਤ ਦੀ ਆਮਦ ਲਗਾਤਾਰ ਬਰਕਰਾਰ ਰਹੀ। ਉਨ੍ਹਾਂ ਦੱਸਿਆ ਕਿ ਸਵੇਰੇ ਤੋਂ ਹੀ ਸੰਗਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤਿਆਂ ’ਤੇ ਲੰਮੀਆਂ ਕਤਾਰਾਂ ਲਗਾ ਕੇ ਮੱਥਾ ਟੇਕਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ।

ਦੱਸਣਯੋਗ ਹੈ ਕਿ ਬੇਸ਼ੱਕ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਸੰਗਤ ਦੀ ਗਿਣਤੀ ਕਾਫੀ ਘੱਟ ਸੀ ਪਰ ਚਾਰੇ ਪਾਸੇ ਨੀਲੀਆਂ ਤੇ ਕੇਸਰੀ ਦਸਤਾਰਾਂ ਹੀ ਨਜ਼ਰ ਆ ਰਹੀਆਂ ਸਨ। ਹਾਲਾਂਕਿ ਦੁਕਾਨਦਾਰੀ ਕੁਝ ਹੱਦ ਤੱਕ ਫਿੱਕੀ ਹੀ ਰਹੀ ਪਰ ਬੀਤੇ ਦਿਨ ਦੇ ਮੁਕਾਬਲੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ ਦਿਖਾਈ ਦਿੱਤੀ। ਇਸੇ ਦੌਰਾਨ ਸ੍ਰੀ ਆਨੰਦਪੁਰ ਸਾਹਿਬ: ਅੱਜ ਇੱਥੇ ਹੋਲੇ ਮਹੱਲੇ ਦੇ ਦੂਜੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਹੋਲੇ ਮਹੱਲੇ ਮੌਕੇ ਕਰੋਨਾ ਮਹਾਮਾਰੀ ਦਾ ਹਊਆ ਖੜਾ ਕਰਕੇ ਸਮੁੱਚੀ ਸੰਗਤ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ, ਜਿਸ ਕਰਕੇ ਸੰਗਤ ਦੀ ਆਮਦ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਨੂੰ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਹੋਲੇ ਮਹੱਲੇ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਾ ਆਉਣ ਬਾਰੇ, ਮੁੱਖ ਪੰਡਾਲ ਨਾ ਲਗਾਉਣ ਤੇ ਹੋਰ ਸਮਾਗਮਾਂ ਵਿੱਚੋਂ ਪੈਰ ਪਿੱਛੇ ਖਿੱਚਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਗੱਲ ਨਹੀਂ ਹੈ ਕਿਉਂਕਿ 400 ਸਾਲਾਂ ਪ੍ਰਕਾਸ਼ ਪੁਰਬ ਸਮਾਗਮ ਚੱਲ ਰਹੇ ਹਨ ਤੇ ਸਭ ਦੀਆਂ ਵੱਖੋ-ਵੱਖਰੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ ਤੇ ਸੰਗਤ ਲਈ ਪ੍ਰਬੰਧਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ, ਜਦਕਿ ਚੀਫ ਸਕੱਤਰ, ਮੈਨੇਜਰ ਸਣੇ ਸਮੁੱਚਾ ਅਮਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੀ ਡਟਿਆ ਹੋਇਆ ਹੈ। ਮਲੋਟ ਅੰਦਰ ਵਿਧਾਇਕ ਦੀ ਕੁੱਟਮਾਰ ਨੂੰ ਮੰਦਭਾਗਾ ਦੱਸਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੇਂਦਰ ਦੀ ਭਾਜਪਾਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣੇ ਅਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰੇ।

Leave a Reply

Your email address will not be published. Required fields are marked *