ਲੱਦਾਖ ਮਸਲਾ: ਭਾਰਤ ਨੇ ਚੀਨ ਤੋਂ ਸਹਿਯੋਗ ਮਿਲਣ ਦੀ ਆਸ ਜਤਾਈ

ਨਵੀਂ ਦਿੱਲੀ: ਭਾਰਤ ਨੇ ਅੱਜ ਆਸ ਜਤਾਈ ਕਿ ਚੀਨ ਪੂਰਬੀ ਲੱਦਾਖ ਦੇ ਬਾਕੀ ਰਹਿੰਦੇ ਇਲਾਕਿਆਂ ਵਿਚੋਂ ਸੈਨਾਵਾਂ ਨੂੰ ਜਲਦੀ ਕੱਢਣ ਲਈ ਇਸ ਨਾਲ ਮਿਲ ਕੇ ਕੰਮ ਕਰੇਗਾ। ਭਾਰਤ ਨੇ ਕਿਹਾ ਕਿ ਤਣਾਅ ਘਟਣ ਨਾਲ ਹੀ ਸਰਹੱਦੀ ਇਲਾਕਿਆਂ ਵਿਚ ਸ਼ਾਂਤੀ-ਸਥਿਰਤਾ ਬਹਾਲ ਹੋਵੇਗੀ। ਇਸ ਤੋਂ ਇਲਾਵਾ ਦੁਵੱਲੇ ਰਿਸ਼ਤੇ ਵੀ ਸੁਧਰਨਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਸ ਮੁੱਦੇ ਉਤੇ ਦੋਵੇਂ ਮੁਲਕ ਫ਼ੌਜੀ ਅਤੇ ਕੂਟਨੀਤਕ ਪੱਧਰਾਂ ਉਤੇ ਜੁੜੇ ਹੋਏ ਹਨ। ਬੁਲਾਰੇ ਨੇ ਇਸ ਮੌਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਬਿਆਨਾਂ ਦਾ ਹਵਾਲਾ ਵੀ ਦਿੱਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਸਥਿਤੀ ਇਸੇ ਤਰ੍ਹਾਂ ਰਹਿਣ ਨਾਲ ਕਿਸੇ ਦਾ ਵੀ ਭਲਾ ਨਹੀਂ ਹੋਵੇਗਾ। ਬਾਗਚੀ ਨੇ ਨਾਲ ਹੀ ਕਿਹਾ ਕਿ ਇਸ ਗੱਲ ਉਤੇ ਵੀ ਸਹਿਮਤੀ ਬਣ ਚੁੱਕੀ ਹੈ ਕਿ ਦੋਵੇਂ ਧਿਰਾਂ ਖੇਤਰ ਦੇ ਹੋਰਨਾਂ ਮੁੱਦਿਆਂ ਨੂੰ ਵੀ ਜਲਦੀ ਹੱਲ ਕਰਨ ਵੱਲ ਵਧਣਗੀਆਂ। ਬੁਲਾਰੇ ਨੇ ਕਿਹਾ ਕਿ ਪੈਂਗੌਂਗ ਝੀਲ ਇਲਾਕੇ ’ਚੋਂ ਫ਼ੌਜਾਂ ਦਾ ਹਟਣਾ ਇਕ ਮਹੱਤਵਪੂਰਨ ਕਦਮ ਸੀ ਤੇ ਇਸ ਨੇ ਐਲਏਸੀ ਦੇ ਨਾਲ ਲੱਗਦੇ ਪੱਛਮੀ ਖੇਤਰ ਦੇ ਹੋਰਨਾਂ ਮੁੱਦਿਆਂ ਦੇ ਹੱਲ ਲਈ ਰਾਹ ਪੱਧਰਾ ਕੀਤਾ ਹੈ। ਬਾਗਚੀ ਨੇ ਕਿਹਾ ਕਿ ਦੋਵੇਂ ਧਿਰਾਂ ਨੇ ਬਾਕੀ ਦੇ ਮੁੱਦਿਆਂ ਉਤੇ ਸੀਨੀਅਰ ਫ਼ੌਜੀ ਕਮਾਂਡਰਾਂ ਦੀ ਮੀਟਿੰਗ ਵਿਚ ਵੀ ਵਿਚਾਰ ਕੀਤਾ ਹੈ।

Leave a Reply

Your email address will not be published. Required fields are marked *