ਅੱਠ ਸੂਬਿਆਂ ’ਚ 81 ਫ਼ੀਸਦ ਨਵੇਂ ਕੇਸ

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ 8 ਸੂਬਿਆਂ ’ਚ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸ਼ਨਿਚਰਵਾਰ ਨੂੰ 81.42 ਫ਼ੀਸਦ ਵਿਅਕਤੀ ਲਾਗ ਤੋਂ ਪੀੜਤ ਮਿਲੇ ਹਨ। ਇਨ੍ਹਾਂ ਸੂਬਿਆਂ ’ਚ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਦਿੱਲੀ, ਤਾਮਿਲ ਨਾਡੂ, ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ। ਫ਼ੀਸਦ ਦੇ ਹਿਸਾਬ ਨਾਲ ਪੰਜਾਬ ’ਚ ਸਰਗਰਮ ਕੇਸਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਦਰਜ ਹੋਈ ਹੈ। ਦੇਸ਼ ’ਚ ਸਰਗਰਮ ਕੇਸਾਂ ਦੀ  ਗਿਣਤੀ ਵਧ ਕੇ 6,58,909 ’ਤੇ ਪਹੁੰਚ ਗਈ ਹੈ ਅਤੇ ਇਹ ਕੁੱਲ ਕੇਸਾਂ ਦਾ 5.32 ਫ਼ੀਸਦ ਹੈ। ਇਕ ਦਿਨ ’ਚ 44,213 ਸਰਗਰਮ ਕੇਸਾਂ ਦਾ ਵਾਧਾ ਹੋਇਆ ਹੈ। ਦੇਸ਼ ’ਚ 50 ਫ਼ੀਸਦ ਸਰਗਰਮ ਮਰੀਜ਼ 10 ਜ਼ਿਲ੍ਹਿਆਂ ਪੁਣੇ, ਮੁੰਬਈ, ਨਾਗਪੁਰ, ਠਾਣੇ, ਨਾਸਿਕ, ਬੰਗਲੂਰੂ ਸ਼ਹਿਰੀ, ਔਰੰਗਾਬਾਦ, ਦਿੱਲੀ, ਅਹਿਮਦਾਬਾਦ ਅਤੇ ਨਾਂਦੇੜ ’ਚ ਹਨ। ਮਹਾਰਾਸ਼ਟਰ ’ਚ ਪਿਛਲੇ ਦੋ ਮਹੀਨਿਆਂ ’ਚ ਸਰਗਰਮ ਕੇਸਾਂ ਦੀ ਗਿਣਤੀ ’ਚ 9 ਗੁਣਾ ਦਾ ਵਾਧਾ ਹੋਇਆ ਹੈ। ਮਹਾਰਾਸ਼ਟਰ ’ਚ ਅੱਜ ਕਰੋਨਾ ਦੇ ਨਵੇਂ 49,447 ਕੇਸ ਮਿਲੇ ਹਨ ਜਦਕਿ ਇਕੱਲੇ ਮੁੰਬਈ ਸ਼ਹਿਰ ’ਚ 9,108 ਨਵੇਂ ਕੇਸ ਮਿਲੇ ਹਨ।  ਕਰੋਨਾਵਾਇਰਸ ਲਾਗ ਦਾ ਇਲਾਜ ਕਰਵਾ ਰਹੇ 77.3 ਫ਼ੀਸਦ ਪੰਜ ਸੂਬਿਆਂ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਕੇਰਲ ਅਤੇ ਪੰਜਾਬ ’ਚ ਹਨ। ਸਿਰਫ਼ ਮਹਾਰਾਸ਼ਟਰ ’ਚ ਹੀ 59.36 ਫ਼ੀਸਦ ਮਰੀਜ਼ ਇਲਾਜ ਕਰਵਾ ਰਹੇ ਹਨ।  ਦੇਸ਼ ’ਚ ਇਕ ਦਿਨ ’ਚ ਕਰੋਨਾ ਦੇ 89,129 ਕੇਸ ਸਾਹਮਣੇ ਆਏ ਹਨ। ਕੁੱਲ ਕੇਸਾਂ ਦੀ ਗਿਣਤੀ 1.23 ਕਰੋੜ ਤੋਂ ਪਾਰ ਹੋ ਗਈ ਹੈ। ਪਿਛਲੇ 24 ਘੰਟਿਆਂ ’ਚ 714 ਹੋਰ ਵਿਅਕਤੀਆਂ  ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 1,64,110 ਹੋ ਗਈ ਹੈ। ਉਧਰ ਕੋਵਿਡ-19 ਵੈਕਸੀਨ ਦਾ ਅੰਕੜਾ 7.3 ਕਰੋੜ ਨੂੰ ਪਾਰ ਹੋ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਮਹਾਰਾਸ਼ਟਰ, ਛੱਤੀਸਗੜ੍ਹ, ਪੰਜਾਬ, ਕਰਨਾਟਕ, ਦਿੱਲੀ, ਤਾਮਿਲ ਨਾਡੂ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਕੇਰਲਾ ਸਮੇਤ 12 ਸੂਬਿਆਂ ’ਚ ਰੋਜ਼ਾਨਾ ਕੇਸ ਵਧ ਰਹੇ ਹਨ। ਕੇਂਦਰੀ ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸ਼ੁੱਕਰਵਾਰ ਨੂੰ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਪੁਲੀਸ ਮੁਖੀਆਂ ਨਾਲ ਬੈਠਕ ਕਰਕੇ ਕਰੋਨਾ ਹਾਲਾਤ ਦੀ ਸਮੀਖਿਆ ਕਰਦਿਆਂ ਉਨ੍ਹਾਂ ਨੂੰ ਕੋਵਿਡ-19 ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਸੀ। 

ਦੇਸ਼ ’ਚ ਕੋਵਿਡ-19 ਦੀ ਦੂਜੀ ਲਹਿਰ ਤੇਜ਼ ਹੋਣ ਦੇ ਨਾਲ ਹੀ ਵੈਕਸੀਨ ਲਗਾਉਣ ਦੇ ਇਛੁੱਕ ਲੋਕਾਂ ਦੀ ਪ੍ਰਤੀਸ਼ਤ 77 ਫ਼ੀਸਦ ਤੱਕ ਵੱਧ ਗਈ ਹੈ। ਸਰਵੇਖਣ ਮੁਤਾਬਕ ਕਰੋਨਾ ਟੀਕੇ ਤੋਂ ਝਿਜਕ ਦਾ ਪੱਧਰ ਵੀ 23 ਫ਼ੀਸਦ ਤੱਕ ਘੱਟ ਗਿਆ ਹੈ। ਟੀਕੇ ਲਗਵਾਉਣ ਵਾਲੇ 52 ਫ਼ੀਸਦੀ ਨਾਗਰਿਕਾਂ ’ਤੇ ਇਸ ਦਾ  ਗਲਤ ਅਸਰ ਦੇਖਣ ਨੂੰ ਨਹੀਂ ਮਿਲਿਆ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੋਵੀਸ਼ੀਲਡ ਅਤੇ ਕੋਵੈਕਸੀਨ, ਯੂਕੇ ਅਤੇ ਬ੍ਰਾਜ਼ੀਲ ਦੇ ਕਰੋਨਾ ਰੂਪਾਂ ਖ਼ਿਲਾਫ਼ ਕਾਰਗਰ ਹਨ। 

Leave a Reply

Your email address will not be published. Required fields are marked *