ਸਿੱਧੂ ਵੱਲੋਂ ‘ਵੱਡੇ ਧਮਾਕੇ’ ਸਬੰਧੀ ਅਫ਼ਵਾਹਾਂ ਨੇ ਪੱਬਾਂ ਭਾਰ ਕੀਤਾ ਸਰਕਾਰੀ ਤੰਤਰ

ਪਟਿਆਲਾ: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਇੱਥੇ ਆਪਣੀ ਰਿਹਾਇਸ਼ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਤੋਂ ਪਹਿਲਾਂ ਇੱਥੋਂ ਦਾ ਸਮੁੱਚਾ ਸਰਕਾਰੀ ਤੰਤਰ ਚੌਕਸ ਰਿਹਾ। ਇਹ ਪ੍ਰੈੱਸ ਕਾਨਫ਼ਰੰਸ ਇੱਕ ਦਿਨ ਪਹਿਲਾਂ ਹੀ ਉਲੀਕੀ ਗਈ ਸੀ ਪਰ ਵਿਸ਼ਾ ਨਹੀਂ ਸੀ ਦੱਸਿਆ ਗਿਆ ਜਿਸ ਕਰ ਕੇ ਪ੍ਰੈੱਸ ਕਾਨਫ਼ਰੰਸ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਇੱਥੋਂ ਦਾ ਸਮੁੱਚਾ ਸਰਕਾਰੀ ਤੰਤਰ ਖ਼ਾਸ ਕਰ ਕੇ ਸਰਕਾਰ ਦੇ ਸਮੂਹ ਖ਼ੁਫ਼ੀਆ ਵਿੰਗਾਂ ਅਤੇ ਏਜੰਸੀਆਂ ਦੇ ਮੁਲਾਜ਼ਮ ਕਨਸੋਆਂ ਲੈਂਦੇ ਰਹੇ। ਅਸਲ ਵਿਚ ਸ੍ਰੀ ਸਿੱਧੂ ਵੱਲੋਂ ਉਲੀਕੀ ਗਈ ਇਸ ਪ੍ਰੈੱਸ ਕਾਨਫ਼ਰੰਸ ਨੂੰ ਲੈ ਕੇ ਕੱਲ੍ਹ ਹੀ ਸੋਸ਼ਲ ਮੀਡੀਆ ’ਤੇ ਇਹ ਗੱਲ ਵਾਇਰਲ ਹੋ ਗਈ ਸੀ ਕਿ ਐਤਵਾਰ ਨੂੰ ਨਵਜੋਤ ਸਿੱਧੂ ਕੋਈ ਵੱਡਾ ਐਲਾਨ ਕਰਨਗੇ। ਇੱਥੇ ਉਹ ਭਾਵੇਂ ਕਿ ਪਿਛਲੇ ਮਹੀਨੇ ਵੀ ਪ੍ਰੈੱਸ ਕਾਨਫ਼ਰੰਸ ਕਰ ਚੁੱਕੇ ਹਨ, ਪਰ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਮੁੱਖ ਮੰਤਰੀ ਦੇ ਸ਼ਹਿਰ ਵਿਚ ਕੀਤੀ ਗਈ ਇਸ ਦੂਜੀ ਪ੍ਰੈੱਸ ਕਾਨਫ਼ਰੰਸ ਬਾਰੇ ਪਹਿਲਾਂ ਹੀ ਵਧੇਰੇ ਰੌਲ਼ਾ ਪੈਣ ਕਰ ਕੇ ਸਰਕਾਰੀ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਸਨ।

ਆਮ ਪ੍ਰੈੱਸ ਕਾਨਫ਼ਰੰਸਾਂ ਦੇ ਉਲਟ ਇੱਥੇ ਸਿਰਫ਼ ਵਿਸ਼ੇਸ਼ ਸੱਦੇ ਵਾਲੇ ਮੀਡੀਆ ਕਰਮੀ ਹੀ ਪਹੁੰਚੇ ਹੋਏ ਸਨ, ਜਿਸ ਤਹਿਤ ਆਮ ਵਾਂਗ ਸਿੱਧੂ ਦੇ ਇਸ ਘਰ ਵਿੱਚ ਸਰਕਾਰੀ ਏਜੰਸੀਆਂ ਦਾ ਕੋਈ ਨੁਮਾਇੰਦਾ ਨਾ ਵੜ ਸਕਿਆ ਅਤੇ ਇਸੇ ਕਰ ਕੇ ਇਹ ਪ੍ਰੈੱਸ ਕਾਨਫ਼ਰੰਸ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਵਧੇਰੇ ਖਿੱਚ ਦਾ ਕੇਂਦਰ ਬਣੀ ਰਹੀ। ਉਂਜ, ਇਸ ਦੌਰਾਨ ਪੱਤਰਕਾਰਾਂ ਵੱਲੋਂ ਅਗਲੀ ਰਣਨੀਤੀ/ਫੈਸਲੇ ਬਾਰੇ ਵਾਰ-ਵਾਰ ਪੁੱਛੇ ਜਾਣ ’ਤੇ ਵੀ ਨਵਜੋਤ ਸਿੱਧੂ ਨੇ ਪਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। ਉਹ ਨਾ ਸਿਰਫ਼ ਪੱਤਰਕਾਰਾਂ ਦੇ ਅਜਿਹੇ ਸਵਾਲਾਂ ਦੇ ਜਵਾਬ ਟਾਲਦੇ ਰਹੇ, ਬਲਕਿ ਇਹ ਵੀ ਆਖਦੇ ਰਹੇ ਕਿ ਉਹ ਇਸ ਤਰ੍ਹਾਂ ਉਨ੍ਹਾਂ ਦੇ ਚੱਕਰ ਵਿਚ ਫਸਣ ਵਾਲੇ ਨਹੀਂ ਹਨ। ਉਨ੍ਹਾਂ ਦਾ ਤਰਕ ਸੀ ਕਿ ਅੱਜ ਉਹ ਸਿਰਫ਼ ਸਿੱਧੀ ਅਦਾਇਗੀ ਦੇ ਮੁੱਦੇ ’ਤੇ ਹੀ ਗੱਲ ਕਰਨਗੇ। ਉਨ੍ਹਾਂ ਦੀ ਸਰਕਾਰ ਵਿਚ ਵਾਪਸੀ ਸਮੇਤ ਕਿਸੇ ਹੋਰ ਪਾਰਟੀ ਨਾਲ ਹੱਥ ਮਿਲਾਉਣ ਦੀ ਚਰਚਾ ਭਾਵੇਂ ਕਿ ਆਮ ਹੀ ਹੈ ਪਰ ਸਿੱਧੂ ਨੇ ਅੱਜ ਅਜਿਹੇ ਕਿਸੇ ਵੀ ਵਿਸ਼ੇ ’ਤੇ ਕੋਈ ਗੱਲ ਨਹੀਂ ਕੀਤੀ। ਇਸ ਦੌਰਾਨ ਉਨ੍ਹਾਂ ਦੀ ਜ਼ੁਬਾਨ ’ਤੇ ਇੱਕ ਵਾਰ ਵੀ ਮੁੱਖ ਮੰਤਰੀ ਦਾ ਨਾਮ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਨੇ ਆਪਣੀ ਹਾਈਕਮਾਂਡ ਦਾ ਕਿਸੇ ਗੱਲ ’ਚ ਕੋਈ ਜ਼ਿਕਰ ਕੀਤਾ। ਉਨ੍ਹਾਂ ਐਨਾ ਹੀ ਕਿਹਾ ਕਿ ਉਨ੍ਹਾਂ ਨੇ ਜਦੋਂ ਵੀ ਕੋਈ ਫੈਸਲਾ ਲਿਆ ਹੈ ਉਸ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਦੇ ਪਟਿਆਲਾ ਜ਼ਿਲ੍ਹੇ ਦੇ ਕਿਸੇ ਹਲਕੇ ਤੋਂ ਚੋਣ ਲੜਨ ਦੀ ਇੱਥੇ ਚਰਚਾ ਜਾਰੀ ਹੈ। ਇਸ ਸਬੰਧੀ ਉਨ੍ਹਾਂ ਸਿਰਫ਼ ਐਨਾ ਹੀ ਕਿਹਾ ਕਿ ਉਨ੍ਹਾਂ ਬਾਰੇ ਤਾਂ ਕਈ ਤਰ੍ਹਾਂ ਦੇ ਰੌਲ਼ੇ ਪੈਂਦੇ ਹੀ ਰਹਿੰਦੇ ਹਨ।

Leave a Reply

Your email address will not be published. Required fields are marked *