ਕਰੋਨਾਵਾਇਰਸ: ਇਕ ਦਿਨ ’ਚ ਸਭ ਤੋਂ ਵੱਧ 93,249 ਨਵੇਂ ਕੇਸ

ਨਵੀਂ ਦਿੱਲੀ: ਭਾਰਤ ਵਿੱਚ ਅੱਜ ਕਰੋਨਾਵਾਇਰਸ ਦੇ 93,249 ਨਵੇਂ ਕੇਸ ਸਾਹਮਣੇ ਆਏ। ਮੌਜੂਦਾ ਸਾਲ ਵਿੱਚ ਇਕ ਦਿਨ ’ਚ ਸਾਹਮਣੇ ਆਉਣ ਵਾਲੇ ਨਵੇਂ ਕੇਸਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 19 ਸਤੰਬਰ ਨੂੰ ਇਕ ਦਿਨ ਵਿੱਚ ਸਭ ਤੋਂ ਵੱਧ 93,337 ਨਵੇਂ ਕੇਸ ਸਾਹਮਣੇ ਆਏ ਸਨ। ਅੱਜ ਸਾਹਮਣੇ ਆਏ ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ ਵਧ ਕੇ 1,24,85,509 ’ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ’ਚ ਕਰੋਨਾਵਾਇਰਸ ਕਾਰਨ 513 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਇਸ ਮਹਾਮਾਰੀ ਕਾਰਨ ਹੋਈਆਂ ਕੁੱਲ ਮੌਤਾਂ ਦੀ ਗਿਣਤੀ ਵਧ ਕੇ 1,64,623 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅੱਜ ਲਗਾਤਾਰ 25ਵੇਂ ਦਿਨ ਵੀ ਕੇਸਾਂ ਦੀ ਗਿਣਤੀ ’ਚ ਭਾਰੀ ਵਾਧਾ ਜਾਰੀ ਰਿਹਾ। ਨਵੇਂ ਕੇਸਾਂ ਦੀ ਗਿਣਤੀ ਵਧਣ ਨਾਲ ਦੇਸ਼ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 6,91,597 ਹੋ ਗਈ ਹੈ ਜੋ ਕੁੱਲ ਕੇਸਾਂ ਦਾ 5.54 ਫ਼ੀਸਦ ਹੈ। ਇਸ ਤੋਂ ਇਲਾਵਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਘਟ ਕੇ 93.14 ਫ਼ੀਸਦ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸਭ ਤੋਂ ਘੱਟ 1,35,926 ਐਕਟਿਵ ਕੇਸ 12 ਫਰਵਰੀ ਨੂੰ ਸਨ ਜੋ ਕੁੱਲ ਕੇਸਾਂ ਦਾ ਸਿਰਫ਼ 1.25 ਫ਼ੀਸਦ ਸਨ। ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,16,29,289 ’ਤੇ ਪਹੁੰਚ ਗਈ ਹੈ ਜਦੋਂਕਿ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 1.32 ਫ਼ੀਸਦ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਅਨੁਸਾਰ 3 ਅਪਰੈਲ ਨੂੰ 11,66,716 ਸੈਂਪਲਾਂ ਦੀ ਕੀਤੀ ਗਈ ਜਾਂਚ ਸਣੇ ਹੁਣ ਤੱਕ ਕੁੱਲ 24,81,25,908 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ਭਰ ਵਿੱਚ ਸਾਹਮਣੇ ਆ ਰਹੇ ਨਵੇਂ ਕੇਸਾਂ ਦੀ ਗਿਣਤੀ ’ਚ ਹਿੱਸੇਦਾਰੀ ਵਜੋਂ ਮਹਾਰਾਸ਼ਟਰ ਤੇ ਪੰਜਾਬ ਸਭ ਤੋਂ ਪ੍ਰਭਾਵਿਤ ਰਾਜਾਂ ਵਿੱਚ ਸ਼ਾਮਲ ਹਨ। ਇਹ ਦੋਵੇਂ ਰਾਜ ਹੁਣ ਤੱਕ ਸਾਹਮਣੇ ਆਏ ਨਵੇਂ ਕੇਸਾਂ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹਨ। 31 ਮਾਰਚ ਨੂੰ ਮਹਾਰਾਸ਼ਟਰ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ 4,26,108 ਨਵੇਂ ਕੇਸ ਸਾਹਮਣੇ ਆਏ ਅਤੇ ਇਸੇ ਸਮੇਂ ਦੌਰਾਨ ਪੰਜਾਬ ਵਿੱਚ 35,754 ਨਵੇਂ ਕੇਸ ਸਾਹਮਣੇ ਆਏ। 31 ਮਾਰਚ ਨੂੰ ਸਾਹਮਣੇ ਆਏ ਅੰਕੜਿਆਂ ਅਨੁਸਾਰ ਉਸ ਤੋਂ ਪਿਛਲੇ ਦੋ ਹਫ਼ਤੇ ਵਿੱਚ ਦੇਸ਼ ਭਰ ਵਿੱਚ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਮਹਾਰਾਸ਼ਟਰ ਤੇ ਪੰਜਾਬ ਦੀ 60 ਫ਼ੀਸਦ ਹਿੱਸੇਦਾਰੀ ਰਹੀ।

ਦੇਸ਼ ਭਰ ਵਿੱਚ ਅੱਜ ਸਾਹਮਣੇ ਆਏ 93,249 ਕੇਸਾਂ ਵਿੱਚੋਂ 80.96 ਫ਼ੀਸਦ ਮਾਮਲੇ ਸਿਰਫ਼ ਅੱਠ ਰਾਜਾਂ ’ਚੋਂ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਦਿੱਲੀ, ਤਾਮਿਲਨਾਡੂ, ਉੱਤਰ ਪ੍ਰਦੇਸ਼, ਮੱਧ ਪ੍ਰਦੇ਼ਸ ਤੇ ਗੁਜਰਾਤ ਸ਼ਾਮਲ ਹਨ। ਦੇਸ਼ ਭਰ ਦੇ ਕੁੱਲ ਕੇਸਾਂ ਵਿੱਚੋਂ 76.41 ਫ਼ੀਸਦ ਕੇਸ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਕੇਰਲ ਤੇ ਪੰਜਾਬ ਵਿੱਚੋਂ ਹਨ। ਸਿਹਤ ਮੰਤਰਾਲੇ ਅਨੁਸਾਰ 11 ਰਾਜਾਂ ਮਹਾਰਾਸ਼ਟਰ, ਪੰਜਾਬ, ਕਰਨਾਟਕ, ਕੇਰਲ, ਛੱਤੀਸਗੜ੍ਹ, ਚੰਡੀਗੜ੍ਹ, ਗੁਜਰਾਤ, ਮੱਧ ਪ੍ਰਦੇਸ਼, ਤਾਮਿਲਨਾਡੂ, ਦਿੱਲੀ ਤੇ ਹਰਿਆਣਾ ਵਿੱਚ ਵਧਦੀ ਰੋਜ਼ਾਨਾ ਦੇ ਕੇਸਾਂ ਦੀ ਗਿਣਤੀ ਅਤੇ ਹੁੰਦੀਆਂ ਮੌਤਾਂ ਦੇ ਮੱਦੇਨਜ਼ਰ ਇਨ੍ਹਾਂ 11 ਰਾਜਾਂ ਤੇ ਯੂਟੀਜ਼ ਨੂੰ ‘ਗੰਭੀਰ ਚਿੰਤਾ ਵਾਲੇ ਰਾਜਾਂ’ ਦੇ ਵਰਗ ਵਿੱਚ ਰੱਖਿਆ ਗਿਆ ਹੈ। 31 ਮਾਰਚ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 14 ਦਿਨਾਂ ਵਿੱਚ ਸਾਹਮਣੇ ਆਏ ਨਵੇਂ ਕੇਸਾਂ ’ਚੋਂ 90 ਫ਼ੀਸਦ ਕੇਸ ਇਨ੍ਹਾਂ ਰਾਜਾਂ ’ਚੋਂ ਸਨ ਅਤੇ ਪਿਛਲੇ 14 ਦਿਨਾਂ ਵਿੱਚ ਹੋਈਆਂ ਮੌਤਾਂ ’ਚੋਂ 90.5 ਫ਼ੀਸਦ ਮੌਤਾਂ ਇਨ੍ਹਾਂ ਰਾਜਾਂ ’ਚ ਹੋਈਆਂ।

Leave a Reply

Your email address will not be published. Required fields are marked *