ਲੌੌਕਡਾਊਨ ਦੇ ਡਰੋਂ ਪਰਵਾਸੀ ਮਜ਼ਦੂਰਾਂ ਵੱਲੋਂ ਘਰ ਵਾਪਸੀ ਸ਼ੁਰੂ

ਜਲੰਧਰ : ਲੌਕਡਾਊਨ ਲੱਗਣ ਦੇ ਖ਼ਦਸ਼ੇ ਕਾਰਨ ਪਰਵਾਸੀ ਮਜ਼ਦੂਰਾਂ ਨੇ ਘਰ ਵਾਪਸੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਕਣਕ ਦੀ ਕਟਾਈ ਲਈ ਕਿਸਾਨ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਫੈਕਟਰੀ ਮਾਲਕ ਵੀ ਮਜ਼ਦੂਰਾਂ ਦੀ ਘਾਟ ਮਹਿਸੂਸ ਕਰਨ ਲੱਗ ਪਏ ਹਨ। ਦੋਆਬਾ ਇਲਾਕੇ ਵਿਚ ਜ਼ਿਆਦਾਤਰ ਕਣਕ ਦੀ ਕਟਾਈ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ ਪਰ ਫਸਲ ਦੀ ਸੰਭਾਲ ਅਤੇ ਮੰਡੀਆਂ ਤੱਕ ਲੈ ਕੇ ਜਾਣ ਲਈ ਪਰਵਾਸੀ ਮਜ਼ਦੂਰ ਹੀ ਕੰਮ ਆਉਂਦੇ ਹਨ। ਪਿੰਡ ਜਗਨਪੁਰ ਤੋਂ ਆਪਣੇ ਘਰ ਜਾ ਰਹੇ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਪਿਛਲੇ ਸਾਲ ਲੌਕਡਾਊਨ ਲੱਗਣ ’ਤੇ ਆਵਾਜਾਈ ਬੰਦ ਹੋ ਗਈ ਸੀ ਅਤੇ ਉਹ ਆਪਣੇ ਘਰ ਨਹੀਂ ਜਾ ਸਕੇ ਸਨ। ਇਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਤੰਗੀ ਦੇ ਨਾਲ ਨਾਲ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਸੀ। ਜਲੰਧਰ ਰੇਲਵੇ ਸਟੇਸ਼ਨ ਤੋਂ ਆਪਣੇ ਜੱਦੀ ਪਿੰਡਾਂ ਲਈ ਰੇਲ ਫੜਨ ਆਏ ਮਜ਼ਦੂਰ ਰਾਮ ਯਾਦਵ ਨੇ ਦੱਸਿਆ ਕਿ ਪੰਜਾਬ ਅਤੇ ਹੋਰ ਥਾਵਾਂ ’ਤੇ ਲੱਗ ਰਹੇ ਰਾਤ ਦੇ ਕਰਫਿਊ ਅਤੇ ਹੋਰ ਪਾਬੰਦੀਆਂ ਤੋਂ ਜਾਪ ਰਿਹਾ ਹੈ ਕਿ ਸ਼ਾਇਦ ਛੇਤੀ ਹੀ ਲੌਕਡਾਊਨ ਲੱਗ ਸਕਦਾ ਹੈ। ਉਹ ਨਹੀਂ ਚਾਹੁੰਦੇ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿਣ। ਉਧਰ ਹਰੀਪੁਰ ਦੇ ਕਿਸਾਨ ਅਵਤਾਰ ਸਿੰਘ ਦਿਉਲ ਨੇ ਕਿਹਾ ਕਿ ਕਾਫੀ ਪਰਵਾਸੀ ਮਜ਼ਦੂਰ ਪੰਜਾਬ ਤੋਂ ਵਾਪਸ ਜਾ ਰਹੇ ਹਨ ਜਿਸ ਦਾ ਅਸਰ ਕਣਕ ਦੀ ਕਟਾਈ ’ਤੇ ਪਵੇਗਾ। ਜਲੰਧਰ ਸਥਿਤ ਰਬੜ ਫੈਕਟਰੀ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਰਵਾਸੀ ਮਜ਼ਦੂਰ ਆਪਣੇ ਜੱਦੀ ਪਿੰਡਾਂ ਨੂੰ ਪਰਤਣ ਦੀ ਅੜੀ ਕਰ ਰਹੇ ਹਨ ਪਰ ਰੇਲ ਗੱਡੀਆਂ ਵਿਚ ਟਿਕਟਾਂ ਨਾ ਮਿਲਣ ਅਤੇ ਯੂਪੀ-ਬਿਹਾਰ ਨੂੰ ਜਾਣ ਵਾਲੀਆਂ ਨਿੱਜੀ ਬੱਸਾਂ ਵਿਚ ਵੀ ਸੀਟਾਂ ਨਾ ਮਿਲਣ ਕਾਰਨ ਉਹ ਇਥੇ ਰੁਕੇ ਹੋਏ ਹਨ।  

Leave a Reply

Your email address will not be published. Required fields are marked *