ਭਾਰਤ-ਚੀਨ ਗੱਲਬਾਤ: ਟਕਰਾਅ ਵਾਲੀਆਂ ਥਾਵਾਂ ਤੋਂ ਫ਼ੌਜ ਵਾਪਸ ਸੱਦਣ ’ਤੇ ਜ਼ੋਰ

ਨਵੀਂ ਦਿੱਲੀ: ਭਾਰਤ ਤੇ ਚੀਨ ਨੇ ਅੱਜ ਫ਼ੌਜੀ ਪੱਧਰ ’ਤੇ ਗੱਲਬਾਤ ਦਾ ਇਕ ਹੋਰ ਗੇੜ ਆਰੰਭਿਆ ਹੈ। ਇਸ ਦਾ ਮੰਤਵ ਟਕਰਾਅ ਵਾਲੀਆਂ ਹੋਰਨਾਂ ਥਾਵਾਂ ਤੋਂ ਫ਼ੌਜ ਨੂੰ ਵਾਪਸ ਸੱਦਣਾ ਹੈ। ਸੂਤਰਾਂ ਮੁਤਾਬਕ ਪੂਰਬੀ ਲੱਦਾਖ ਦੇ ਹੌਟ ਸਪਰਿੰਗਜ਼, ਗੋਗਰਾ ਤੇ ਦੇਪਸਾਂਗ ਵਿਚ ਅਜੇ ਵੀ ਫ਼ੌਜ ਜਮ੍ਹਾਂ ਹੈ।

ਗਿਆਰ੍ਹਵੇਂ ਗੇੜ ਦੀ ਕੋਰ ਕਮਾਂਡਰ ਪੱਧਰੀ ਵਾਰਤਾ ਪੂਰਬੀ ਲੱਦਾਖ ਵਿਚ ਐਲਏਸੀ ਦੇ ਭਾਰਤ ਵਾਲੇ ਪਾਸੇ ਚੁਸ਼ੂਲ ਸਰਹੱਦੀ ਚੌਕੀ ’ਤੇ ਆਰੰਭ ਹੋਈ ਹੈ। ਇਸ ਤੋਂ ਪਹਿਲਾਂ ਦਸਵੇਂ ਗੇੜ ਦੀ ਵਾਰਤਾ 20 ਫਰਵਰੀ ਨੂੰ ਹੋਈ ਸੀ। ਇਹ ਕਰੀਬ 16 ਘੰਟੇ ਚੱਲੀ ਸੀ। ਵਾਰਤਾ ਤੋਂ ਦੋ ਦਿਨ ਪਹਿਲਾਂ ਹੀ ਦੋਵਾਂ ਮੁਲਕਾਂ ਨੇ ਪੈਂਗੌਂਗ ਝੀਲ ਦੇ ਉੱਤਰੀ ਤੇ ਦੱਖਣੀ ਕੰਢਿਆਂ ਤੋਂ ਆਪੋ-ਆਪਣੀਆਂ ਫ਼ੌਜਾਂ ਨੂੰ ਵਾਪਸ ਸੱਦ ਲਿਆ ਸੀ। ਤਾਜ਼ਾ ਗੇੜ ’ਚ ਭਾਰਤ ਵੱਲੋਂ ਗੱਲਬਾਤ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਕਰ ਰਹੇ ਹਨ। ਉਹ ਲੇਹ ਅਧਾਰਿਤ 14ਵੀਂ ਕੋਰ ਦੇ ਕਮਾਂਡਰ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਇਸ ਦੌਰਾਨ ਟਕਰਾਅ ਵਾਲੀਆਂ ਬਾਕੀ ਥਾਵਾਂ ’ਤੇ ਫ਼ੌਜਾਂ ਨੂੰ ਪਿੱਛੇ ਹਟਾਉਣ ਲਈ ਜ਼ੋਰ ਪਾਵੇਗਾ। ਪਿਛਲੇ ਮਹੀਨੇ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਕਿਹਾ ਸੀ ਕਿ ਖ਼ਤਰਾ ਅਜੇ ਸਿਰਫ਼ ‘ਘਟਿਆ’ ਹੈ ਪਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਦੀ ਫ਼ੌਜ ਵਿਚਾਲੇ ਪਿਛਲੇ ਸਾਲ ਪੰਜ ਮਈ ਨੂੰ ਪੈਂਗੌਂਗ ਝੀਲ ਖੇਤਰ ਵਿਚ ਹਿੰਸਕ ਟਕਰਾਅ ਹੋਇਆ ਸੀ।

ਇਸ ਤੋਂ ਬਾਅਦ ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ਵਿਚ ਆਪਣੇ ਹਜ਼ਾਰਾਂ ਫ਼ੌਜੀ ਤਾਇਨਾਤ ਕਰ ਦਿੱਤੇ ਸਨ। ਮਗਰੋਂ ਤਣਾਅ ਘਟਾਉਣ ਲਈ ਦੋਵੇਂ ਮੁਲਕ ਕਈ ਗੇੜਾਂ ਵਿਚ ਫ਼ੌਜੀ ਤੇ ਕੂਟਨੀਤਕ ਪੱਧਰ ਉਤੇ ਵਾਰਤਾ ਕਰ ਚੁੱਕੇ ਹਨ। ਗੱਲਬਾਤ ਜ਼ਿਆਦਾਤਰ ਫ਼ੌਜ ਤੇ ਹਥਿਆਰਾਂ ਨੂੰ ਹਟਾਉਣ ’ਤੇ ਕੇਂਦਰਿਤ ਰਹੀ ਹੈ। ਵਾਰਤਾ ਦੇ ਸਿੱਟੇ ਵਜੋਂ ਹੀ ਦੋਵੇਂ ਮੁਲਕ ਫਰਵਰੀ ਵਿਚ ਪੈਂਗੌਂਗ ਝੀਲ ਦੇ ਉੱਤਰੀ-ਦੱਖਣੀ ਕੰਢਿਆਂ ਤੋਂ ਫ਼ੌਜ ਤੇ ਹਥਿਆਰ ਹਟਾਉਣ ਲਈ ਸਹਿਮਤ ਹੋਏ ਸਨ। ਭਾਰਤ ਇਸ ਗੱਲ ਉਤੇ ਜ਼ੋਰ ਦਿੰਦਾ ਰਿਹਾ ਹੈ ਕਿ ਦੋਵਾਂ ਮੁਲਕਾਂ ਦੇ ਸਬੰਧਾਂ ’ਚ ਸੁਧਾਰ ਲਈ ਦੇਪਸਾਂਗ, ਹੌਟ ਸਪਰਿੰਗਜ਼ ਤੇ ਗੋਗਰਾ ਖੇਤਰਾਂ ’ਚ ਵੀ ਫ਼ੌਜ ਨੂੰ ਵਾਪਸ ਸੱਦਣਾ ਜ਼ਰੂਰੀ ਹੈ।

Leave a Reply

Your email address will not be published. Required fields are marked *