ਤੋਮਰ ਵੱਲੋਂ ਕਿਸਾਨਾਂ ਨੂੰ ਸੰਘਰਸ਼ ਖ਼ਤਮ ਕਰਨ ਦੀ ਅਪੀਲ

ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਉਹ ਦਿੱਲੀ ਦੀਆਂ ਹੱਦਾਂ ’ਤੇ ਕੀਤਾ ਜਾ ਰਿਹਾ ਸੰਘਰਸ਼ ਖ਼ਤਮ ਕਰ ਦੇਣ। ਤੋਮਰ ਨੇ ਕਿਹਾ ਕਿ ਜਦ ਵੀ ਕਿਸਾਨ ਕੋਈ ਠੋਸ ਤਜਵੀਜ਼ ਲੈ ਕੇ ਆਉਣਗੇ, ਸਰਕਾਰ ਗੱਲਬਾਤ ਕਰੇਗੀ। ਜ਼ਿਕਰਯੋਗ ਹੈ ਕਿ ਸਰਕਾਰ ਤੇ ਕਿਸਾਨਾਂ ਦਰਮਿਆਨ ਆਖ਼ਰੀ ਵਾਰ ਗੱਲਬਾਤ 22 ਜਨਵਰੀ ਨੂੰ ਹੋਈ ਸੀ। ਜਨਵਰੀ ਵਿਚ ਗਿਆਰ੍ਹਵੇਂ ਗੇੜ ਦੀ ਹੋਈ ਗੱਲਬਾਤ ਤੋਂ ਬਾਅਦ ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ ਜਮੂਦ ਬਣਿਆ ਹੋਇਆ ਹੈ ਤੇ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਕੇਂਦਰੀ ਮੰਤਰੀ ਨੇ ਕਿਸਾਨਾਂ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਵਿਚ ਲੱਖਾਂ ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ। ਤੋਮਰ ਨੇ ਕਿਹਾ ਕਿ ‘ਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸਾਰਾ ਸੰਸਾਰ ਤੇ ਪੂਰਾ ਮੁਲਕ ਕੋਵਿਡ ਨਾਲ ਜੁੜੇ ਨੇਮਾਂ ਮੁਤਾਬਕ ਚੱਲ ਰਿਹਾ ਹੈ, ਅੰਦੋਲਨਕਾਰੀ ਕਿਸਾਨਾਂ ਨੂੰ ਵੀ ਕਰੋਨਾ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਜ਼ਿੰਦਗੀ ਸਾਡੇ ਸਾਰਿਆਂ ਲਈ ਬਹੁਤ ਅਹਿਮੀਅਤ ਰੱਖਦੀ ਹੈ।’ ਇਸ ਕਰ ਕੇ ਕਿਸਾਨ ਅੰਦੋਲਨ ਸਮਾਪਤ ਕਰ ਦੇਣ। ਤੋਮਰ ਨੇ ਦਾਅਵਾ ਕੀਤਾ ਕਿ ਨਵੇਂ ਕਾਨੂੰਨਾਂ ’ਤੇ ਪੂਰੇ ਮੁਲਕ ਵਿਚ ਵੱਖ-ਵੱਖ ਥਾਈਂ ਖੇਤੀ ਕਰਦੇ ਭਾਈਚਾਰੇ ਨੂੰ ਕੋਈ ‘ਅਸੰਤੁਸ਼ਟੀ’ ਨਹੀਂ ਹੈ। ਕਈ ਖੇਤੀ ਸੰਗਠਨ ਕਾਨੂੰਨਾਂ ਦੇ ਹੱਕ ਵਿਚ ਹਨ ਤੇ ਕਈ ਖ਼ਿਲਾਫ਼ ਹਨ। ਤੋਮਰ ਨੇ ਕਿਹਾ ਕਿ ਭਾਰਤ ਲੋਕਤੰਤਰਿਕ ਦੇਸ਼ ਹੈ ਤੇ ਜੇ ਕਿਸਾਨਾਂ ਜਾਂ ਨਾਗਰਿਕਾਂ ਨੂੰ ਕੋਈ ਸ਼ੰਕਾ ਹੈ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਇਸ ਨੂੰ ਦੂਰ ਕਰ ਕੇ ਹੱਲ ਕੱਢਿਆ ਜਾਵੇ। ਮੰਤਰੀ ਨੇ ਕਿਹਾ ਕਿ ਕਾਨੂੰਨ ਇਕਦਮ ਨਹੀਂ ਬਣਾਏ ਗਏ। ਲੰਮੀ ਵਿਚਾਰ-ਚਰਚਾ ਤੋਂ ਬਾਅਦ ਹੀ ਬਣੇ ਹਨ।

Leave a Reply

Your email address will not be published. Required fields are marked *