ਵਿਸਾਖੀ ਮੇਲਾ: ਦੂਜੇ ਦਿਨ ਸੰਗਤ ਦੀ ਆਮਦ ਘਟੀ

ਤਲਵੰਡੀ ਸਾਬੋ: ਸਿੱਖ ਕੌਮ ਵਿੱਚ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਬੀਤੇ ਦਿਨ ਤੋਂ ਸ਼ੁਰੂ ਹੋਏ ਚਾਰ ਰੋਜ਼ਾ ਵਿਸਾਖੀ ਮੇਲੇ ਦੇ ਦੂਜੇ ਦਿਨ ਸੰਗਤ ਦੀ ਆਮਦ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਰਹੀ। ਭਾਵੇਂ ਅੱਜ ਵੱਡੀ ਗਿਣਤੀ ਵਿੱਚ ਸੰਗਤ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰ ਕੇ ਤਖ਼ਤ ਸਾਹਿਬ ਮੱਥਾ ਟੇਕਿਆ ਪਰ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਸੰਗਤ ਦੀ ਘਾਟ ਰੜਕੀ।

ਕਰੋਨਾ ਮਹਾਂਮਾਰੀ ਕਾਰਨ ਪੰਜਾਬ ਸਰਕਾਰ ਵੱਲੋਂ ਮੇਲੇ ਮੌਕੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ’ਤੇ ਪਾਬੰਦੀਆਂ ਲਾਉਣ ਕਾਰਨ ਸਿਆਸੀ ਧਿਰਾਂ ਨੇ ਵੀ ਇੱਕ ਦੂਜੇ ਨਾਲੋਂ ਵੱਡਾ ਇਕੱਠ ਕਰਨ ’ਚ ਦਿਲਚਸਪੀ ਨਹੀਂ ਦਿਖਾਈ। ਕਾਨਫਰੰਸਾਂ ਨਾ ਹੋਣ ਕਰਕੇ ਇਸ ਵਾਰ ਮੇਲੀ ਸਿਰਫ਼ ਮੇਲੇ ਤੇ ਮਨੋਰੰਜਨ ਸਾਧਨਾਂ ਦਾ ਆਨੰਦ ਮਾਣਨਗੇ ਅਤੇ ਸ਼ਰਧਾਲੂ ਸ਼ਰਧਾ ਭਾਵਨਾ ਨੂੰ ਕਾਇਮ ਰੱਖਣਗੇ। ਛਿਆਨਵੇਂ ਕਰੋੜੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਦੇ ਮੁੱਖ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਬੁੱਢਾ ਦਲ ਵੱਲੋਂ ਪੁਰਾਤਨ ਰਵਾਇਤ ਅਨੁਸਾਰ ਅੱਜ ਇੱਥੇ ਦਲ ਦੇ ਮੁੱਖ ਦਫ਼ਤਰ ਗੁਰਦੁਆਰਾ ਬੇਰ ਸਾਹਿਬ, ਦੇਗਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਸ਼ੁਰੂ ਕਰਦਿਆਂ ਅਰਦਾਸ ਕੀਤੀ ਗਈ ਅਤੇ ਅਖੰਡ ਪਾਠ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 14 ਅਪਰੈਲ ਨੂੰ ਪਾਏ ਜਾਣਗੇ। ਇਸੇ ਦਿਨ ਹੀ ਬਾਅਦ ਦੁਪਹਿਰ ਬੁੱਢਾ ਦਲ ਦੇ ਘੋੜ ਸਵਾਰ ਨਿਹੰਗ ਸਿੰਘਾਂ ਵੱਲੋਂ ਰਵਾਇਤੀ ਮਹੱਲਾ ਕੱਢੇ ਜਾਣ ਨਾਲ  ਮੇਲਾ ਸੰਪੂਰਨ ਹੋਵੇਗਾ।

Leave a Reply

Your email address will not be published. Required fields are marked *