ਗੁਜਰਾਤ ’ਚ ਪੰਜਾਬੀ ਕਿਸਾਨ ਦੀ ਸਰ੍ਹੋਂ ਦੀ ਫ਼ਸਲ ਨੂੰ ਅੱਗ ਲਾਈ

ਚੰਡੀਗੜ੍ਹ: ਗੁਜਰਾਤ ਵਿੱਚ ਪੰਜਾਬੀ ਕਿਸਾਨ ਦੀ ਜਿਣਸ ਨੂੰ ਅੱਗ ਲਾਏ ਜਾਣ ਤੋਂ ਕਿਸਾਨਾਂ ’ਚ ਖੌਫ਼ ਪੈਦਾ ਹੋ ਗਿਆ ਹੈ। ਕੁਝ ਸਾਲ ਪਹਿਲਾਂ ਵੀ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ’ਤੇ ਹਮਲੇ ਹੋਏ ਸਨ। ਉਦੋਂ ਕੇਂਦਰੀ ਘੱਟਗਿਣਤੀ ਕਮਿਸ਼ਨ ਨੇ ਵੀ ਦੌਰਾ ਕੀਤਾ ਸੀ। ਪੰਜਾਬੀ ਕਿਸਾਨਾਂ ਨੇ ਹੁਣ ਇਕੱਠੇ ਹੋ ਕੇ ਭੁਜ ਪੁਲੀਸ ਕੋਲ ਵੀ ਇਸ ਮਾਮਲੇ ਨੂੰ ਉਠਾਇਆ ਹੈ। ਥਾਣਾ ਭੁਜ ਦੀ ਪੁਲੀਸ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਜਾਇਜ਼ਾ ਲਿਆ ਹੈ। ਪੁਲੀਸ ਨੇ ਪੀੜਤ ਕਿਸਾਨ ਦੇ ਬਿਆਨ ਵੀ ਕਲਮਬੰਦ ਕਰ ਲਏ ਹਨ।

ਭੁਜ ਦੇ ਪਿੰਡ ਲੋਰੀਆ ਵਿਚ ਕਿਸਾਨ ਜਸਵਿੰਦਰ ਸਿੰਘ ਦੀ ਕਰੀਬ ਸੱਤ ਏਕੜ ਸਰ੍ਹੋਂ ਦੀ ਫ਼ਸਲ ਨੂੰ ਅੱਧੀ ਰਾਤ ਨੂੰ ਅੱਗ ਲਾਈ ਗਈ ਹੈ। ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਪੌਣੇ ਇੱਕ ਵਜੇ ਰਾਤ ਨੂੰ ਉਨ੍ਹਾਂ ਦੇ ਘਰ ਦਾ ਕੁੰਡਾ ਖੜਕਾ ਕੇ ਰਾਹਗੀਰਾਂ ਨੇ ਖੇਤ ਵਿਚ ਸਰ੍ਹੋਂ ਦੀ ਫ਼ਸਲ ਨੂੰ ਲੱਗੀ ਅੱਗ ਬਾਰੇ ਸੂਚਨਾ ਦਿੱਤੀ। ਉਸ ਨੇ ਉਦੋਂ ਹੀ ਪੁਲੀਸ ਕੰਟਰੋਲ ਰੂਮ ’ਤੇ ਫੋਨ ਕਰ ਦਿੱਤਾ ਸੀ। ਜਦੋਂ ਤੱਕ ਉਹ ਖੇਤ ਪੁੱਜੇ, ਉਦੋਂ ਤੱਕ ਸਾਰੀ ਫ਼ਸਲ ਸੁਆਹ ਹੋ ਚੁੱਕੀ ਸੀ। ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਲੋਰੀਆ ’ਚ ਭਾਜਪਾ ਨਾਲ ਸਬੰਧਤ ਦੋ ਭਰਾਵਾਂ ਨੇ ਪੰਜਾਬੀ ਕਿਸਾਨਾਂ ਦੀ ਜ਼ਮੀਨ ਨੱਪੀ ਹੋਈ ਹੈ ਅਤੇ ਹੁਣ ਵੀ ਉਹ ਪੰਜਾਬ ਦੇ ਕਿਸਾਨਾਂ ਨੂੰ ਡਰਾ ਕੇ ਭਜਾਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੇ ਪਹਿਲਾਂ ਵੀ ਇਨ੍ਹਾਂ ਦੋਵੇਂ ਭਰਾਵਾਂ ਨਾਲ ਕਈ ਕੇਸ ਪੁਲੀਸ ਕੋਲ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਸੱਤ ਏਕੜ ਵਿੱਚ ਲੱਗੀ ਸਰ੍ਹੋਂ ਦੀ ਫਸਲ ਉਨ੍ਹਾਂ ਨੇ ਇਕੱਠੀ ਕਰਕੇ ਖੇਤ ਵਿਚ ਰੱਖੀ ਸੀ, ਜਿਸ ਨੂੰ ਅੱਗ ਲਾਈ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਪੁਲੀਸ ਨੇ ਮੌਕਾ ਤਾਂ ਦੇਖ ਲਿਆ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਕਿਸਾਨ ਦੱਸਦੇ ਹਨ ਕਿ ਸਾਲ 2013 ਵਿਚ ਵੀ ਸਥਾਨਕ ਆਗੂ ਪੰਜਾਬੀ ਕਿਸਾਨਾਂ ਦੇ ਘਰ ਫੂਕਣ ਲਈ ਆ ਗਏ ਸਨ ਅਤੇ ਇੱਕ ਦਫਾ ਤਾਂ ਗੱਡੀਆਂ ’ਤੇ ਵੀ ਹਮਲਾ ਕੀਤਾ ਗਿਆ ਸੀ। 

ਮੋਦੀ ਸਰਕਾਰ ਨੂੰ ਪੰਜਾਬੀ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ

ਗੁਜਰਾਤ ਵਿਚ ਰਹਿੰਦੇ ਪੰਜਾਬੀ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਜਰਾਤ ਵਿਚ ਪੰਜਾਬੀ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਚੇਤੇ ਰਹੇ ਕਿ ਇਨ੍ਹਾਂ ਕਿਸਾਨਾਂ ਨੂੰ ਗੁਜਰਾਤ ਵਿਚ ਜ਼ਮੀਨਾਂ ਦੀ ਅਲਾਟਮੈਂਟ ਹੋਈ ਸੀ ਅਤੇ ਇਨ੍ਹਾਂ ਕਿਸਾਨਾਂ ਨੇ ਬੜੀ ਮਿਹਨਤ ਨਾਲ ਜ਼ਮੀਨਾਂ ਨੂੰ ਉਪਜਾਊ ਬਣਾਇਆ ਹੈ। ਪੰਜਾਬ ਤੇ ਹਰਿਆਣਾ ਦੇ ਗੁਜਰਾਤ ਵਿਚ ਵਸਦੇ ਕਿਸਾਨਾਂ ਖਿਲਾਫ਼ ਗੁਜਰਾਤ ਸਰਕਾਰ ਸੁਪਰੀਮ ਕੋਰਟ ਵਿਚ ਵੀ ਗਈ ਹੋਈ ਹੈ। ਕਿਸਾਨਾਂ ਨੂੰ ਹੁਣ ਡਰ ਹੈ ਕਿ ਸਥਾਨਕ ਤਾਕਤਵਾਰ ਲੋਕ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। 

Leave a Reply

Your email address will not be published. Required fields are marked *