ਰਿਕਾਰਡ ਦੋ ਲੱਖ ਤੋਂ ਵੱਧ ਨਵੇਂ ਕੇਸ

ਨਵੀਂ ਦਿੱਲੀ: ਦੇਸ਼ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਬੇਕਾਬੂ ਹੋਣ ਲੱਗੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਰਿਕਾਰਡ ਦੋ ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਇਸ ਮਹਾਮਾਰੀ ਦੀ ਮਾਰ ਹੇਠ ਆਉਣ ਵਾਲੇ ਸਰਗਰਮ ਕੇਸਾਂ ਦੀ ਗਿਣਤੀ 14 ਲੱਖ ਦੇ ਅੰਕੜੇ ਨੂੰ ਟੱਪ ਗਈ ਹੈ। ਬੇਕਾਬੂ ਹੁੰਦੀ ਮਹਾਮਾਰੀ ਨੇ ਦੇਸ਼ ਦੇ ਸਿਹਤ ਸੰਭਾਲ ਢਾਂਚੇ ਦੀ ਪੋਲ ਖੋਲ੍ਹ ਦੇ ਰੱਖ ਦਿੱਤੀ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਰੋਨਾ ਪੀੜਤ ਮਰੀਜ਼ਾਂ ਨੂੰ ਹਸਪਤਾਲਾਂ ’ਚ ਬੈੱਡ ਨਹੀਂ ਜੁੜ ਰਹੇ, ਇਲਾਜ ਤਾਂ ਦੂਰ ਦੀ ਗੱਲ ਹੈ। ਕੋਵਿਡ-19 ਦੀ ਮਾਰ ਹੇਠ ਆਏ ਵੱਡੀ ਗਿਣਤੀ ਲੋਕ ਹਸਪਤਾਲਾਂ ਦੇ ਬਾਹਰ ਐਂਬੂਲੈਂਸਾਂ ’ਚ ਪਏ ਹਨ। ਕਰੋਨਾ ਕਰਕੇ ਮੌਤ ਦੇ ਮੂੰਹ ਪੈਣ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਸੰਭਾਲਣ ਦਾ ਕੋਈ ਪ੍ਰਬੰਧ ਨਹੀਂ ਹੈ। ਸ਼ਮਸ਼ਾਨਘਾਟਾਂ ਦੇ ਬਾਹਰ ਲੰਮੀਆਂ ਕਤਾਰਾਂ ’ਚ ਲੱਗੇ ਲੋਕ ਆਪਣੇ ਸਕੇ ਸਬੰਧੀਆਂ ਦੇ ਦਾਹ ਸਸਕਾਰ ਲਈ ਘੰਟਿਆਂਬਧੀ ਖੜ੍ਹਨ ਲਈ ਮਜਬੂਰ ਹਨ। ਕਬਰਿਸਤਾਨਾਂ ’ਚ ਲਾਸ਼ਾਂ ਦਫਨਾਉਣ ਲਈ ਜ਼ਮੀਨ ਥੁੜ੍ਹਨ ਲੱਗੀ ਹੈ। ਮੁੜ ਲੌਕਡਾਊਨ ਲੱਗਣ ਦੇ ਡਰੋਂ ਪਰਵਾਸੀ ਮਜ਼ਦੂਰ ਵੱਡੀ ਗਿਣਤੀ ’ਚ ਆਪਣੇ ਪਿੱਤਰੀ ਰਾਜਾਂ ਨੂੰ ਹਿਜਰਤ ਕਰਨ ਲੱਗੇ ਹਨ। ‘ਟੀਕਾ ਉਤਸਵ’ ਦੇ ਸੱਦੇ ਦੇ ਬਾਵਜੂਦ ਕੁਝ ਰਾਜ ਟੀਕਾਕਰਨ ਦੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਕੋ ਦਿਨ ਵਿੱਚ ਰਿਕਾਰਡ 2,00,739 ਨਵੇਂ ਕੇਸ ਆਉਣ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 1,40,74,564 ਦੇ ਅੰਕੜੇ ਨੂੰ ਪੁੱਜ ਗਈ ਹੈ। ਇਸ ਅਰਸੇ ਦੌਰਾਨ ਹੋਈਆਂ ਮੌਤਾਂ ਦੀ ਗੱਲ ਕਰੀਏ ਤਾਂ 1,038 ਹੋਰ ਮੌਤਾਂ ਨਾਲ ਕਰੋਨਾ ਦੀ ਬਿਮਾਰੀ ਕਰ ਕੇ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 1,73,123 ਹੋ ਗਈ ਹੈ। ਲਾਗ ਦੇ ਕੇਸਾਂ ਵਿਚ ਪਿਛਲੇ 36ਵੇਂ ਦਿਨ ਤੋਂ ਵਾਧਾ ਜਾਰੀ ਹੈ। ਦੇਸ਼ ਵਿਚ ਕੋਵਿਡ ਕਰਕੇ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵਧ ਕੇ 14,71,877 ’ਤੇ ਪਹੁੰਚ ਗਈ ਹੈ, ਜੋ ਕੁੱਲ ਕੇਸਾਂ ਦਾ 10.46 ਫ਼ੀਸਦ ਹੈ। ਇਸ ਬਿਮਾਰੀ ਤੋਂ ਉੱਭਰ ਕੇ ਠੀਕ ਹੋਣ ਵਾਲਿਆਂ ਦੀ ਦਰ ਡਿੱਗ ਕੇ 88.31 ਫ਼ੀਸਦ ਰਹਿ ਗਈ ਹੈ ਜਦੋਂਕਿ ਮੌਤ ਦਰ 1.23 ਫ਼ੀਸਦ ਹੈ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ 1038 ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 278, ਛੱਤੀਸਗੜ੍ਹ 120, ਦਿੱਲੀ 104, ਗੁਜਰਾਤ 73, ਯੂਪੀ 67, ਪੰਜਾਬ 63, ਮੱਧ ਪ੍ਰਦੇਸ਼ 51, ਕਰਨਾਟਕ 38, ਝਾਰਖੰਡ 31, ਰਾਜਸਥਾਨ 29, ਤਾਮਿਲ ਨਾਡੂ 25, ਪੱਛਮੀ ਬੰਗਾਲ 24, ਕੇਰਲਾ 22, ਬਿਹਾਰ 21, ਆਂਧਰਾ ਪ੍ਰਦੇਸ਼ ਤੇ ਹਰਿਆਣਾ 18-18, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ’ਚ 13-13 ਵਿਅਕਤੀ ਕਰੋਨਾ ਕਰਕੇ ਦਮ ਤੋੜ ਗਏ।

ਇਸ ਦੌਰਾਨ ਕਰੋਨਾ ਦੀ ਚੌਥੀ ਲਹਿਰ ਖਿਲਾਫ਼ ਲੜ ਰਿਹਾ ਦਿੱਲੀ ਪਿਛਲੇ 24 ਘੰਟਿਆਂ ਵਿੱਚ 17000 ਤੋਂ ਵੱਧ ਕੇਸਾਂ ਨਾਲ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਨੂੰ ਪਿਛਾਂਹ ਧੱਕ ਕੇ ਕਰੋਨਾ ਦੀ ਸਭ ਤੋਂ ਵੱਧ ਮਾਰ ਝੱਲਣ ਵਾਲਾ ਸ਼ਹਿਰ ਬਣ ਗਿਆ ਹੈ। ਮਹਾਰਾਸ਼ਟਰ, ਯੂਪੀ, ਦਿੱਲੀ, ਛੱਤੀਸਗੜ੍ਹ, ਕਰਨਾਟਕ, ਮੱਧ ਪ੍ਰਦੇਸ਼, ਕੇਰਲਾ, ਤਾਮਿਲ ਨਾਡੂ, ਗੁਜਰਾਤ ਤੇ ਰਾਜਸਥਾਨ ਵਿੱਚ ਇਕੋ ਦਿਨ ਵਿੱਚ ਰਿਪੋਰਟ ਹੋਏ ਨਵੇਂ ਕੇਸ ਕੋਵਿਡ-19 ਦੇ ਕੁੱਲ ਕੇਸਾਂ ਦਾ 80.76 ਫੀਸਦ ਹਨ।

Leave a Reply

Your email address will not be published. Required fields are marked *