ਕਰੋਨਾ: ਇੱਕ ਦਿਨ ਅੰਦਰ ਢਾਈ ਲੱਖ ਤੋਂ ਵੱਧ ਮਾਮਲੇ

ਨਵੀਂ ਦਿੱਲੀ: ਭਾਰਤ ’ਚ ਇੱਕ ਦਿਨ ਅੰਦਰ 2,61,500 ਨਵੇਂ ਕੇਸ ਸਾਹਮਣੇ ਆਉਣ ਨਾਲ ਕੋਵਿਡ-19 ਦੇ ਕੁੱਲ ਕੇਸ ਵੱਧ ਕੇ 1,47,88,109 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਇਲਾਜ ਅਧੀਨ ਮਰੀਜ਼ 18 ਲੱਖ ਤੋਂ ਵੱਧ ਹੋ ਗਏ ਹਨ।

ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ’ਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾ ਕਾਰਨ 1501 ਹੋਰ ਮੌਤਾਂ ਹੋਣ ਨਾਲ ਕੁੱਲ ਗਿਣਤੀ ਵਧ ਕੇ 18,01,316 ਹੋ ਗਈ ਹੈ ਜੋ ਕੁੱਲ ਕੇਸਾਂ ਦਾ 12.18 ਫੀਸਦ ਹਿੱਸਾ ਹੈ ਜਦਕਿ ਪੀੜਤਾਂ ਦੇ ਸਿਹਤਯਾਬ ਹੋਣ ਦੀ ਦਰ ਘਟ ਕੇ 86.62 ਫੀਸਦ ਰਹਿ ਗਈ ਹੈ। ਅੰਕੜਿਆਂ ਅਨੁਸਾਰ ਇਸ ਬਿਮਾਰੀ ਤੋਂ ਉਭਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1,28,09,643 ਹੋ ਗਈ ਹੈ ਅਤੇ ਮੌਤ ਦਰ ਘੱਟ ਕੇ 1.20 ਫੀਸਦ ਹੋ ਗਈ ਹੈ। ਲੰਘੇ ਚੌਵੀ ਘੰਟਿਆਂ ਅੰਦਰ ਮਹਾਰਾਸ਼ਟਰ ’ਚ 419, ਦਿੱਲੀ ’ਚ 167, ਛੱਤੀਸਗੜ੍ਹ ’ਚ 158, ਉੱਤਰ ਪ੍ਰਦੇਸ਼ ’ਚ 120, ਗੁਜਰਾਤ ’ਚ 97, ਕਰਨਾਟਕ ’ਚ 80, ਮੱਧ ਪ੍ਰਦੇਸ਼ ’ਚ 66, ਪੰਜਾਬ ’ਚ 62 ਅਤੇ ਤਾਮਿਲ ਨਾਡੂ ’ਚ 39 ਜਣਿਆਂ ਦੀ ਕਰੋਨਾ ਕਾਰਨ ਮੌਤ ਹੋਈ ਹੈ। ਇਸੇ ਦੌਰਾਨ ਮੰਤਰਾਲੇ ਨੇ ਦੱਸਿਆ ਕਿ ਪਿਛਲੇ 12 ਦਿਨ ਅੰਦਰ ਦੇਸ਼ ’ਚ ਕਰੋਨਾ ਦੇ ਕੇਸ ਵਧਣ ਦੀ ਦਰ ਦੁੱਗਣੀ ਹੋ ਕੇ 16਼69 ਫੀਸਦ ਹੋ ਗਈ ਹੈ।

ਇਸੇ ਦੌਰਾਨ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਦੇਸ਼ ’ਚ ਕਰੋਨਾਵਾਇਰਸ ਦੇ ਤੇਜ਼ੀ ਨਾਲ ਵੱਧਦਿਆਂ ਕੇਸਾਂ ਵਿਚਾਲੇ ਮੈਡੀਕਲ ਆਕਸੀਜਨ ਦੀ ਮੰਗ ਬਹੁਤ ਵੱਧ ਜਾਣ ’ਤੇ ਕੇਂਦਰ ਨੇ ਸਾਰੇ ਸੂਬਿਆਂ ਦੇ ਲੋਕ ਸਿਹਤ ਕੇਂਦਰਾਂ ’ਚ 162 ਪ੍ਰੈੱਸ਼ਰ ਸਵਿੰਗ ਐਡਜ਼ਾਰਪਸ਼ਨ (ਪੀਐੱਸਏ) ਪਲਾਂਟ ਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੀਐੱਸਏ ਪਲਾਂਟ ਆਕਸੀਜਨ ਦਾ ਉਤਪਾਦਨ ਕਰਦੇ ਹਨ ਅਤੇ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਲਈ ਆਪਣੀ ਲੋੜ ਪੂਰੀ ਕਰਨ ਦੇ ਸੰਦਰਭ ’ਚ ਆਤਮ-ਨਿਰਭਰ ਬਣਨ ’ਚ ਮਦਦ ਕਰਦੇ ਹਨ। ਇਸ ਨਾਲ ਮੈਡੀਕਲ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਨੈਸ਼ਨਲ ਗਰਿੱਡ ’ਤੇ ਬੋਝ ਘਟੇਗਾ। ਮੰਤਰਾਲੇ ਨੇ ਟਵੀਟ ਕੀਤਾ ਕਿ ਸਾਰੇ ਸੂਬਿਆਂ ਨੂੰ ਸਿਹਤ ਕੇਂਦਰਾਂ ’ਚ ਕੁੱਲ 162 ਪੀਐੱਸਏ ਆਕਸੀਜਨ ਪਲਾਂਟ ਲਾਉਣ ਦੀ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ, ‘ਇਨ੍ਹਾਂ ਨਾਲ ਮੈਡੀਕਲ ਆਕਸੀਜਨ ਸਮਰੱਥਾ 154.19 ਐੱਮਟੀ (ਮੀਟ੍ਰਿਕ ਟਨ) ਵੱਧ ਜਾਵੇਗੀ।’ ਮੰਤਰਾਲੇ ਨੇ ਦੱਸਿਆ ਕਿ 162 ’ਚੋਂ 33 ਪੀਐੱਸਏ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ ਮੱਧ ਪ੍ਰਦੇਸ਼ ’ਚ 5, ਹਿਮਾਚਲ ਪ੍ਰਦੇਸ਼ ’ਚ 4, ਚੰਡੀਗੜ੍ਹ, ਗੁਜਰਾਤ ਤੇ ਉੱਤਰਾਖੰਡ ’ਚ 3-3, ਬਿਹਾਰ, ਕਰਨਾਟਕ ਤੇ ਤਿਲੰਗਾਨਾ ’ਚ 2-2, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ, ਹਰਿਆਣਾ, ਕੇਰਲਾ, ਮਹਾਰਾਸ਼ਟਰ, ਪੁੱਡੂਚੇਰੀ, ਪੰਜਾਬ ਤੇ ਉੱਤਰ ਪ੍ਰਦੇਸ਼ ’ਚ 1-1 ਪਲਾਂਟ ਲਾਇਆ ਜਾ  ਚੁੱਕਾ ਹੈ।

Leave a Reply

Your email address will not be published. Required fields are marked *