ਆੜ੍ਹਤੀਆਂ ਵੱਲੋਂ ਦਿੱਤੇ ਬਾਰਦਾਨੇ ’ਚ ਕਣਕ ਭਰਨ ਦੀ ਪ੍ਰਵਾਨਗੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2021-22 ਦੇ ਹਾੜ੍ਹੀ ਸੀਜ਼ਨ ਦੌਰਾਨ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਆੜ੍ਹਤੀਆਂ ਵੱਲੋਂ ਮੁਹੱਈਆ ਕਰਵਾਏ ਗਏ ਚੰਗੀ ਹਾਲਤ ਵਾਲੇ ਬਾਰਦਾਨੇ ਵਿੱਚ ਕਣਕ ਦੀ ਭਰਾਈ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਪੂਰੀ ਕੀਤਾ ਜਾ ਸਕੇਗੀ। ਹੁਣ ਤੱਕ ਸੂਬੇ ਦੀਆਂ ਮੰਡੀਆਂ ’ਚ ਕਣਕ ਦੀ ਆਮਦ 8 ਲੱਖ ਮੀਟ੍ਰਿਕ ਟਨ ਰੋਜ਼ਾਨਾ ’ਤੇ ਪਹੁੰਚ ਗਈ ਹੈ। ਖਰੀਦੀ ਹੋਈ ਕਣਕ ਦੇ ਭੰਡਾਰਨ ਲਈ ਕੌਮੀ ਪੱਧਰ ’ਤੇ ਨਵੇਂ ਬਾਰਦਾਨੇ ਅਤੇ ਪੀਪੀ ਬੈਗਜ਼ ਦੀ ਘਾਟ ਪਾਈ ਜਾ ਰਹੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨਾਲ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਫਿਰੋਜ਼ਪੁਰ ’ਚ ਖਰੀਦ ਦੀ ਰਫ਼ਤਾਰ ਹੌਲੀ ਹੋਣ ਦੇ ਮੁੱਦੇ ’ਤੇ ਸਪੱਸ਼ਟ ਕੀਤਾ ਕਿ ਇਨ੍ਹਾਂ ਇਲਾਕਿਆਂ ਵਿੱਚ ਕਣਕ ਦੇ ਦਾਣੇ ਸੁੰਗੜ ਗਏ ਹਨ ਜਿਸ ਕਰਕੇ ਇਨ੍ਹਾਂ ਦੀ ਖਰੀਦ ਤੋਂ ਪਹਿਲਾਂ ਭਾਰਤ ਸਰਕਾਰ ਪਾਸੋਂ ਖਰੀਦ ਸਬੰਧੀ ਮਾਪਦੰਡਾਂ ਵਿੱਚ ਢਿੱਲ ਦੇਣ ਦੀ ਲੋੜ ਹੈ। ਪੰਜਾਬ ਸਰਕਾਰ ਨੇ 16 ਅਪਰੈਲ ਨੂੰ ਭਾਰਤ ਸਰਕਾਰ ਨੂੰ ਪਹਿਲਾਂ ਹੀ ਲਿਖ ਦਿੱਤਾ ਸੀ ਕਿ ਅੰਮ੍ਰਿਤਸਰ, ਤਰਨ ਤਾਰਨ ਤੇ ਫਾਜ਼ਿਲਕਾ ਵਿਚ 11 ਫੀਸਦੀ ਤੱਕ ਸੁੰਗੜੇ ਤੇ ਟੁੱਟੇ ਹੋਏ ਅਤੇ 10 ਫੀਸਦੀ ਤੱਕ ਬਦਰੰਗ ਹੋਏ ਕਣਕ ਦੇ ਦਾਣਿਆਂ ਸਬੰਧੀ ਬਿਨਾਂ ਕਿਸੇ ਕੀਮਤ ਕਟੌਤੀ ਦੇ ਇਕਸਾਰ ਮਾਪਦੰਡਾਂ ਵਿੱਚ ਤੁਰੰਤ ਢਿੱਲ ਦਿੱਤੀ ਜਾਵੇ। ਹਾਲਾਂਕਿ ਭਾਰਤ ਸਰਕਾਰ ਨੇ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ। ਐੱਫਸੀਆਈ ਵੱਲੋਂ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ’ਚ ਕਣਕ ਦੀ ਐੱਚਡੀ-2957 ਕਿਸਮ ਖਰੀਦਣ ਤੋਂ ਇਨਕਾਰ ਕੀਤੇ ਜਾਣ ਦੀਆਂ ਖ਼ਬਰਾਂ ਬਾਰੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਨੇ ਸਪੱਸ਼ਟ ਕੀਤਾ ਕਿ ਐੱਚਡੀ-2967 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਭਾਰਤੀ ਖੇਤੀ ਖੋਜ ਕੌਂਸਲ (ਆਈਸੀਏਆਰ) ਵੱਲੋਂ ਪ੍ਰਵਾਨਿਤ ਕਿਸਮ ਹੈ। ਇਸ ਕਰਕੇ ਕਿਸੇ ਵੀ ਖਰੀਦ ਏਜੰਸੀ ਵੱਲੋਂ ਇਸ ਕਿਸਮ ਦੀ ਖਰੀਦ ਨਾ ਕੀਤੇ ਜਾਣ ਦਾ ਕੋਈ ਵੀ ਕਾਰਨ ਨਹੀਂ ਹੋਣਾ ਚਾਹੀਦਾ। ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਦੇ ਟੀਕਾਕਰਨ ਦੀ ਸਹੂਲਤ ਲਈ ਮੰਡੀਆਂ ਵਿਚ ਵਿਸ਼ੇਸ਼ ਟੀਕਾਕਰਨ ਕੈਂਪ ਲਾਏ ਜਾ ਰਹੇ ਹਨ। ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਕੇਏਪੀ ਸਿਨਹਾ ਨੇ ਦੱਸਿਆ ਕਿ 17 ਅਪਰੈਲ ਤੱਕ ਸੂਬੇ ਦੀਆਂ ਮੰਡੀਆਂ ’ਚ 38.95 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਜਿਸ ਵਿੱਚੋਂ ਹੁਣ ਤੱਕ 34.40 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ। ਇਸ ਵਿੱਚੋਂ 85 ਫੀਸਦ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।

Leave a Reply

Your email address will not be published. Required fields are marked *