ਹਾਲਾਤ ‘ਕੌਮੀ ਐਮਰਜੈਂਸੀ’ ਵਰਗੇ: ਸੁਪਰੀਮ ਕੋਰਟ

Medical staff in PPE attend to Covid-19 patients at Shehnai Banquet Hall Covid-19 care centre near LNJP Hospital in New Delhi on Thursday. Tribune photo: Manas Ranjan Bhui

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਅੱਜ ਕੋਵਿਡ-19 ਸਬੰਧੀ ਸਥਿਤੀ ਨੂੰ ‘ਕੌਮੀ ਐਮਰਜੈਂਸੀ’ ਕਰਾਰ ਦਿੱਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ 3.14 ਲੱਖ ਤੋਂ ਵੱਧ ਨਵੇਂ ਕੇਸਾਂ ਨਾਲ ਭਾਰਤ ਵਿਸ਼ਵ ਦਾ ਪਹਿਲਾ ਮੁਲਕ ਹੈ, ਜਿੱਥੇ ਇਕੋ ਦਿਨ ’ਚ ਇੰਨੇ ਕੇਸ ਸਾਹਮਣੇ ਆੲੇ ਹਨ। ਇਸੇ ਦੌਰਾਨ ਸਿਖ਼ਰਲੀ ਅਦਾਲਤ ਨੇ ਹਜ਼ਾਰਾਂ ਟਨ ਆਕਸੀਜਨ ਦੇ ਉਤਪਾਦਨ ਅਤੇ ਇਸ ਆਕਸੀਜਨ ਨੂੰ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਮੁਫ਼ਤ ਦੇਣ ਵਰਗੇ ਆਧਾਰਾਂ ’ਤੇ ਤਾਮਿਲਨਾਡੂ ਵਿਚ ਟੂਟੀਕੋਰਿਨ ’ਚ ਸਥਿਤ ਸਟਰਲਾਈਟ ਕੌਪਰ ਇਕਾਈ ਖੋਲ੍ਹਣ ਸਬੰੰਧੀ ਵੇਦਾਂਤਾ ਦੀ ਅਰਜ਼ੀ ’ਤੇ ਸੁਣਵਾਈ ਲਈ ਹਾਮੀ ਭਰ ਦਿੱਤੀ ਹੈ।

ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਪ੍ਰਧਾਨਗੀ ਵਾਲਾ ਇਕ ਬੈਂਚ ਤਾਮਿਲਨਾਡੂ ਸਰਕਾਰ ਦੇ ਇਤਰਾਜ਼ ਤੋਂ ਪ੍ਰਭਾਵਿਤ ਨਹੀਂ ਹੋਇਆ ਜਿਸ ਨੇ ਮੁੱਢਲੇ ਤੌਰ ’ਤੇ ਵੇਦਾਂਤਾ ਦੀ ਅਰਜ਼ੀ ’ਤੇ ਸੁਣਵਾਈ ਸੋਮਵਾਰ ਨੂੰ ਕਰਨ ਦੀ ਮੰਗ ਕੀਤੀ ਅਤੇ ਸਟਰਲਾਈਟ ਕੌਪਰ ਇਕਾਈ ਖੋਲ੍ਹੇ ਜਾਣ ਦਾ ਵੱਖ-ਵੱਖ ਆਧਾਰਾਂ ’ਤੇ ਵਿਰੋਧ ਕੀਤਾ ਅਤੇ ਕਿਹਾ ਕਿ ਸਿਖ਼ਰਲੀ ਅਦਾਲਤ ਪਹਿਲਾਂ ਵੀ ਇਸ ਤਰ੍ਹਾਂ ਦੀ ਅਰਜ਼ੀ ਨੂੰ ਰੱਦ ਕਰ ਚੁੱਕੀ ਹੈ। ਇਸ ਬੈਂਚ ਵਿਚ ਜਸਟਿਸ ਐੱਲ ਨਾਗੇਸ਼ਵਰ ਰਾਓ ਅਤੇ ਐੱਸ ਰਵਿੰਦਰ ਭੱਟ ਵੀ ਸ਼ਾਮਲ ਸਨ।

ਤਾਮਿਲਨਾਡੂ ਸਰਕਾਰ ਦੇ ਸੀਨੀਅਰ ਵਕੀਲ ਸੀ.ਐੱਸ. ਵੈਦਿਆਨਾਥ ਨੇ ਜਦੋਂ ਵੇਦਾਂਤਾ ਦੀ ਅਰਜ਼ੀ ਦਾ ਵਿਰੋਧ ਕੀਤਾ ਤਾਂ ਬੈਂਚ ਨੇ ਕਿਹਾ, ‘‘ਅਸੀਂ ਇਹ ਸਭ ਕੁਝ ਸਮਝਦੇ ਹਾਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਪਲਾਂਟ ਵੱਲੋਂ ਵਾਤਾਵਰਨ ਸਬੰਧੀ ਨਿਯਮਾਂ ਦਾ ਪਾਲਣ ਕੀਤਾ ਜਾਵੇ ਅਤੇ ਇਸ ਦੀ ਆਕਸੀਜਨ ਉਤਪਾਦਨ ਇਕਾਈ ਨੂੰ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਅਸੀਂ ਆਕਸੀਜਨ ਪਲਾਂਟ ਚਲਾਉਣ ਦੇ ਮੁੱਦੇ ’ਤੇ ਹਾਂ।’’ ਵੀਡੀਓ ਕਾਨਫ਼ਰੰਸਿੰਗ ਰਾਹੀਂ ਮਾਮਲੇ ਦੀ ਸੁਣਵਾਈ ਕਰਦਿਆਂ ਬੈਂਚ ਨੇ ਕਿਹਾ, ‘‘ਇਸ ਵੇਲੇ ਦੇਸ਼ ਵਿਚ ਤਕਰੀਬਨ ਕੌਮੀ ਐਮਰਜੈਂਸੀ ਹੈ ਅਤੇ ਤੁਸੀਂ (ਤਾਮਿਲਨਾਡੂ) ਕਿਸੇ ਹੱਲ ਦੀ ਗੱਲ ਨਹੀਂ ਕਰਦੇ। ਅਸੀਂ ਇਸ (ਵੇਦਾਂਤਾ ਦੀ ਅਰਜ਼ੀ) ’ਤੇ ਸੁਣਵਾਈ ਕਰਾਂਗੇ।’’

ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ, ‘‘ਦੇਸ਼ ਨੂੰ ਇਸ ਵੇਲੇ ਆਕਸੀਜਨ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਕੇਂਦਰ ਹਰੇਕ ਸਰੋਤ ਤੋਂ ਆਕਸੀਜਨ ਪ੍ਰਾਪਤ ਕਰ ਰਿਹਾ ਹੈ। ਵੇਦਾਂਤਾ ਆਪਣੇ ਪਲਾਂਟ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਪਰ ਵੇਦਾਂਤਾ ਨੂੰ ਸਿਰਫ਼ ਸਿਹਤ ਕਾਰਨਾਂ ਕਰ ਕੇ ਆਕਸੀਜਨ ਦੇ ਉਤਪਾਦਨ ਲਈ ਇਸ ਦਾ ਪਲਾਂਟ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ। ਵਾਤਾਵਰਨ ਦੀ ਰੱਖਿਆ ਅਤੇ ਮਨੁੱਖੀ ਜ਼ਿੰਦਗੀ ਬਚਾਉਣ ਵਿਚੋਂ ਸਾਨੂੰ ਮਨੁੱਖੀ ਜ਼ਿੰਦਗੀ ਨੂੰ ਤਰਜੀਹ ਦੇਣੀ ਚਾਹੀਦੀ ਹੈ।’’

ਵੇਦਾਂਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਅਰਜ਼ੀ ’ਤੇ ਅੱਜ ਹੀ ਤੁਰੰਤ ਸੁਣਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਰੋਜ਼ਾਨਾ ਲੋਕ ਮਰ ਰਹੇ ਹਨ ਅਤੇ ਅਸੀਂ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਦਾ ਉਤਪਾਦਨ ਤੇ ਸਪਲਾਈ ਕਰ ਸਕਦੇ ਹਾਂ। ਜੇਕਰ ਤੁਸੀਂ ਅੱਜ ਸਾਨੂੰ ਮਨਜ਼ੂਰੀ ਦੇ ਦਿਓ ਤਾਂ ਅਸੀਂ ਪੰਜ ਤੋਂ ਛੇ ਦਿਨਾਂ ਦੇ ਅੰਦਰ ਆਕਸੀਜਨ ਦਾ ਉਤਪਾਦਨ ਸ਼ੁਰੂ ਕਰ ਸਕਦੇ ਹਾਂ। ਕੰਪਨੀ ਹਰ ਰੋਜ਼ ਕਈ ਟਨ ਆਕਸੀਜਨ ਦਾ ਉਤਪਾਦਨ ਕਰ ਸਕਦੀ ਹੈ ਅਤੇ ਇਸ ਆਕਸੀਜਨ ਨੂੰ ਮੁਫ਼ਤ ਸਪਲਾਈ ਕਰਨ ਲਈ ਤਿਆਰ ਹੈ।’’ ਤਾਮਿਲਨਾਡੂ ਸਰਕਾਰ ਨੇ ਹਾਲਾਂਕਿ ਰਿਕਾਰਡਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਕੰਪਨੀ ਦੋ ਤੋਂ ਚਾਰ ਹਫ਼ਤਿਆਂ ਤੋਂ ਪਹਿਲਾਂ ਆਕਸੀਜਨ ਦਾ ਉਤਪਾਦਨ ਸ਼ੁਰੂ ਨਹੀਂ ਕਰ ਸਕਦੀ ਹੈ। ਬੈਂਚ ਵੱਲੋਂ ਹੁਣ ਅੰਤ੍ਰਿਮ ਅਰਜ਼ੀ ’ਤੇ ਸੁਣਵਾਈ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਕਾਈ ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਦੌਰਾਨ ਪੁਲੀਸ ਦੀ ਗੋਲੀਬਾਰੀ ਵਿਚ 13 ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਤਾਮਿਲਨਾਡੂ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ 23 ਮਈ, 2018 ਨੂੰ ਜਾਰੀ ਕੀਤੇ ਗਏ ਹੁਕਮਾਂ ’ਤੇ ਇਸ ਕੌਪਰ ਇਕਾਈ ਨੂੰ ਬੰਦ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *