ਕੋਵਿਡ- 19 ਦੀ ਦੂਜੀ ਲਹਿਰ ਨੇ ਮੁਲਕ ਨੂੰ ਹਿਲਾ ਦਿੱਤਾ ਹੈ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰਸਾਰਣ ਵਿੱਚ ਕਿਹਾ ਕਿ ਕੋਵਿਡ- 19 ਦੀ ਦੂਜੀ ਲਹਿਰ ਲੋਕਾਂ ਦਾ ਸਬਰ ਅਤੇ ਉਨ੍ਹਾਂ ਵੱਲੋਂ ਦਰਦ ਸਹਿਣ ਦੀ ਸਮਰੱਥਾ ਨੂੰ ਪਰਖ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਕ ਕੋਵਿਡ- 19 ਦੀ ਪਹਿਲੀ ਲਹਿਰ ਨਾਲ ਸਫ਼ਲਤਾਪੂਰਵਕ ਢੰਗ ਨਾਲ ਨਜਿੱਠਣ ਮਗਰੋਂ ਸਵੈ-ਵਿਸ਼ਵਾਸ ਨਾਲ ਭਰਪੂਰ ਤੇ ਹੁਣ ਇਸ ਤੂਫ਼ਾਨ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੱਜ ਦੇ ਪ੍ਰਸਾਰਣ ਵਿੱਚ ਸ੍ਰੀ ਮੋਦੀ ਨੇ ਡਾਕਟਰਾਂ, ਨਰਸਾਂ ਅਤੇ ਫਰੰਟਲਾਈਨ ਵਰਕਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਇਸ ਬਿਮਾਰੀ ਬਾਰੇ ਆਪਣੇ ਤਜਬਰਬੇ ਅਤੇ ਵਿਚਾਰ ਸਾਂਝੇ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਲੋਕ ਜਲਦੀ ਹੀ ਇਸ ਸੰਕਟ ’ਚੋਂ ਬਾਹਰ ਨਿਕਲ ਆਉਣਗੇ। ਅੱਜ ਦਾ 30 ਮਿੰਟ ਲੰਮਾ ਪ੍ਰਸਾਰਣ ਪੂਰੀ ਤਰ੍ਹਾਂ ਇਸ ਮਹਾਮਾਰੀ ’ਤੇ ਆਧਾਰਤ ਸੀ ਜੋ ਕਈ ਹਫ਼ਤਿਆਂ ਤੋਂ ਪੂਰੇ ਮੁਲਕ ’ਚ ਫੈਲ ਰਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਮਹਾਮਾਰੀ ਨੂੰ ਹਰਾਉਣਾ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਤ ਕਰਦਿਆਂ ਇਸ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਬਚਣ ਲਈ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਯੋਗ ਲੋਕਾਂ (45 ਸਾਲ ਤੋਂ ਉੱਪਰ) ਨੂੰ ਮੁਫ਼ਤ ’ਚ ਟੀਕੇ ਲਾਉਣ ਦੀ ਪ੍ਰਕਿਰਿਆ ਜਾਰੀ ਰੱਖੇਗਾ ਤੇ ਇਸ ਵੱਲੋਂ ਇਸ ਬਿਮਾਰੀ ਦਾ ਮੁਕਾਬਲਾ ਕਰਨ ’ਚ ਪੂਰੀ ਸਮਰੱਥਾ ਨਾਲ ਸੂਬਿਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ,‘ਸਾਨੂੰ ਇਸ ਜੰਗ ਨੂੰ ਜਿੱਤਣ ਲਈ ਮਾਹਿਰਾਂ ਤੇ ਵਿਗਿਆਨਕ ਸਲਾਹ ਨੂੰ ਤਵੱਜੋ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਇਸ ਮਹਾਮਾਰੀ ਦੀ ਲਪੇਟ ’ਚ ਆ ਰਹੇ ਹਨ, ਉੱਥੇ ਵੱਡੀ ਗਿਣਤੀ ’ਚ ਲੋਕ ਇਸ ਤੋਂ ਉਭਰ ਵੀ ਰਹੇ ਹਨ। ਸ੍ਰੀ ਮੋਦੀ ਨੇ ਸੂਬਿਆਂ ਨੂੰ ਕੇਂਦਰ ਦੀ ਮੁਫ਼ਤ ਟੀਕਾਕਰਨ ਦੀ ਮੁਹਿੰਮ ਦਾ ਲਾਭ ਵੱਡੀ ਗਿਣਤੀ ’ਚ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ। ਉਨ੍ਹਾਂ ਇਸ ਮਹਾਮਾਰੀ ਦੌਰਾਨ ਲੋਕਾਂ ਵੱਲੋਂ ਕੀਤੀ ਗਈ ਸਹਾਇਤਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,‘ਮੈਂ ਤੁਹਾਨੂੰ ਸਾਰਿਆਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰਾਰਥਨਾ ਕਰਦਾ ਹਾਂ ਤੇ ਸਾਨੂੰ ਪੂਰਾ ਖਿਆਲ ਵੀ ਰੱਖਣਾ ਪਵੇਗਾ। ‘ਦਵਾਈ ਭੀ, ਕੜਾਈ ਭੀ’, ਟੀਕਾਕਰਨ ਕਰਵਾਓ ਅਤੇ ਸਾਰੀਆਂ ਸਾਵਧਾਨੀਆਂ ਵੀ ਰੱਖੋ। ਕਦੇ ਵੀ ਇਸ ਮੰਤਰ ਨੂੰ ਨਾ ਭੁੱਲੋ। ਅਸੀਂ ਇਸ ਸੰਕਟ ’ਤੇ ਜਲਦੀ ਹੀ ਜਿੱਤ ਪ੍ਰਾਪਤ ਕਰ ਲਵਾਂਗੇ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਅੱਜ ਕਰੋਨਵਾਇਰਸ ਲਾਗ ਦੇ 3,49,691 ਕੇਸ ਰਿਕਾਰਡ ਕੀਤੇ ਗਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 1,69,60,172 ਹੋ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ 26 ਲੱਖ ਦੀ ਗਿਣਤੀ ਪਾਰ ਕਰ ਗਈ ਹੈ।

Leave a Reply

Your email address will not be published. Required fields are marked *