ਮੂਰਖ ਬਣਾਉਣ ਵਾਲੀ ਸਰਕਾਰ ਖ਼ਿਲਾਫ਼ ਵਿਦਰੋਹ ਕਰਨ ਲੋਕ: ਚਿਦੰਬਰਮ

ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਅੱਜ ਕਿਹਾ ਕਿ ਉਹ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦੇ ਬਿਆਨ ਕਿ ਦੇਸ਼ ਵਿੱਚ ਆਕਸੀਜਨ ਜਾਂ ਵੈਕਸੀਨ ਦੀ ਕੋਈ ਤੋਟ ਨਹੀਂ ਹੈ, ਤੋਂ ਹੈਰਾਨ ਹਨ ਅਤੇ ਲੋਕਾਂ ਨੂੰ ਕਿਹਾ ਕਿ ਉਹ ‘ਉਨ੍ਹਾਂ ਨੂੰ ਮੂਰਖ ਸਮਝਣ ਵਾਲੀ’ ਸਰਕਾਰ ਖ਼ਿਲਾਫ਼ ‘ਵਿਦਰੋਹ’ ਕਰਨ। ਚਿਦੰਬਰਮ ਨੇ ਕਿਹਾ, ‘‘ਮੈਂ ਕੇਂਦਰੀ ਮੰਤਰੀ ਦੇ ਬਿਆਨ ਕਿ ਆਕਸੀਜਨ ਜਾਂ ਵੈਕਸੀਨ ਜਾਂ ਰੈਮਡੇਸਿਵਿਰ ਦੀ ਕੋਈ ਘਾਟ ਨਹੀਂ, ਤੋਂ ਹੈਰਾਨ ਹਾਂ।’’ ਉਨ੍ਹਾਂ ਟਵਿੱਟਰ ’ਤੇ ਲਿਖਿਆ, ‘‘ਮੈਨੂੰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਟਿੱਪਣੀ ਕਿ ਯੂਪੀ ਵਿੱਚ ਵੈਕਸੀਨ ਦੀ ਕੋਈ ਘਾਟ ਨਹੀਂ ਹੈ, ਬਾਰੇ ਵੀ ਹੈਰਾਨੀ ਹੋ ਰਹੀ ਹੈ।’’ ਉਨ੍ਹਾਂ ਪੁੱਛਿਆ ਕਿ ਕੀ ਸਾਰੇ ਟੈਲੀਵਿਜ਼ਨਾਂ ’ਤੇ ਫ਼ਰਜ਼ੀ ਵੀਡੀਓ ਦਿਖਾਈਆਂ ਜਾ ਰਹੀਆਂ ਹਨ ਅਤੇ ਸਾਰੇ ਅਖ਼ਬਾਰ ਗ਼ਲਤ ਖ਼ਬਰਾਂ ਛਾਪ ਰਹੇ ਹਨ। ਉਨ੍ਹਾਂ ਸਵਾਲ ਕੀਤੇ, ‘‘ਕੀ ਸਾਰੇ ਡਾਕਟਰ ਝੂਠ ਬੋਲ ਰਹੇ ਹਨ? ਕੀ ਲੋਕਾਂ ਦੇ ਪਰਿਵਾਰਕ ਮੈਂਬਰ ਫਰਜ਼ੀ ਬਿਆਨਬਾਜ਼ੀ ਕਰ ਰਹੇ ਹਨ? ਕੀ ਸਾਰੀਆਂ ਵੀਡੀਓ ਅਤੇ ਤਸਵੀਰਾਂ ਫਰਜ਼ੀ ਹਨ?’’ ਉਨ੍ਹਾਂ ਲੜੀਵਾਰ ਟਵੀਟਾਂ ਵਿੱਚ ਕਿਹਾ, ‘‘ਭਾਰਤੀ ਲੋਕਾਂ ਨੂੰ ਮੂਰਖ ਸਮਝਣ ਵਾਲੀ ਸਰਕਾਰ ਖ਼ਿਲਾਫ਼ ਲੋਕਾਂ ਨੂੰ ਵਿਦਰੋਹ ਕਰ ਦੇਣਾ ਚਾਹੀਦਾ ਹੈ।’’ ਜ਼ਿਕਰਯੋਗ ਹੈ ਕਿ ਕੁੱਝ ਮੀਡੀਆ ਰਿਪੋਰਟਾਂ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਦੇਸ਼ ਵਿੱਚ ਆਕਸੀਜਨ ਜਾਂ ਵੈਕਸੀਨ ਦੀ ਕੋਈ ਘਾਟ ਨਹੀਂ ਹੈ। 

Leave a Reply

Your email address will not be published. Required fields are marked *