ਫ਼ੌਜ ਨੇ ਸੰਭਾਲੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਦੀ ਕਮਾਨ

ਪਟਿਆਲਾ: ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖ਼ਲ ਕਰੋਨਾ ਮਰੀਜ਼ਾਂ ਦੀ ਇੱਕ ਮੁਕੰਮਲ ਵਾਰਡ 10 ਮਈ ਨੂੰ ਮਿਲਟਰੀ ਦੇ ਹਵਾਲੇ ਕੀਤਾ ਜਾ ਰਿਹਾ ਹੈ। ਨਾ ਸਿਰਫ਼ ਮਰੀਜ਼ਾਂ ਦੀ ਦੇਖ ਭਾਲ਼, ਬਲਕਿ ਇੱਕ ਵਾਰਡ ਦੇ ਮਰੀਜ਼ਾਂ ਦੀ ਮੁਕੰਮਲ ਜ਼ਿੰਮੇਵਾਰੀ ਫੌਜੀ ਕੋਲ਼ ਰਹੇਗੀ। ਇਹ ਜ਼ਿੰਮੇਵਾਰੀ ਭਾਰਤੀ ਫੌਜ ਦੇ ਮੈਡੀਕਲ ਵਿੰਗ ਵਿਚਲੇ ਸੀਨੀਅਰ ਅਤੇ ਜੂਨੀਅਰ ਡਾਕਟਰਾਂ ਸਮੇਤ ਪੈਰਾ ਮੈਡੀਕਲ ਤੇ ਹੋਰ ਸਟਾਫ਼ ਨਿਭਾਏਗਾ। ਇਸ ਸਟਾਫ਼ ਦੀ ਸੌ ਮੈਂਬਰੀ ਟੀਮ ਐਤਵਾਰ ਨੂੰ ਹੀ ਪੁੱਜ ਗਈ ਸੀ, ਜੋ ਸੋਮਵਾਰ ਸਵੇਰੇ ਇੱਕ ਵਾਰਡ ਦੀ ਜ਼ਿੰਮੇਵਾਰੀ ਸੰਭਾਲ਼ ਲਵੇਗੀ। ਸੂਤਰਾਂ ਮੁਤਾਬਿਕ ਹਸਪਤਾਲ ਵਿਚਲੇ ਸੁਪਰ ਸਪੈਸ਼ਲਿਟੀ ਬਲਾਕ ਦੀ ਸਾਰੀ ਦੂਜੀ ਮੰਜ਼ਿਲ ਮਿਲਟਰੀ ਦੇ ਮੈਡੀਕਲ ਵਿੰਗ ਨੂੰ ਸੌਂਪ ਦਿੱਤੀ ਜਾਵੇਗੀ। ਇਸ ਮੰਜ਼ਿਲ ’ਤੇ 80 ਤੋਂ ਵੱਧ ਕਰੋਨਾ ਮਰੀਜ਼ ਹਨ।

ਜ਼ਿਕਰਯੋਗ ਹੈ ਕਿ ਵਧੇਰੇ ਸਹੂਲਤਾਂ ਦੇ ਬਾਵਜੂਦ ਇਥੇ ਵਧੇਰੇ ਮੌਤਾਂ ਹੋ ਰਹੀਆਂ ਹਨ। ਇੱਕ ਦਿਨ ’ਚ 38 ਰਿਕਾਰਡ ਮੌਤਾਂ ਵੀ ਹੋ ਚੁੱਕੀਆਂ ਹਨ। ਅੱਜ 34 ਮੌਤਾਂ ਹੋਈਆਂ। ਮੌਤਾਂ ਨੂੰ ਲੈ ਕੇ ਇਹ ਹਸਪਤਾਲ ਸੁਰਖ਼ੀਆਂ ’ਚ ਹੈ। ਮੌਤਾਂ ਕਾਰਨ ਮਰੀਜ਼ਾਂ ਦਾ ਮਨੋਬਲ ਵੀ ਡੋਲਦਾ ਹੈ। ਵਾਰਸ ਵੀ ਚਿੰਤਾ ’ਚ ਰਹਿੰਦੇ ਹਨ। ਪੀੜਤਾਂ ਵੱਲੋਂ ਕਈ ਮਾਮਲਿਆਂ ’ਚ ਮਰੀਜ਼ਾਂ ਦੀ ਸੁਚੱਜੀ ਦੇਖ ਭਾਲ਼ ਨਾ ਕਰਨ ਦੇ ਦੋਸ਼ ਵੀ ਲਾਏ ਜਾਂਦੇ ਹਨ।

ਪਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਦੇਰੀ ਨਾਲ਼ ਲਿਆਉਣ ਕਾਰਨ ਮੌਤ ਦਰ ਵਧ ਰਹੀ ਹੈ। ਇਥੇ ਪੰਜਾਬ ਸਮੇਤ ਕੁਝ ਹੋਰਨਾਂ ਰਾਜਾਂ ਤੋਂ ਵੀ ਮਰੀਜ਼ ਆਉਂਦੇ ਹਨ। ਇਸ ਹਸਪਤਾਲ ਵਿਚ 600 ਸੌ ਬੈੱਡ ਹਨ। ਢਾਈ ਸੌ ਬੈੱਡ ਹੋਰ ਵਧਾਏ ਜਾਣ ਦੀ ਸੰਭਾਵਨਾ ਹੈ। ਸਵਾ ਸਾਲ ਤੋਂ ਕਰੋਨਾ ਸਬੰਧੀ ਡਿਊਟੀਆਂ ਨਿਭਾਉਂਦੇ ਆ ਰਹੇ ਡਾਕਟਰਾਂ ਅਤੇ ਹੋਰ ਸਟਾਫ਼ ’ਤੇ ਕੰਮ ਦਾ ਬਹੁਤ ਬੋਝ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰੋਨਾ ਦੇ ਇਸ ਕਹਿਰ ਦੌਰਾਨ ਫੌਜ ਤੋਂ ਮਦਦ ਦੀ ਮੰਗ ਕੀਤੀ ਸੀ।

ਕੋਵਿਡ ਵਾਰਡ ਇੰਚਾਰਜ ਸੁਰਭੀ ਮਲਿਕ (ਆਈਏਐੱਸ) ਨੇ ਇੱਕ ਵਾਰਡ ਮਿਲਟਰੀ ਹਵਾਲੇ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਮੈਡੀਕਲ ਸੁਪਰਡੈਂਟ ਡਾ. ਐਚ.ਐਸ ਰੇਖੀ ਨੇ ਆਖਿਆ ਕਿ ਫੌਜ ਦੀਆਂ ਸੇਵਾਵਾਂ ਲੈਣ ਨੂੰ ਸਟਾਫ਼ ਦੀ ਘਾਟ ਨਾਲ਼ ਜੋੜ ਕੇ ਨਹੀਂ ਵੇਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਥੇ ਸਟਾਫ਼ ਦੀ ਘਾਟ ਨਹੀਂ। ਉਨ੍ਹਾਂ ਦਾ ਕਹਿਣਾ ਸੀ ਕਿ ਲੋੜ ਪਈ, ਤਾਂ ਸਰਕਾਰ ਤੋਂ ਹੋਰ ਸਟਾਫ਼ ਭਰਤੀ ਕਰਨ ਦੀ ਪ੍ਰਵਾਨਗੀ ਲੈ ਲਈ ਜਾਵੇਗੀ।

Leave a Reply

Your email address will not be published. Required fields are marked *