ਪੰਜਾਬ ਤੇ ਹਰਿਆਣਾ ਦੇ ਪਿੰਡਾਂ ਵਿੱਚ ਕਰੋਨਾ ਨੇ ਪੈਰ ਪਸਾਰੇ

ਚੰਡੀਗੜ੍ਹ, ਪੱਤਰ-ਪ੍ਰੇਰਕ

  • ਸੂਬਾ ਸਰਕਾਰਾਂ ਵੱਲੋਂ ਪਿੰਡਾਂ ’ਚ ਸਕਰੀਨਿੰਗ ਤੇ ਟੈਸਟਿੰਗ ਦਾ ਘੇਰਾ ਵਧਾਉਣ ਦਾ ਫੈਸਲਾ
  • ਪੰਜਾਬ ਦੇ ਪੇਂਡੂ ਖੇਤਰਾਂ ’ਚ ਕਰੋਨਾ ਕਰਕੇ ਮੌਤ ਦਰ 2.7 ਫੀਸਦ
  • ਮਾਲਵਾ ਖੇਤਰ ਦੇ ਪਿੰਡਾਂ ਨੂੰ ਪਈ ਕਰੋਨਾ ਮਹਾਮਾਰੀ ਦੀ ਵੱਡੀ ਮਾਰ ਹਰਿਆਣਾ ’ਚ 8000 ਟੀਮਾਂ ਗਠਿਤ

ਕਰੋਨਾਵਾਇਰਸ ਨੇ ਹੁਣ ਪੰਜਾਬ ਤੇ ਹਰਿਆਣਾ ਦੇ ਪਿੰਡਾਂ ਵਿੱਚ ਵੀ ਪੈਰ ਪਸਾਰ ਲਏ ਹਨ, ਜੋ ਵੱਡੀ ਫ਼ਿਕਰਮੰਦੀ ਦਾ ਵਿਸ਼ਾ ਹੈ। ਲਿਹਾਜ਼ਾ ਸੂਬਾ ਸਰਕਾਰਾਂ ਨੇ ਹੁਣ ਪਿੰਡਾਂ ਵਿੱਚ ਕੋਵਿਡ-19 ਦੀ ਸਕਰੀਨਿੰਗ ਤੇ ਟੈਸਟਿੰਗ ਦਾ ਘੇਰਾ ਵਧਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਅੰਕੜੇ ਮੁਤਾਬਕ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 2.7 ਫੀਸਦ ਹੈ ਜਦੋਂਕਿ ਸ਼ਹਿਰੀ ਖੇਤਰਾਂ ’ਚ ਇਹ ਦਰ ਇਕ ਫੀਸਦ ਤੋਂ ਵੀ ਘੱਟ ਹੈ। ਅਧਿਕਾਰੀਆਂ ਨੇ ਕਿਹਾ ਕਿ ਐਤਕੀਂ ਕਰੋਨਾ ਦੀ ਵੱਡੀ ਮਾਰ ਮਾਲਵਾ ਖੇਤਰ ਨੂੰ ਪਈ ਹੈ। ਉਧਰ ਗੁਆਂਢੀ ਸੂਬੇ ਹਰਿਆਣਾ ਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਕਰੋਨਾ ਮਰੀਜ਼ਾਂ ਦੀ ਪਛਾਣ ਲਈ 8000 ਬਹੁਅਨੁਸ਼ਾਸਨੀ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਅਗਵਾਈ ਸਿਖਲਾਈਯਾਫ਼ਤਾ ਡਾਕਟਰ, ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁਨ (ਆਸ਼ਾ) ਤੇ ਆਂਗਨਵਾੜੀ ਵਰਕਰ ਕਰਨਗੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਲੰਘੇ ਦਿਨ ਕਿਹਾ ਸੀ ਕਿ ਕੋਵਿਡ-19 ਦਾ ਫੈਲਾਅ ਹੁਣ ਸ਼ਹਿਰੀ ਖੇਤਰਾਂ ਤੱਕ ਸੀਮਤ ਨਹੀਂ ਰਿਹਾ ਤੇ ਕਰੋਨਾ ਮਹਾਮਾਰੀ ਨੇ ਐਤਕੀਂ ਪੇਂਡੂ ਖੇਤਰਾਂ ਨੂੰ ਵੱਡੀ ਸੱਟ ਮਾਰੀ ਹੈ।

ਪੰਜਾਬ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਕਿਹਾ, ‘ਸਿਹਤ ਸਟਾਫ਼ ਪਿੰਡਾਂ ਵਿੱਚੋਂ ਕਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਇਕੱਠੇ ਕਰੇਗਾ।’ ਅਧਿਕਾਰੀਆਂ ਨੇ ਕਿਹਾ ਕਿ ਪੇਂਡੂ ਆਬਾਦੀ ਦੇ ਸਰਵੇਖਣਾਂ ਲਈ ਸਾਰੇ ਪੈਰਾਮੈਡੀਕਲ ਸਟਾਫ਼ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ ਤੇ ਯਕੀਨੀ ਬਣਾਇਆ ਜਾਵੇਗਾ ਕਿ ਵੱਧ ਤੋਂ ਵੱਧ ਨਮੂਨੇ ਇਕੱਤਰ ਕੀਤੇ ਜਾਣ।’ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪਿੰਡਾਂ ਵਿੱਚ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ ਵਧਣ ਦਾ ਇਕ ਮੁੱਖ ਕਾਰਨ ਲੋਕਾਂ ਵੱਲੋਂ ਖੁਦ ਹਕੀਮ ਬਣ ਕੇ ਇਧਰੋਂ ਉਧਰੋਂ ਓਹੜ ਪੋਹੜ ਕਰਨੀ ਤੇ ਟੈਸਟਿੰਗ ਕਰਵਾਉਣ ਵਿੱਚ ਦੇਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿੰਡਾਂ ਵਿੱਚ ਰਹਿੰਦੇ ਲੋਕ ਬੁਖਾਰ ਚੜ੍ਹਨ ਜਾਂ ਹੋਰ ਕੋਈ ਮੁਸ਼ਕਲ ਆਉਣ ’ਤੇ ਆਪੇ ਇਲਾਜ ਕਰਨ ਲਗਦੇ ਹਨ ਜਾਂ ਫਿਰ ਕੈਮਿਸਟ ਤੋਂ ਦਵਾਈ ਲੈ ਕੇ ਬੁੱਤਾ ਸਾਰ ਲੈਂਦੇ ਹਨ, ਪਰ ਟੈਸਟ ਨਹੀਂ ਕਰਵਾਉਂਦੇ। ਜਦੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਵੇ ਜਾਂ ਫਿਰ ਬਿਮਾਰੀ ਸ਼ੁਰੂਆਤੀ ਪੜਾਅ ਵਿੱਚ ਹੋਵੇ, ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣਾ ਚਾਹੀਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਗੰਭੀਰ ਮਰੀਜ਼ਾਂ ਦੀ ਪਛਾਣ ਲਈ ਘਰਾਂ ਵਿੱਚ ਇਕਾਂਤਵਾਸ ਕੀਤੇ ਮਰੀਜ਼ਾਂ ਦੀ ਨਿਗਰਾਨੀ ਕਰਨ ਨੂੰ ਤਰਜੀਹ ਦੇਣ ਦੀ ਲੋੜ ਹੈ।

ਪੰਜਾਬ ਦੇ ਸਿਹਤ ਵਿਭਾਗ ਨੇ ਨਿੱਜੀ ਕਲੀਨਿਕਾਂ ਤੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਇਲਾਜ ਕਰਵਾਉਣ ਵਾਲੇ ਕਰੋਨਾ ਲੱਛਣਾਂ ਵਾਲੇ ਮਰੀਜ਼ਾਂ ਦਾ ਕੋਵਿਡ-19 ਟੈਸਟ ਕੀਤੇ ਜਾਣ ਦੀ ਹਦਾਇਤ ਕੀਤੀ ਹੈ। ਪਿੰਡਾਂ ਦੇ ਮੌਜੂਦਾ ਹਾਲਾਤ ਤੋਂ ਫਿਕਰਮੰਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੇਂਡੂ ਖੇਤਰਾਂ ਨੂੰ ਕਰੋਨਾ ਦੀ ਲਾਗ ਤੋਂ ਬਚਾਉਣ ਲਈ ਢੁੱਕਵੇਂ ਕਦਮ ਚੁੱਕਣ। ਉਧਰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, ‘‘ਕਰੋਨਾ ਦੀ ਲਾਗ ਰਾਜਾਂ ਦੇ ਵੱਡੇ ਤੇ ਛੋਟੇ ਕਸਬਿਆਂ ਤੋਂ ਹੁਣ ਪਿੰਡਾਂ ਤੱਕ ਪੁੱਜ ਗਈ ਹੈ। ਪਿੰਡਾਂ ਵਿੱਚ ਮੌਤਾਂ ਦਾ ਗਿਣਤੀ ਵੱਧਣ ਲੱਗੀ ਹੈ। ਟਿਟੋਲੀ ਤੇ ਮੁੰਡਾਲ ਜਿਹੇ ਪਿੰਡਾਂ ਵਿੱਚ ਵੱਡੀ ਗਿਣਤੀ ਲੋਕ ਮੌਤ ਦੇ ਮੂੰਹ ਪੈ ਚੁੱਕੇ ਹਨ।’’ ਪਿਛਲੇ ਇਕ ਹਫ਼ਤੇ ਦੌਰਾਨ ਭਿਵਾਨੀ ਦੇ ਮੁੰਡਾਲ ਖੁਰਦ ਤੇ ਮੁੰਡਾਲ ਕਲਾਂ ਪਿੰਡਾਂ ਵਿੱਚ 40 ਦੇ ਕਰੀਬ ਮੌਤਾਂ ਹੋਣ ਦੀਆਂ ਰਿਪੋਰਟਾਂ ਹਨ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਰ ਪਿੰਡ ਵਿੱਚ ਜਾਂਚ ਕੇਂਦਰ ਬਣਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਪਾਰਟੀ ਆਗੂਆਂ ਨੂੰ ਪਿੰਡਾਂ ਦੇ ਲੋਕਾਂ ਦੀ ਮਦਦ ਲਈ ਇਕ-ਇਕ ਪਿੰਡ ਗੋਦ ਲੈਣ ਲਈ ਕਿਹਾ ਹੈ। -ਪੀਟੀਆਈ

ਰਾਜਿੰਦਰਾ ਹਸਪਤਾਲ ਵਿੱਚ 26 ਕਰੋਨਾ ਮਰੀਜ਼ਾਂ ਦੀ ਮੌਤ

ਪਟਿਆਲਾ : ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਪਿਛਲੇ ਚੌਵੀ ਘੰਟਿਆਂ ਦੌਰਾਨ 26 ਹੋਰ ਮਰੀਜ਼ਾਂ ਦੀ ਕਰੋਨਾ ਕਰਕੇ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਦੋ ਮਰੀਜ਼ ਪੰਜਾਬ ਤੋਂ ਬਾਹਰਲੇ ਰਾਜਾਂ ਨਾਲ ਸਬੰਧਤ ਹਨ। ਪਟਿਆਲਾ ਨਾਲ ਸਬੰਧਤ 16 ਕਰੋਨਾ ਮਰੀਜ਼ਾਂ ਨੇ ਅੱਜ ਦਮ ਤੋੜਿਆ, ਜਿਨ੍ਹਾਂ ਵਿਚੋਂ 12 ਨੇ ਰਾਜਿੰਦਰਾ ਹਸਪਤਾਲ ਤੇ 4 ਨੇ ਹੋਰਨਾਂ ਹਸਪਤਾਲਾਂ ’ਚ ਇਲਾਜ ਦੌਰਾਨ ਪ੍ਰਾਣ ਤਿਆਗੇ।

Leave a Reply

Your email address will not be published. Required fields are marked *