ਕਰੋਨਾਵਾਇਰਸ: ਆਲਮੀ ਪੱਧਰ ’ਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ 10 ਲੱਖ ਦੇ ਪਾਰ

ਵਾਸ਼ਿੰਗਟਨ : ਆਲਮੀ ਪੱਧਰ ’ਤੇ ਕਰੋਨਾਵਾਇਰਸ ਦੀ ਲਾਗ ਨਾਲ ਪੀੜਤ ਪੱਕੇ ਕੇਸਾਂ ਦੀ ਗਿਣਤੀ ਦਸ ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕ ਮਹਾਮਾਰੀ ਕਰਕੇ ਜਹਾਨੋਂ ਕੂਚ ਕਰ ਗਏ ਹਨ। ਅਮਰੀਕਾ ਲੰਘੇ ਦਿਨ ਇਕੋ ਦਿਨ ਵਿੱਚ 1100 ਮੌਤਾਂ ਨਾਲ ਹੋਰਨਾਂ ਮੁਲਕਾਂ ਨੂੰ ਮਾਤ ਪਾਉਂਦਿਆਂ ਸਭ ਤੋਂ ਅੱਗੇ ਨਿਕਲ ਗਿਆ ਹੈ। ਅਮਰੀਕਾ ਵਿੱਚ ਹੁਣ ਤਕ 6000 ਵਿਅਕਤੀ ਕਰੋਨਾਵਾਇਰਸ ਦੀ ਭੇਟ ਚੜ੍ਹ ਗਏ ਹਨ। ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ‘ਟੈਸਟਿੰਗ’ ਦੇ ਕੰਮ ਨੂੰ ਤੇਜ਼ ਕਰਨ ਦਾ ਸੰਕਲਪ ਦੁਹਰਾਇਆ ਹੈ। ਬਰਤਾਨਵੀ ਸਿਹਤ ਮੰਤਰੀ ਨੇ ਕਿਹਾ ਕਿ ਆਗਾਮੀ ਦਿਨਾਂ ਵਿੱਚ ਉਨ੍ਹਾਂ ਇਕ ਦਿਨ ਵਿੱਚ ਇਕ ਲੱਖ ਟੈਸਟ ਕਰਨ ਦਾ ਟੀਚਾ ਮਿੱਥਿਆ ਹੈ। ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਬਿਨਾਂ ਕੰਮ ਤੋਂ ਅਦਾਇਗੀ ਅਪਰੈਲ ਮਹੀਨੇ ਵੀ ਜਾਰੀ ਰਹੇਗੀ। ਰੂਸ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 3500 ਹੋ ਗਈ ਹੈ।

ਅੱਧੀ ਦੁਨੀਆ ਕਿਸੇ ਨਾ ਕਿਸੇ ਰੂਪ ਵਿੱਚ ਤਾਲਾਬੰਦੀ ਅਧੀਨ ਹੈ, ਪਰ ਇਸ ਦੇ ਬਾਵਜੂਦ ਵਾਇਰਸ ਲਗਾਤਾਰ ਤੇਜ਼ੀ ਨਾਲ ਫੈਲ ਰਿਹਾ ਹੈ। ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਅਮਰੀਕਾ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਇਕ ਕਰੋੜ ਲੋਕ ਆਪਣੀਆਂ ਨੌਕਰੀਆਂ ਤੋਂ ਹੱਥ ਧੋਅ ਬੈਠੇ ਹਨ। ਅਰਥਸ਼ਾਸਤਰੀਆਂ ਨੇ ਅਜੇ ਹੋਰ ਮਾੜੇ ਹਾਲਾਤ ਹੋਣ ਦੀ ਚਿਤਾਵਨੀ ਦਿੱਤੀ ਹੈ। ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਰਥਚਾਰੇ ਨੂੰ ਵਾਇਰਸ ਕਰਕੇ 4.1 ਖਰਬ ਅਮਰੀਕੀ ਡਾਲਰ ਦੀ ਮਾਰ ਪੈ ਸਕਦੀ ਹੈ, ਜੋ ਕਿ ਕੁੱਲ ਆਲਮੀ ਉਤਪਾਦਨ ਦੇ 5 ਫੀਸਦ ਦੇ ਬਰਾਬਰ ਹੈ। ਆਲਮੀ ਆਗੂਆਂ ਨੇ ਸੰਕਟ ਨਾਲ ਨਜਿੱਠਣ ਲਈ ਵੱਡੇ ਵਿੱਤੀ ਰਾਹਤ ਪੈਕੇਜਾਂ ਦਾ ਐਲਾਨ ਕੀਤਾ ਸੀ। ਆਲਮੀ ਬੈਂਕ ਨੇ ਅਗਲੇ 15 ਤੋਂ ਵੱਧ ਮਹੀਨਿਆਂ ਲਈ ਐਮਰਜੈਂਸੀ ਨਗ਼ਦੀ ਦੇ ਰੂਪ ਵਿੱਚ 160 ਅਰਬ ਅਮਰੀਕੀ ਡਾਲਰ ਜਾਰੀ ਕਰਨ ਦੀ ਯੋਜਨਾ ਨੂੰ ਮਨਜ਼ੂਰ ਕਰ ਲਿਆ ਸੀ। ਜੌਹਨ ਹੋਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਹੁਣ ਤਕ 6000 ਵਿਅਕਤੀ ਰੱਬ ਨੂੰ ਪਿਆਰੇ ਹੋ ਗਏ ਹਨ। 85 ਫੀਸਦ ਅਮਰੀਕੀ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਘਰਾਂ ’ਚ ਤੜੇ ਹੋਏ ਹਨ। ਵ੍ਹਾਈਟ ਹਾਊਸ ਦੇ ਮਾਹਿਰਾਂ ਨੇ ਕਿਹਾ ਕਿ ਇਕ ਲੱਖ ਤੋਂ 2.40 ਲੱਖ ਅਮਰੀਕੀ ਇਸ ਰੋਗ ਕਰਕੇ ਮੌਤ ਦੇ ਮੂੰਹ ਜਾ ਪੈਣਗੇ।

ਸਪੇਨ ’ਚ ਲਗਾਤਾਰ ਦੂਜੇ ਦਿਨ 900 ਤੋਂ ਵੱਧ ਮੌਤਾਂ
ਮੈਡਰਿਡ: ਸਪੇਨ ਵਿੱਚ ਅੱਜ ਲਗਾਤਾਰ ਦੂਜੇ ਦਿਨ 900 ਤੋਂ ਵੱਧ ਲੋਕ (ਇਕੋ ਦਿਨ ’ਚ) ਦਮ ਤੋੜ ਗਏ। ਸਰਕਾਰੀ ਅੰਕੜੇ ਹਾਲਾਂਕਿ ਇਸ਼ਾਰਾ ਕਰਦੇ ਹਨ ਕਿ ਨਵੀਂ ਲਾਗ ਤੇ ਮੌਤਾਂ ਦੀ ਦਰ ਥੋੜ੍ਹੀ ਮੱਠੀ ਪਈ ਹੈ। ਸਪੇਨ ਵਿੱਚ ਹੁਣ ਤਕ 10,935 ਲੋਕਾਂ ਦੀ ਕਰੋਨਾਵਾਇਰਸ ਕਰਕੇ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 932 ਵਿਅਕਤੀ ਰੱਬ ਨੂੰ ਪਿਆਰੇ ਹੋ ਗਏ ਜਦੋਂਕਿ ਪਾਜ਼ੇਟਿਵ (ਪੱਕੇ) ਕੇਸਾਂ ਦੀ ਗਿਣਤੀ 1,17,710 ਨੂੰ ਅੱਪੜ ਗਈ ਹੈ।

ਟਰੰਪ ਦਾ ਦੂਜਾ ਟੈਸਟ ਵੀ ਨੈਗੇਟਿਵ ਆਇਆ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੋਵਿਡ-19 ਦੇ ਨੈਗੇਟਿਵ ਆਏ ਆਪਣੇ ਟੈਸਟ ਬਾਰੇ ਜਾਣਕਾਰੀ ਦਿੰਦੇ ਹੋਏ।

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਰੋਨਾਵਾਇਰਸ ਦੀ ਪਰਖ ਲਈ ਲਿਆ ਦੂਜਾ ਨਮੂਨਾ ਵੀ ਨੈਗੇਟਿਵ ਆਇਆ ਹੈ। ਵ੍ਹਾਈਟ ਹਾਊਸ ਦੇ ਡਾਕਟਰ ਨੇ ਇਕ ਬਿਆਨ ਵਿੱਚ ਕਿਹਾ ਕਿ ਅਮਰੀਕੀ ਸਦਰ ਬਿਲਕੁਲ ‘ਤੰਦਰੁਸਤ’ ਹਨ ਤੇ ਉਨ੍ਹਾਂ ਵਿੱਚ ਘਾਤਕ ਰੋਗ ਦਾ ਕੋਈ ਲੱਛਣ ਨਜ਼ਰ ਨਹੀਂ ਪਾਇਆ ਗਿਆ। ਰਾਸ਼ਟਰਪਤੀ ਟਰੰਪ ਦੇ ਡਾਕਟਰ ਸੀਨ ਪੀ.ਕੋਨਲੇਅ ਨੇ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸਟੈਫਨੀ ਗ੍ਰਿਸ਼ਮ ਨੂੰ ਸੌਂਪੇ ਦਸਤਾਵੇਜ਼ ’ਚ ਕਿਹਾ, ‘ਰਾਸ਼ਟਰਪਤੀ ਦਾ ਕੋਵਿਡ-19 ਲਈ ਟੈਸਟ ਨੈਗੇਟਿਵ ਆਇਆ ਹੈ।’ ਕੋਨਲੇਅ ਨੇ ਕਿਹਾ, ‘ਅੱਜ ਸਵੇਰੇ ਰਾਸ਼ਟਰਪਤੀ ਦਾ ਕੋਵਿਡ-19 ਲਈ ਮੁੜ ਟੈਸਟ ਕੀਤਾ ਸੀ। ਉਹ ਪੂਰੀ ਤਰ੍ਹਾਂ ਸਿਹਤਯਾਬ ਹਨ ਤੇ ਉਨ੍ਹਾਂ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਇਆ। ਨਮੂਨਾ ਲੈਣ ਲਈ ਇਕ ਮਿੰਟ ਲੱਗਾ ਤੇ 15 ਮਿੰਟਾਂ ਵਿੱਚ ਰਿਪੋਰਟ ਆ ਗਈ।’ ਰਾਸ਼ਟਰਪਤੀ ਟਰੰਪ ਨੇ ਮਗਰੋਂ ਆਪਣੀ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਟੈਸਟ ਰਿਪੋਰਟ ਦੀ ਇਕ ਕਾਪੀ ਆਪਣੇ ਪ੍ਰੈੱਸ ਸਕੱਤਰ ਨੂੰ ਸੌਂਪ ਦਿੱਤੀ। ਰਾਸ਼ਟਰਪਤੀ ਟਰੰਪ ਦਾ ਇਹ ਦੂਜਾ ਨਮੂਨਾ ਹੈ, ਜੋ ਨੈਗੇਟਿਵ ਨਿਕਲਿਆ ਹੈ। ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਦੂਜਾ ਟੈਸਟ ਪਹਿਲੇ ਨਾਲੋਂ ਕਿਤੇ ਬਿਹਤਰ ਤੇ ਉਹਦਾ ਨਤੀਜਾ ਵੀ ਜਲਦੀ ਆਇਆ ਹੈ।

Leave a Reply

Your email address will not be published. Required fields are marked *