ਮੋਗਾ ਨੇੜੇ ਭਾਰਤੀ ਹਵਾਈ ਸੈਨਾ ਦਾ ਮਿਗ ਲੜਾਕੂ ਜਹਾਜ਼ ਕਰੈਸ਼,ਪਾਇਲਟ ਦੀ ਮੌਤ

ਮੋਗਾ: ਭਾਰਤੀ ਹਵਾਈ ਸੈਨਾ ਦਾ ਮਿਗ-21 ਲੜਾਕੂ ਜਹਾਜ਼ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਪਿੰਡ ਲੰਗੇਆਣਾ ਕਲਾਂ ਨੇੜੇ ਖੇਤਾਂ ਵਿੱਚ ਕਰੈਸ਼ ਹੋ ਗਿਆ। ਪਾਇਲਟ ਦੀ ਲਾਸ਼ ਘਟਨਾ ਸਥਾਨ ਤੋਂ ਦੂਰ ਖੇਤਾਂ ਵਿੱਚ ਮਿਲੀ ਹੈ। ਮਾਰੇ ਗਏ ਪਾਇਲਟ ਦੀ ਪਛਾਣ ਸਕੁਐਡਰਨ ਲੀਡਰ ਅਭਿਨਵ ਚੌਧਰੀ ਵਜੋਂ ਹੋਈ ਹੈ। ਇਹ ਜਹਾਜ਼ ਨੇ ਰਾਜਸਥਾਨ ਵਿਚ ਭਾਰਤੀ ਹਵਾਈ ਸੈਨਾ ਦੇ ਸੂਰਤਗੜ੍ਹ ਬੇਸ ਤੋਂ ਉਡਾਨ ਭਰੀ ਸੀ। ਮਿੱਗ-21 ਲੁਧਿਆਣਾ ਜ਼‌ਿਲ੍ਹੇ ਵਿੱਚ ਪੈਂਦੇ ਭਾਰਤੀ ਹਵਾਈ ਸੈਨਾ ਦੇ ਹਲਵਾਰਾ ਏਅਰ ਪੋਰਟ ਤੋਂ ਵਾਪਸ ਜਾ ਰਿਹਾ ਸੀ।

ਵੇਰਵਿਆਂ ਅਨੁਸਾਰ ਭਾਰਤੀ ਹਵਾਈ ਸੈਨਾ ਦਾ ਮਿਗ-21 ਲੜਾਕੂ ਜਹਾਜ਼ ਲੰਘੀ ਰਾਤ ਕਰੀਬ 12 ਵਜੇ ਪਿੰਡ ਲੰਗੇਆਣਾ ਕਲਾਂ ਦੇ ਖੇਤਾਂ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਕੁਝ ਤਕਨੀਕੀ ਖਰਾਬੀ ਆਉਣ ਉੱਤੇ ਪਾਇਲਟ ਵਿੰਗ ਕਮਾਂਡਰ ਅਭਿਨਵ ਚੌਧਰੀ ਨੇ ਕਰੈਸ਼ ਲੈਂਡਿੰਗ ਤੋਂ ਪਹਿਲਾਂ ਪੈਰਾਸ਼ੂਟ ਰਾਹੀਂ ਜਹਾਜ਼ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ। ਉਸ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਮਿਲੀ ਹੈ।

ਪਿੰਡ ਵਾਸੀਆਂ ਮੁਤਾਬਕ ਜਹਾਜ਼ ਐਨੀ ਜ਼ੋਰ ਨਾਲ ਖੇਤਾ ਵਿੱਚ ਡਿੱਗਿਆ ਕਿ ਵੱਡੇ ਧਮਾਕੇ ਦੇ ਨਾਲ ਹੀ ਉਸਦੇ ਚੀਥੜੇ ਉਡ ਗਏ ਤੇ ਉਸ ਨੂੰ ਅੱਗ ਲੱਗ ਗਈ। ਫਾਇਰ ਬਿਗ੍ਰੇਡ ਤੇ ਲੋਕਾਂ ਦੇ ਸਹਿਯੋਗ ਨਾਲ ਜਹਾਜ਼ ਨੂੰ ਲੱਗੀ ਅੱਗ ਦੀਆਂ ਲਪਟਾਂ ਉੱਤੇ ਕਾਫੀ ਮੁਸ਼ੱਕਤ ਨਾਲ ਕਾਬੂ ਪਾਇਆ।

ਲੋਕਾਂ ਅਨੁਸਾਰ ਜਹਾਜ਼ ਜਿਸ ਥਾਂ ਖੇਤਾਂ ਵਿੱਚ ਡਿੱਗਿਆ ਉਥੇ ਕਰੀਬ 20 ਫੁੱਟ ਡੂੰਘਾ ਟੋਇਆ ਪੈ ਗਿਆ। ਜਹਾਜ਼ ਦੇ ਕਈ ਹਿੱਸੇ ਦੂਰ 10 ਫੁੱਟ ਜਾ ਕੇ ਡਿੱਗੇ। ਘਟਨਾ ਦੀ ਸੂਚਨਾ ਮਿਲਦੇ ਹੀ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਜੀਐੱਸ ਚੌਹਾਨ ਤੇ ਹੋਰਨਾਂ ਨੇ ਮੌਕੇ ਉੱਤੇ ਪੁੱਜ ਕੇ ਜਾਇਜ਼ਾ ਲਿਆ। ਸੂਤਰਾਂ ਮੁਤਾਬਕ ਭਾਰਤੀ ਹਵਾਈ ਸੈਨਾ ਨੇ ਹਾਦਸੇ ਦੀ ਜਾਂਚ ਵਿੱਢ ਦਿੱਤੀ ਹੈ। 

Leave a Reply

Your email address will not be published. Required fields are marked *