ਤੀਜੀ ਲਹਿਰ ਦੇ ਟਾਕਰੇ ਲਈ ਤਿਆਰੀ ਕੀਤੀ ਜਾਵੇ: ਕੈਪਟਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਦੀ ਤੀਜੀ ਸੰਭਾਵੀ ਲਹਿਰ ਅਤੇ ਇਸ ਦੇ ਬੱਚਿਆਂ ਉੱਪਰ ਪੈਣ ਵਾਲੇ ਪ੍ਰਭਾਵ ਦੀਆਂ ਸੰਭਾਵਨਾਵਾਂ ਤੇ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਵਿਭਾਗ ਨੂੰ ਤਿਆਰੀਆਂ ਦੇ ਹੁਕਮ ਦਿੱਤੇ। ਵਰਚੁਅਲ ਮੀਟਿੰਗ ਦੌਰਾਨ ਸੂਬੇ ਵਿੱਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਮੁੱਖ ਮੰਤਰੀ ਨੇ ਡਾ. ਕੇਕੇ ਤਲਵਾੜ ਦੀ ਅਗਵਾਈ ਵਾਲੇ ਸੂਬਾ ਪੱਧਰੀ ਮਾਹਿਰ ਗਰੁੱਪ ਨੂੰ ਮੈਡੀਕਲ ਸਿੱਖਿਆ ਦੇ ਸਾਰੇ ਪਹਿਲੂਆਂ ਨੂੰ ਘੋਖਣ ਅਤੇ ਸਿਹਤ ਵਿਭਾਗ ਲਈ ਸਿਖਲਾਈ ਸਬੰਧੀ ਵੇਰਵੇ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਸੂਬੇ ’ਚ ਕੋਵਿਡ ਨਾਲ ਨਜਿੱਠਣ ਤੇ ਖਾਸ ਕਰਕੇ ਬੱਚਿਆਂ ਦੇ ਸੰਦਰਭ ’ਚ ਸੂਬੇ ’ਚ ਸਾਰੇ ਮੈਡੀਕਲ ਅਫਸਰਾਂ ਨੂੰ ਸਿਖਲਾਈ ਦੇਣ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਪੇਂਡੂ ਇਲਾਕਿਆਂ ’ਚ ਕਰੋਨਾ ਦੇ ਪੈਰ ਪਸਾਰਨ ਉਤੇ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਦੀਆਂ ਟੀਮਾਂ ਨੂੰ ਹਰੇਕ ਪਿੰਡ ਵਿਚ ਘਰ-ਘਰ ਨਿਗਰਾਨੀ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਟੀਕਾਕਰਨ ਵਿੱਚ ਉਨ੍ਹਾਂ ਸਮੇਤ ਪੰਚਾਂ ਦੇ ਨਾਲ-ਨਾਲ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਤਰਜੀਹ ਦੇਣ ਲਈ ਆਖਿਆ। ਉਨ੍ਹਾਂ ਕਿਹਾ ਕਿ ਪੁਲੀਸ ਵਿਭਾਗ ਨੂੰ ਦਿਹਾਤੀ ਪੁਲੀਸ ਅਫਸਰਾਂ ਰਾਹੀਂ ਸਹਾਇਤਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕੋਵਿਡ ਮਰੀਜ਼ਾਂ ਤੋਂ ਵੱਧ ਪੈਸੇ ਵਸੂਲ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ ਸਖਤ ਕਰਵਾਈ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਸੇ ਵੀ ਹਾਲਾਤ ਨਾਲ ਨਜਿੱਠਣ ਤੇ ਆਕਸੀਜਨ ਦੀ ਘਾਟ ਕਾਰਨ ਕਿਸੇ ਹਾਦਸੇ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਉਤੇ ਤਸੱਲੀ ਪ੍ਰਗਟਾਈ। ਉਨ੍ਹਾਂ ਵਿਭਾਗ ਨੂੰ ਸਿਵਲ ਹਸਪਤਾਲਾਂ ਵਿੱਚ ਪੋਸਟ ਕੋਵਿਡ ਕੇਅਰ ਵਾਰਡਾਂ ਦੀ ਸਥਾਪਨਾ ਤੋਂ ਇਲਾਵਾ ਸਿਹਤ ਵਿਭਾਗ ਨੂੰ ਆਕਸੀਜਨ ਕੰਸਨਟਰੇਟਰਾਂ ਦਾ ਬੈਂਕ ਵੀ ਸਥਾਪਿਤ ਕਰਨ ਲਈ ਕਿਹਾ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 19 ਮਾਰਚ ਤੋਂ ਲੈ ਕੇ ਹੁਣ ਤੱਕ ਕਰੋਨਾ ਨਿਯਮਾਂ ਦੀ ਉਲੰਘਣਾ ਦੇ ਕੁੱਲ 25 ਲੱਖ ਮਾਮਲਿਆਂ ’ਚ 1.31 ਲੱਖ ਚਲਾਨ ਜਾਰੀ ਕਰ ਕੇ 12 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। 

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੁਝਾਅ ਦਿੱਤਾ ਕਿ ਕੇਸਾਂ ਦਾ ਫੈਲਾਅ ਰੋਕਣ ਲਈ ਪੇਂਡੂ ਖੇਤਰਾਂ ਵਿੱਚ ਨਿਗਰਾਨੀ ਹਿੱਤ ਰੈਪਿਡ ਰਿਸਪਾਂਸ ਟੀਮਾਂ ਸਥਾਪਿਤ ਕੀਤੀਆਂ ਜਾਣ ਅਤੇ ਇਸ ਕੰਮ ਵਿੱਚ ਆਰਐੱਮਪੀ ਡਾਕਟਰਾਂ ਦਾ ਵੀ ਸਹਿਯੋਗ ਲਿਆ ਜਾਵੇ। ਮੈਡੀਕਲ ਸਿੱਖਿਆ ਵਿਭਾਗ ਦੇ ਸਕੱਤਰ ਡੀਕੇ ਤਿਵਾੜੀ ਨੇ ਇਸ ਮੌਕੇ ਦੱਸਿਆ ਕਿ 2 ਮਈ ਤੋਂ 8 ਮਈ ਤੱਕ ਦੇ ਹਫਤੇ ਦੌਰਾਨ ਪਾਜ਼ੇਟਿਵਿਟੀ ਦੀ ਦਰ 18.5 ਫੀਸਦੀ ਰਹੀ ਪਰ ਉਸ ਤੋਂ ਬਾਅਦ ਇਸ ਵਿੱਚ ਗਿਰਾਵਟ ਆਈ ਹੈ। ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ 19 ਮਈ ਨੂੰ ਕੁੱਲ ਪਾਜ਼ੇਟਿਵਿਟੀ ਦਰ 6.2 ਫੀਸਦੀ ’ਤੇ ਖੜ੍ਹੀ ਸੀ ਅਤੇ ਮੁਹਾਲੀ ਤੇ ਮਾਲਵਾ ਖੇਤਰਾਂ ਵਿੱਚ ਕਾਫੀ ਜ਼ਿਆਦਾ ਮਾਮਲੇ ਸਨ। ਸੂਬੇ ਦੇ ਕੋਵਿਡ ਮਾਹਿਰਾਂ ਦੇ ਸਮੂਹ ਦੇ ਮੁਖੀ ਡਾ. ਕੇਕੇ ਤਲਵਾੜ ਨੇ ਕਿਹਾ ਕਿ ਕੇਸਾਂ ਦੀ ਘੱਟਦੀ ਗਿਣਤੀ ਨੂੰ ਅੱਗੇ ਵੀ ਯਕੀਨੀ ਬਣਾਉਣ ਲਈ ਮੌਜੂਦਾ ਪਾਬੰਦੀਆਂ ਅਗਲੇ 2-3 ਹਫਤਿਆਂ ਤੱਕ ਕਾਇਮ ਰਹਿਣੀਆਂ ਚਾਹੀਦੀਆਂ ਹਨ। 

ਵੈਕਸੀਨ ਦੀ ਖਰੀਦ ਲਈ ਸੰਭਾਵਨਾ ਤਲਾਸ਼ਣ ਦੇ ਨਿਰਦੇਸ਼

ਚੰਡੀਗੜ੍ਹ (ਟਨਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸੂਬੇ ’ਚ ਜਲਦੀ ਟੀਕਾਕਰਨ ਯਕੀਨੀ ਬਣਾਉਣ ਲਈ ਸਾਰੇ ਸੰਭਾਵੀ ਸਰੋਤਾਂ ਤੋਂ ਕੋਵਿਡ ਦੇ ਟੀਕਿਆਂ ਦੀ ਖਰੀਦ ਲਈ ਵਿਸ਼ਵ ਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ। ਉਨ੍ਹਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਖ ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਸਾਰੇ ਟੀਕਾ ਨਿਰਮਾਤਾਵਾਂ ਤੱਕ ਪਹੁੰਚ ਕਰੇਗੀ ਜਿਨ੍ਹਾਂ ਵਿਚ ਸਪੂਤਨਿਕ ਵੀ, ਫਾਈਜ਼ਰ, ਮੌਡਰਨਾ ਅਤੇ ਜਾਹਨਸਨ ਐਂਡ ਜਾਹਨਸਨ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਟੀਕਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਸਾਰੇ ਯਤਨ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਭਾਰਤ ਸਰਕਾਰ ਤੋਂ 44 ਲੱਖ ਤੋਂ ਘੱਟ ਖੁਰਾਕਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ ਸਿਰਫ 1 ਲੱਖ ਵਰਤੋਂ ਲਈ ਉਪਲੱਬਧ ਹਨ। 

‘ਬਲੈਕ ਫੰਗਸ ਦਾ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਡਾਕਟਰ’

ਚੰਡੀਗੜ੍ਹ : ਮੁੱਖ ਮੰਤਰੀ ਨੇ ਮਿਊਕਰਮਿਕੋਸਿਸ (ਬਲੈਕ ਫੰਗਸ) ਬਿਮਾਰੀ ਨੂੰ ਮਹਾਮਾਰੀ ਐਕਟ ਤਹਿਤ ਨੋਟੀਫਾਈ ਕਰਨ ਦੇ ਨਿਰਦੇਸ਼ ਦਿੰਦਿਆਂ ਸਾਰੇ ਸਰਕਾਰੀ ਹਸਪਤਾਲਾਂ ਤੇ ਪੇਂਡੂ ਮੁੱਢਲੇ ਸਿਹਤ ਕੇਂਦਰਾਂ ਵਿੱਚ ਇਸ ਬਿਮਾਰੀ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ‘ਬਲੈਕ ਫੰਗਸ’ ਦਾ ਸਮੇਂ ਸਿਰ ਇਲਾਜ ਯਕੀਨੀ ਬਣਾਉਣ। ਉਨ੍ਹਾਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਬਲੈਕ ਫੰਗਸ ਦਾ ਜਲਦੀ ਪਤਾ ਲਗਾਉਣ ਅਤੇ ਇਲਾਜ ਲਈ ਪੇਂਡੂ ਖੇਤਰਾਂ ਦੇ ਮੁੱਢਲੇ ਸਿਹਤ ਕੇਂਦਰਾਂ ਵਿੱਚ ਡਾਕਟਰ ਤਾਇਨਾਤ ਕੀਤੇ ਜਾਣ। ਉਨ੍ਹਾਂ ਡਾ.ਕੇ.ਕੇ.ਤਲਵਾੜ ਦੀ ਅਗਵਾਈ ਵਾਲੀ ਕੋਵਿਡ ਮਾਹਿਰ ਟੀਮ ਨੂੰ ਕਿਹਾ ਕਿ ਲੈਵਲ 3 ਸਿਹਤ ਕੇਂਦਰਾਂ ਵਿੱਚ ਡਾਕਟਰ ਇਹ ਯਕੀਨੀ ਬਣਾਉਣ ਕਿ ਕੋਵਿਡ ਮਰੀਜ਼ਾਂ ਦੇ ਇਲਾਜ ਦੌਰਾਨ ਬੇਲੋੜੇ ਸਟੀਰੌਇਡ ਦੀ ਵਰਤੋਂ ਨਾ ਹੋਵੇ।

Leave a Reply

Your email address will not be published. Required fields are marked *