ਅਮਰੀਕਾ ਵਿੱਚ ਕਰੋਨਾਵਾਇਰਸ ਨੇ ਇਕੋ ਦਿਨ ’ਚ ਲਈਆਂ 1500 ਜਾਨਾਂ

ਨਿਊ ਯਾਰਕ : ਅਮਰੀਕਾ ਦੇ ਨਿਊ ਯਾਰਕ ਸੂਬੇ ’ਚ ਕਰੋਨਾਵਾਇਰਸ ਕਾਰਨ ਇਕੋ ਦਿਨ ’ਚ 562 ਮੌਤਾਂ ਹੋ ਗਈਆਂ ਹਨ। ਜਦਕਿ ਵਾਇਰਸ ਕਾਰਨ ਮੁਲਕ ਭਰ ਵਿਚ ਹੋਈਆਂ ਮੌਤਾਂ ਨਾਲ ਨਵਾਂ ਆਲਮੀ ਰਿਕਾਰਡ ਬਣ ਗਿਆ ਹੈ। ਇੱਥੋਂ ਦੇ ਵੱਖ-ਵੱਖ ਸੂਬਿਆਂ ਵਿਚ ਵਾਇਰਸ ਨੇ 1,480 ਲੋਕਾਂ ਦੀ ਜਾਨ ਲੈ ਲਈ ਹੈ। ਹਰ ਢਾਈ ਮਿੰਟ ਬਾਅਦ ਇਕ ਮੌਤ ਹੋ ਰਹੀ ਹੈ। ਸੂਬੇ ਦੇ ਗਵਰਨਰ ਨੇ ਵੈਂਟੀਲੇਟਰਾਂ ਤੇ ਸਟਾਫ਼ ਦੀ ਸੁਰੱਖਿਆ ਲਈ ਸਾਮਾਨ ਦੀ ਮੁੜ ਵੰਡ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਜਿਸ ਹਸਪਤਾਲ ਨੂੰ ਜ਼ਿਆਦਾ ਲੋੜ ਹੈ, ਉਸ ਨੂੰ ਸਾਮਾਨ ਦਿੱਤਾ ਜਾ ਸਕੇ। ਗਵਰਨਰ ਨੇ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਹਸਪਤਾਲਾਂ, ਪ੍ਰਾਈਵੇਟ ਕੰਪਨੀਆਂ ਤੇ ਸੰਸਥਾਵਾਂ ਨੂੰ ਅਜਿਹੇ ਸਾਮਾਨ ਦੀ ਫ਼ਿਲਹਾਲ ਲੋੜ ਨਹੀਂ, ਉਹ ਜ਼ਰੂਰਤ ਵਾਲੀ ਥਾਂ ’ਤੇ ਇਨ੍ਹਾਂ ਨੂੰ ਦੇਣ। ਇਕੱਲੇ ਨਿਊ ਯਾਰਕ ਵਿਚ ਹੀ ਕਰੋਨਾ ਦੇ ਕੇਸ ਇਕ ਲੱਖ ਤੋਂ ਉੱਪਰ ਹਨ। ਸੂਬੇ ਵਿਚ ਹੁਣ ਤੱਕ 2,935 ਮੌਤਾਂ ਹੋ ਚੁੱਕੀਆਂ ਹਨ। ਵੱਡੀ ਗਿਣਤੀ ਵਿਚ ਹਾਲੇ ਹੋਰ ਮੌਤਾਂ ਦੀ ਸੰਭਾਵਨਾ ਵੀ ਜਤਾਈ ਗਈ ਹੈ। ਅਮਰੀਕਾ ਦੇ 50 ਫ਼ੀਸਦ ਕਰੋਨਾਵਾਇਰਸ ਪੀੜਤ ਇਕੱਲੇ ਨਿਊ ਯਾਰਕ ਸੂਬੇ ਵਿਚ ਹੀ ਹਨ, ਨਿਊ ਯਾਰਕ ਸ਼ਹਿਰ ਦੇ ਹੀ 56,289 ਮਰੀਜ਼ ਹਨ। ਪੂਰੇ ਅਮਰੀਕਾ ਵਿਚ 7000 ਲੋਕਾਂ ਦੀ ਮੌਤ ਹੋ ਗਈ ਹੈ ਤੇ 1,867 ਮੌਤਾਂ ਇਕੱਲੇ ਨਿਊ ਯਾਰਕ ਸ਼ਹਿਰ ਵਿਚ ਹੀ ਹੋਈਆਂ ਹਨ। ਜੌਹਨ ਹੌਪਕਿਨਸ ਯੂਨੀਵਰਸਿਟੀ ਕਰੋਨਾਵਾਇਰਸ ਰਿਸੋਰਸ ਕੇਂਦਰ ਮੁਤਾਬਕ ਪਿਛਲੇ ਤਿੰਨ ਦਿਨਾਂ ਵਿਚ ਮੌਤਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।

‘ਚੀਨ ਤੋਂ ਸਾਮਾਨ ਮੰਗਵਾਉਣ ਦੀ ਬਜਾਏ ਆਪ ਕਿਉਂ ਨਹੀਂ ਬਣਾ ਸਕਦੇ?’

ਸੂਬੇ ਦੇ ਗਵਰਨਰ ਐਂਡਰਿਊ ਕਿਊਮੋ ਨੇ ਸਿਹਤ ਕਰਮੀਆਂ ਲਈ ਲਾਜ਼ਮੀ ਮੈਡੀਕਲ ਸਾਜ਼ੋ-ਸਾਮਾਨ ਦੀ ਕਮੀ ਹੋਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਚਾਹੀਦਾ ਹੈ ਕਿ ਉਹ ਮਾਸਕ, ਫੇਸ ਸ਼ੀਲਡ ਤੇ ਹੋਰ ਜ਼ਰੂਰੀ ਸਾਮਾਨ ਬਣਾਉਣ। ਗਵਰਨਰ ਨੇ ਕਿਹਾ ਕਿ ਸਾਰਾ ਸਾਮਾਨ ਚੀਨ ਤੋਂ ਆ ਰਿਹਾ ਹੈ ਤੇ ਯਕੀਨ ਕਰਨਾ ਔਖਾ ਹੈ ਕਿ ਇਸ ਨੂੰ ਅਸੀਂ ਆਪ ਨਹੀਂ ਬਣਾ ਰਹੇ। ਉਨ੍ਹਾਂ ਕਿਹਾ ਕਿ ਇਹ ਕੋਈ ਗੁੰਝਲਦਾਰ ਸਾਮਾਨ ਤਾਂ ਹੈ ਨਹੀਂ, ਸਰਕਾਰ ਵਿੱਤੀ ਮਦਦ ਦੇਵੇਗੀ ਤੇ ਇਸ ਨੂੰ ਸੂਬੇ ਦੀਆਂ ਕੰਪਨੀਆਂ ਬਣਾਉਣ। ਉਨ੍ਹਾਂ ਕਿਹਾ ਕਿ ਰਾਜ ਕੋਲ ਵੈਂਟੀਲੇਟਰ ਦਾ ਸਟਾਕ ਖ਼ਤਮ ਹੁੰਦਾ ਜਾ ਰਿਹਾ ਹੈ ਤੇ ਉਹ ਹਰ ਸੰਭਵ ਯਤਨ ਕਰ ਰਹੇ ਹਨ।

Leave a Reply

Your email address will not be published. Required fields are marked *