“ ਬੌਲਦ ਲਾਣੇ ਦਾ ਧੀ ਘਰਾਣੇ ਦੀ “-ਮਨਦੀਪ ਕੌਰ ਭੰਡਾਲ ਲੰਡਨ ਤੋਂ


ਸਿਆਣਿਆ ਦੀਆਂ ਕਹੀਆਂ ਗੱਲਾਂ ਖ਼ੂਬ ਖਰੀਆਂ ਹਨ ਅਤੇ ਪੁਰਾਣੀਆਂ ਹੋਣ ਦੇ ਬਾਵਜੂਦ ਕਿੰਨੀਆਂ ਸਾਰਥਿਕ ਵੀ ਹਨ ਅੱਜ ਦੇ ਸਮੇਂ ਵਿੱਚ । ‘ ਬੌਲਦ ਲਾਣੇ ਦਾ,ਧੀ ਘਰਾਣੇ ਦੀ ‘ ਗੱਲ ਇੱਥੇ ਆਦਤਾਂ ਤੇ ਸੰਸਕਾਰਾਂ ਦੀ ਹੈ ਜਿਹਨਾਂ ਦਾ ਸਾਡੇ ਸਮਾਜ , ਭਾਈਚਾਰੇ , ਰਿਸ਼ਤਿਆਂ ਉੱਤੇ ਖ਼ਾਸ ਅਸਰ ਪੈਂਦਾ ਹੈ । ਅੱਜਕੱਲ ਦੀ ਨਵੀਂ ਪੀੜੀ ਨੂੰ ਇਹ ਦੱਸਣਾ ਬਹੁਤ ਹੀ ਜ਼ਰੂਰੀ ਹੈ । ਅਸਲ ਵਿੱਚ ਸਾਡੇ ਸਮਾਜ ਨੂੰ ਅੱਜ ਇਹਨਾਂ ਗੱਲਾਂ ਦੀ ਲੋੜ ਜ਼ਿਆਦਾ ਹੈ ਪਹਿਲਾਂ ਨਾਲੋੰ ਵੀ । ਕਿਉਂਕਿ ਇੰਟਰਨੈੱਟ ਅਤੇ ਮੋਬਾਈਲ ਨੇ ਸੱਭਿਆਚਾਰਿਕ ਕਦਰਾਂ ਕੀਮਤਾਂ ਦਾ ਸੱਤਿਆਨਾਸ ਕਰ ਕੇ ਰੱਖ ਦਿੱਤਾ ਹੈ । ਇਹਨਾਂ ਸਾਧਨਾਂ ਦਾ ਰੌਲਾ-ਗੌਲਾ ਏਨਾ ਵੱਧ ਗਿਆ ਹੈ ਕਿ ਬੱਸ ਵਿੱਚ ਸਫ਼ਰ ਕਰਦੇ ਸਮੇਂ ਅਸੀਂ ਲਗਾਤਾਰ ਸ਼ੋਰ ਦਾ ਸ਼ਿਕਾਰ ਹਾਂ । ਸਾਰੀ ਬੱਸ ਦੇ ਮੁਸਾਫ਼ਰਾਂ ਕੋਲ ਫ਼ੋਨ ਹੁੰਦੇ ਹੀ ਹਨ ਅਤੇ ਰਿੰਗਟੋਨਜ਼ ਤੇ ਵਟਸਐਪ ਦੇ ਵੀਡੀਓ ਨੇ ਮਨੁੱਖ ਨੂੰ ਘੇਰ ਕੇ ਰੱਖ ਲਿਆ ਹੈ । ਪਰ ਕੁਝ ਕੁ ਉੱਚੀ ਆਵਾਜ਼ ਵਿੱਚ ਗੱਲਾਂ ਵੀ ਕਰ ਰਹੇ ਹਨ , ਦੇਖਣ ਵਾਲੇ ਨੂੰ ਇਹ ਬਹੁਤ ਅਸੱਭਿਅਕ ਲੱਗਦਾ ਹੈ ਜੋ ਕੰਨਾਂ ਅਤੇ ਦਿਮਾਗ ਦੇ ਲਈ ਗ਼ੈਰ ਜ਼ਿੰਮੇਵਾਰ ਵੀ ਹਨ । ਸਾਡੇ ਵਰਗੀ ਨਵੀਂ ਪੀੜੀ ਜਿਸ ਨੇ ਬੌਲ਼ਦਾਂ ਨਾਲ ਹੱਲ ਵਾਹੁੰਦੇ ਸਿਰਫ਼ ਫਿਲ਼ਮਾਂ ਵਿੱਚ ਹੀ ਦੇਖੇ ਹਨ ਪੁਰਾਣੇ ਅਤੇ ਨਿੱਗਰ ਸੱਭਿਆਚਾਰ ਦੀ ਰੂਹਾਨੀ ਖ਼ੁਰਾਕ ਦਾ ਨਾ ਮਿਲਣਾ ਇੱਕ ਬਹੁਤ ਵੱਡੀ ਤ੍ਰਾਸਦੀ ਕਹੀ ਜਾ ਸਕਦੀ ਹੈ । ਸਾਡੇ ਸਮੇਂ ਤੇ ਟਰੈਕਟਰ ਆ ਗਏ ਸੀ ਅਤੇ ਮੈਂ ਆਪਣੇ ਚਾਚਾ ਜੀ ਨੂੰ ਹਮੇਸ਼ਾ ਮੈਸੀ ਟਰੈਕਟਰ ਚਲਾਉਂਦੇ ਦੇਖਿਆ ਹੈ ਜਿਸਨੂੰ ਉਹ ਕਹਿੰਦੇ ਸੀ ਕਾਰ ਵਰਗਾ ਟਰੈਕਟਰ ਹੈ ।
ਪਹਿਲਾਂ ਗੱਲ ਕਰੀਏ ਧੀ ਘਰਾਣੇ ਦੀ -ਇਹ ਜ਼ੁੰਮੇਵਾਰੀ ਧੀ ਨੂੰ ਦੇਣ ਦੀ ਵਜ੍ਹਾ ਹੈ ਕਿ ਔਰਤ ਸਾਡੇ ਸਮਾਜ ਦਾ ਧੁਰਾ ਹੈ ਅਤੇ ਔਰਤ ਹੋਣ ਦੇ ਨਾਤੇ ਉਹ ਕਈ ਰੋਲ ਅਦਾ ਕਰਦੀ ਹੋਈ ਪਰਿਵਾਰ ਦੀ ਤਾਲੀਮ ਨੂੰ ਘਰ-ਪਰਿਵਾਰ ਤੋਂ ਹਾਸਿਲ ਕਰਕੇ ਕਈ ਪਰਿਵਾਰਾਂ ਵਿੱਚ ਲਾਗੂ ਕਰਨ ਦੇ ਸਮਰੱਥ ਤਾਂ ਹੀ ਹੋ ਸਕਦੀ ਹੈ ਜੇ ਉਸਦਾ ਪਿਛੋਕੜ ਚੰਗੀਆਂ ਕਦਰਾਂ-ਕੀਮਤਾਂ ਨਾਲ ਜੁੜਿਆ ਹੋਵੇਗਾ । ਓਹ ਕਦਰਾਂ ਕੀਮਤਾਂ ਜੋ ਅਸਲ ਰਿਸ਼ਤਿਆਂ ਨੂੰ ਚਲਾਉਣ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ ਜੋ ਕਦੇ ਵੀ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਸਿਖਾਈਆਂ ਜਾ ਸਕਦੀਆਂ । ਪਰ ਦੁੱਖ ਦੀ ਗੱਲ ਹੈ ਕਿ ਪਰਿਵਾਰਾਂ ਦਾ ਛੋਟੇ ਹੋ ਜਾਣਾ ਅਤੇ ਘਰਾਣਿਆਂ ਵਿੱਚੋਂ ਮਿਲਣ ਵਾਲੀਆਂ ਬਿਨਾ ਫ਼ੀਸ ਆਦਤਾਂ ਦਾ ਵਿਕਾਸ ਨਾ ਹੋ ਸਕਣਾ ਵੀ , ਘਰਾਂ ਅਤੇ ਰਿਸ਼ਤਿਆਂ ਨੂੰ ਤਾਰ -ਤਾਰ ਕਰਨ ਦੇ ਰਾਹ ਹੈ । ਬਹੁਤ ਸਾਰੀਆਂ ਕਿਤਾਬਾਂ ਕਰੈਕਟਰ ਤੇ ਕਰਟਿਸੀ ਤੇ ਲਿਖੀਆਂ ਗਈਆਂ ਹਨ ਪਰ ਤ੍ਰਾਸਦੀ ਹੈ ਕਿ ਉਹ ਸਮਾਜ ਦੀ ਪਹੁੰਚ ਤੋਂ ਬਾਹਰ ਹਨ ਅਤੇ ਪੈਸੇ ਦੇ ਕੇ ਖਰੀਦਣਾ ਵੀ ‘ਘੌਲ’ਦਾ ਹਿੱਸਾ ਬਣ ਗਈਆਂ ਹਨ ।ਸਾਡੇ ਪਰਿਵਾਰ ਵੱਲੋਂ ਘੂਰ ਕੇ ਅਤੇ ਪਿਆਰ ਨਾਲ ਸਿਖਾਈਆਂ ਗਈਆਂ ਪੜ੍ਹਤਾਂ ਵੀ ਮੇਰੀ ਮਿੱਠੀ ਜਿਹੀ ਯਾਦ ਬਣ ਗਈਆਂ ਹਨ ਜਿਵੇਂ ਮੇਰੀ ਦਾਦੀ ਨੇ ਕਈ ਵਾਰ ਸਾਨੂੰ ਡਰਾਇਆ ਤੇ ਧਮਕਾਇਆ ਸੀ ਇਹ ਕਹਿ ਕੇ ,” ਦੇਖੀਓ ਕਿਤੇ ਬਾਹਰ ਕੋਈ ਗਲਤੀ ਨਾ ਕਰ ਲਿਓ , ਤੇਰੇ ਦਾਦੇ ਨੇ ਮੇਰੀ ਗੁੱਤ ਪੁੱਟ ਦੇਣੀ ਹੈ, ਧਿਆਨ ਰੱਖਿਓ ਓਹਦੀ ਮੁੱਛ ਨਾ ਨੀਂਵੀ ਕਰਾ ਦਿਓ ।” ਘਰਾਣੇ ਦਾ ਇਹ ਸਬਕ ਓਦੋਂ ਤਾਂ ਬਹੁਤ ਡਰਾਉਂਦਾ ਸੀ ਪਰ ਅੱਜ ਲੱਗਦਾ ਹੈ ਪੜਿਆ ਹੋਇਆ ਪਾਠ ਬਹੁਤ ਰਾਸ ਆਇਆ ਹੈ । ਇਸੇ ਪਾਠ ਕਰਕੇ ਦਾਦੀ ਨੂੰ ਯਾਦ ਕਰਕੇ ਹਾਸਾ ਵੀ ਬਹੁਤ ਆਉਂਦਾ ਹੈ ਜਦੋਂ ਅਸੀਂ ਏ. ਐੱਸ .ਕਾਲਜ ਸਮਰਾਲਾ ਰੋਡ ਖੰਨਾ ਵਿਖੇ ਪੈਰ ਰੱਖਿਆ ਸੀ ਜਿਹੜਾ ਕਿ ਕੋ-ਐੱਡ ਕਾਲਜ ਸੀ ਦਾਦੀ ਪੂਰੀ ਪੜਾਈ ਦੌਰਾਨ ਸਦਾ ਹੀ ਕਹਿੰਦੇ ਰਹਿੰਦੇ ਸੀ ,” ਬੀਬੀ ! ਆਹ ਬੰਨ੍ਹੇ ਤੇਰੇ ਮੂਹਰੇ ਡੂਢ ਹੱਥ !” ਮੇਰੇ ਪੁੱਤ ਨੂੰ ਮਿਹਣਾ ਨਾ ਦਵਾ ਦਿਓ !” ਮੇਰੇ ਦਾਦੀ ਜੀ ਦੇ ਸੱਚਮੁੱਚ ਦੇ ਬੰਨ੍ਹੇ ਡੂਢ ਹੱਥ ਅੱਜ ਵੀ ਦਿਖਾਈ ਦਿੰਦੇ ਹਨ । ਡੂਢ ਹੱਥ -ਇੱਕ ਹੱਥ ਪੂਰੇ ਦੇ ਨਾਲ ਅੱਧਾ ਹੱਥ ਹੀ ਜੋੜਿਆ ਜਾਂਦਾ ਸੀ ਮੇਰੀ ਸੋਹਣੀ ਦਾਦੀ ਦਾ ਇੱਕ ਪੋਤੀ ਨੂੰ ਦਾਦੇ ਦੀ ਪੱਗ ਦਾ ਵਾਸਤਾ ਤੇ ਡਰਾਵਾ ਹਰ ਰੋਜ਼ ਕਾਲਜ ਨੂੰ ਨਾਲ ਜਾਂਦਾ ਸੀ ਅਤੇ ਸਵੇਰੇ ਓਹੀ ਇੱਕ ਮਿੰਟ ਦੀ ਕਲਾਸ ਦਾਦੀ ਦੇ ਨਾਲ ਚਾਹ ਪੀਂਦੇ ਪੀਂਦੇ ਲੱਗਦੀ ਸੀ । ਇਹ ਕਲਾਸਾਂ ਬਹੁਤ ਰੌਚਕ ਹੁੰਦੀਆਂ ਸੀ ਅਤੇ ਹਨ ।
ਅੱਜ ਵੀ ਇਸ ਆਰਟੀਕਲ ਨੂੰ ਪੜ੍ਹਨ ਵਾਲੇ ਮੇਰੀ ਕਲਾਸ ਦੀਆਂ ਕੁੜੀਆਂ ਤਾਂ ਕੀ ਮੁੰਡੇ ਵੀ ਚੰਗੀ ਤਰ੍ਹਾਂ ਜਾਣਦੇ ਹਨ । ਕਲਾਸ ਵਿੱਚ ਵੀ ਮੇਰਾ ਨਾਂ ਮੁੰਡਿਆਂ ਨੇ ਅਮਰੀਸ਼ ਪੁਰੀ ਰੱਖਿਆ ਹੋਇਆ ਸੀ ਕਿਉਂਕਿ ਦਾਦੀ ਦੀ ਪੱਕੀ ਕੀਤੀ ਹੋਈ ਜੋ ਸੀ ਕਿ ਬਹੁਤਾ “ਹਿੜ -ਹਿੜ “ ਨਹੀਂ ਕਰਨਾ ਬਾਹਰ ਅਤੇ ਨੀਂਵੀਂ ਪਾ ਕੇ ਲੰਘਣਾ ਆਦਿ ਆਦਿ ! ਨਾਲ ਹੀ ਇੱਕ ਅਖੌਤ ਵੀ ਅਕਸਰ ਕਹਿ ਦਿੰਦੇ ਸੀ :-
“ਬਹੁਤਾ ਹੱਸਣੀ ਧੀ ਗਈ, ਕੌਲੇ ਫਿਰਨੀ ਨੂੰਹ ਗਈ “
ਭਾਵ ਇਸ ਤਰ੍ਹਾਂ ਕਰਨ ਵਾਲੀਆਂ ਧੀਆਂ ਪਰਿਵਾਰ ਦੀ ਅਕਲ ਤੋਂ ਪਛੜ ਗਈਆਂ ਸਮਝੀਆਂ ਜਾਂਦੀਆਂ ਸਨ ।
ਮੁੰਡੇ ਵੀ ਵਿਚਾਰੇ ਡਰਦੇ ਹੁੰਦੇ ਸੀ ਘਰਾਣੇ ਦੀਆਂ ਕੁੜੀਆਂ ਤੋਂ । ਇੱਕ ਬੋਲੀ ਵੀ ਯਾਦ ਆ ਜਾਂਦੀ ਹੈ ਇਸ ਗੱਲ ਤੇ ਮਾਣ ਕਰਦੀ ਹਾਂ ਅਤੇ ਸਹੀ ਵੀ ਲੱਗਦੀ ਹੈ ਵਿਸ਼ੇ ਦੇ ਮੁਤਾਬਕ । ਇਹ ਬੋਲੀ ਮੈਂ ਆਪਣੀ ਦਾਦੀ ਲਈ ਲਿਖਣੀ ਹੈ ਅੱਜ……………!
ਪਾਸੇ ਹੱਟ ਜਾ ਸੋਹਣਿਆਂ ਮੈਂ ਪੰਜਾਬਣ ਜੱਟੀ ਆਈ !
ਰੋਅਬ ਇਹ ਹੁੰਦਾ ਸੀ ਪਰਿਵਾਰ ਵਿੱਚ ਚੰਡੀ ਹੋਈ ਧੀ ਦਾ । ਕਹਿਣ ਦਾ ਭਾਵ ਕਿ ਘਰਾਣੇ ਦੀ ਟ੍ਰੇਂਡ ਕੀਤੀ ਧੀ ਮਾਰ ਨਹੀਂ ਖਾਂਦੀ ਸੀ ਕਿਸੇ ਕੰਮ ਵਿੱਚ , ਸਹੁਰਿਆਂ ਦੇ ਘਰ । ਠੀਕ ਇਸੇ ਤਰ੍ਹਾਂ ‘ਲਾਣੇ ਦੇ ਬੌਲਦ’ ਦੀ ਵਿੱਚ ਵੀ ਖ਼ਾਸ ਗੱਲ ਅਤੇ ਉਸਦੀ ਬੁੱਕਤ ਵੀ ਖ਼ਾਸ ਹੁੰਦੀ ਸੀ । ਥੱਕਿਆ ਹੋਇਆ ਵੀ ਕੰਮ ਦਾ ਸਿਰਾ ਲਾ ਦਿੰਦਾ ਸੀ । ਖ਼ੁਰਾਕ ਦਾ ਪੂਰਾ ਮੁੱਲ ਤਾਰ ਦਿੰਦਾ ਸੀ ਲਾਣੇ ਦਾ ਬੌਲਦ । ਮਜਾਲ ਕੇ ਵਿੰਗਾ ਟੇਢਾ ਹੋ ਜਾਵੇ । ਤੋਰ ਵੀ ਸਿੱਧੀ ਤੁਰਦਾ ਸੀ । ਓਹਨਾ ਦਿਨਾਂ ਵਿੱਚ ਜ਼ਿਆਦਾਤਰ ਖੇਤੀ ਬੌਲ਼ਦਾਂ ਤੇ ਊਠਾਂ ਦੇ ਸਿਰ ਤੇ ਹੁੰਦੀ ਸੀ । ਕਹਿੰਦੇ ਹਨ ਕਿ ਇੱਕ-ਇੱਕ ਊਠ ਚਾਰ ਬੰਦਿਆਂ ਦਾ ਕੰਮ ਕਰ ਜਾਂਦਾ ਸੀ । ਇਹਨਾਂ ਜਾਨਵਰਾਂ ਦਾ ਮਨੁੱਖ ਨਾਲ ਗਹਿਰਾ ਰਿਸ਼ਤਾ ਰਿਹਾ ਹੈ ਪੁਰਾਣੇ ਸਮਿਆਂ ਵਿੱਚ । ਖੇਤੀ ਦਾ ਮਸ਼ੀਨੀਕਰਨ ਹੋਣ ਕਰਕੇ ਖੇਤੀ ਦੇ ਧੰਦਿਆਂ ਵਿੱਚੋਂ ਇਹਨਾਂ ‘ਸੂਰਮੇ’ ਜਾਨਵਰਾਂ ਦਾ ਅਲੋਪ ਹੋ ਜਾਣਾ ਕੁਦਰਤ ਦੀ ਤੌਹੀਨ ਹੋਣਾ ਹੈ । ਪਿੰਡ ਦੀ ਸਵੇਰ ਬਲਦਾਂ ਦੀਆਂ ਟੱਲੀਆਂ ਵਾਲੀ ਸਵੇਰ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ । ਇਹ ਗੱਲਾਂ ਜੋ ਵੀ ਮੈ ਸੁਣੀਆਂ ਹਨ ਸਾਂਝੇ ਪਰਿਵਾਰ ਵਿੱਚ ਰਹਿ ਕੇ , ਮੇਰੀ ਅੱਜ ਜੋ ਵੀ ਸਖਸ਼ੀਅਤ ਹੈ ਉਸ ਨੂੰ ਨਿਖਾਰਨ ਵਿੱਚ ਬੇਹੱਦ ਸਾਰਥਕ ਹਨ । ਭਾਂਵੇ ਮੇਰੀ ਮੰਮੀ ਜੀ, ਦਾਦੀ ਜੀ ਅਤੇ ਪੜਦਾਦੀ ਅੱਜ ਨਹੀਂ ਹਨ , ਪਰ ਓਹਨਾ ਦੇ ਪੜਾਏ ਪਾਠ ਮੇਰਾ ‘ਅਹਿਮ’ ਦੱਸਦੇ ਹਨ ਅਤੇ ਉਹਨਾਂ ਦਾ ਅਹਿਮ ਉਹਨੂੰ ਨੂੰ ਉਹਨਾਂ ਦੇ ਵੱਡਿਆਂ ਤੋਂ ਮਿਲਿਆ ਹੋਇਆ ਇਹ ਸਾਬਤ ਕਰਦਾ ਹੈ ਕਿ ਕਿੰਨੇ ਨਿੱਗਰ ਲਫ਼ਜ ਹਨ ‘ ਘਰਾਣਾ’ ਅਤੇ ‘ਲਾਣਾ’ ….!
ਮਨਦੀਪ ਕੌਰ ਭੰਡਾਲ
ਲੰਡਨ ਤੋਂ

Leave a Reply

Your email address will not be published. Required fields are marked *