ਭਾਰਤ ’ਚ ਕਰੋਨਾ ਨਾਲ ਮੌਤਾਂ ਦੀ ਗਿਣਤੀ 75 ਹੋਈ

ਨਵੀਂ ਦਿੱਲੀ : ਭਾਰਤ ਵਿਚ ਕਰੋਨਾਵਾਇਰਸ ਨਾਲ ਜੁੜੀਆਂ ਮੌਤਾਂ ਦਾ ਅੰਕੜਾ ਸੈਂਕੜੇ ਵੱਲ ਵੱਧ ਰਿਹਾ ਹੈ। ਇਸ ਦੇ ਨਾਲ ਹੀ ਨਵੇਂ ਮਾਮਲਿਆਂ ਦੀ ਗਿਣਤੀ ਵੀ ਕਾਫ਼ੀ ਹੱਦ ਤੱਕ ਵਧੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੋਵਿਡ-19 ਟੈਸਟ ’ਚ ਪਾਜ਼ੇਟਿਵ ਪਾਏ ਗਏ ਵਿਅਕਤੀਆਂ ਦੀ ਗਿਣਤੀ 3072 ਹੈ। ਪਿਛਲੇ 24 ਘੰਟਿਆਂ ਵਿਚ ਹੀ 601 ਕੇਸ ਸਾਹਮਣੇ ਆਏ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ 13 ਮੌਤਾਂ ਹੋਰ ਹੋਈਆਂ ਹਨ ਤੇ ਮੁਲਕ ਵਿਚ ਮ੍ਰਿਤਕਾਂ ਦੀ ਗਿਣਤੀ 75 ਹੋ ਗਈ ਹੈ। ਜਦਕਿ ਸੂਬਿਆਂ ਵੱਲੋਂ ਜਾਰੀ ਸੂਚੀ ਮੁਤਾਬਕ ਸ਼ਨਿਚਰਵਾਰ ਬਾਅਦ ਦੁਪਹਿਰ ਤੱਕ ਮੁਲਕ ਭਰ ਵਿਚ 96 ਮੌਤਾਂ ਹੋ ਚੁੱਕੀਆਂ ਹਨ ਤੇ ਕੇਸਾਂ ਦੀ ਗਿਣਤੀ 3,488 ਹੈ। ਇਨ੍ਹਾਂ ਵਿਚੋਂ 58 ਜਣੇ ਕੇਰਲਾ, ਦਿੱਲੀ ਤੇ ਮੱਧ ਪ੍ਰਦੇਸ਼ ਵਿਚ ਗੰਭੀਰ ਹਾਲਤ ਵਿਚ ਹਨ। ਹੁਣ ਤੱਕ 212 ਜਣੇ ਤੰਦਰੁਸਤ ਵੀ ਹੋ ਚੁੱਕੇ ਹਨ ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਾਲਾਂਕਿ ਕੇਂਦਰ ਦਾ ਕਹਿਣਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਭਾਰਤ ਵਿਚ ਕੋਵਿਡ-19 ਦੇ ਫੈਲਣ ਦੀ ਦਰ ਹੋਰਨਾਂ ਮੁਲਕਾਂ ਦੇ ਮੁਕਾਬਲੇ ਘੱਟ ਹੈ। 30 ਫ਼ੀਸਦ ਕੇਸ ਜਿਨ੍ਹਾਂ ਦੀ ਪਾਜ਼ੇਟਿਵ ਵਜੋਂ ਪੁਸ਼ਟੀ ਹੋ ਚੁੱਕੀ ਹੈ, ‘ਇਕੋ ਥਾਂ’ ਨਾਲ ਜੁੜੇ ਹੋਏ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਟੈਸਟਿੰਗ ਸਮਰੱਥਾ ਵਿਚ ਕਾਫ਼ੀ ਵਾਧਾ ਕੀਤਾ ਗਿਆ ਹੈ ਤੇ ਰੋਜ਼ਾਨਾ 10,000 ਤੋਂ ਵੀ ਵੱਧ ਟੈਸਟ ਕੀਤੇ ਜਾ ਰਹੇ ਹਨ। ਮੰਤਰਾਲੇ ਨੇ ‘ਲੌਕਡਾਊਨ’ ਦੀ ਪਾਲਣਾ ਯਕੀਨੀ ਬਣਾਉਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਜਿਹੇ ਨੁਕਤਿਆਂ ’ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਨਿੱਜੀ ਤੇ ਆਲੇ-ਦੁਆਲੇ ਦੀ ਸਫ਼ਾਈ ਯਕੀਨੀ ਬਣਾਉਣ ਦਾ ਸੁਝਾਅ ਵੀ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਤਬਲੀਗੀ ਜਮਾਤ ਨਾਲ ਜੁੜੇ 1,023 ਕੇਸ ਹੁਣ ਤੱਕ ਸਾਹਮਣੇ ਆਏ ਹਨ, ਪਰ ਵੱਖ-ਵੱਖ ਥਾਵਾਂ ਦੀ ਅਥਾਰਿਟੀ ਵੱਲੋਂ ਇਸ ਧਾਰਮਿਕ ਇਕੱਠ ਨਾਲ ਜੁੜੇ ਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਕਰੀਬ 22,000 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਭੇਜਿਆ ਗਿਆ ਹੈ। ਤਬਲੀਗ ਨਾਲ ਜੁੜੇ ਕੇਸ 17 ਸੂਬਿਆਂ ਤੱਕ ਫੈਲੇ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਜਾਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਇਕੋ ਥਾਂ ਨਾਲ ਜੁੜੇ ਮਾਮਲਿਆਂ ਨਾਲ ਪੂਰੀ ਤਾਕਤ ਨਾਲ ਨਜਿੱਠਿਆ ਜਾ ਰਿਹਾ ਹੈ। ਸਿਹਤ ਮੰਤਰਾਲੇ ਤੇ ਅਧਿਕਾਰੀਆਂ ਨੇ ਜਿਹੜੇ ਅੰਕੜੇ ਸਾਂਝੇ ਕੀਤੇ ਹਨ, ਉਨ੍ਹਾਂ ਮੁਤਾਬਕ ਹਰ 25 ਵਿਅਕਤੀਆਂ ਪਿੱਛੇ ਇਕ ਪਾਜ਼ੇਟਿਵ ਪਾਇਆ ਜਾ ਰਿਹਾ ਹੈ। ਇਹ ਅੰਕੜੇ ਉਨ੍ਹਾਂ ਦੇ ਹਨ ਜਿਨ੍ਹਾਂ ਦਾ ਕੋਵਿਡ-19 ਦੇ ਲੱਛਣਾਂ ਲਈ ਟੈਸਟ ਕੀਤਾ ਜਾ ਰਿਹਾ ਹੈ। ਹਾਲਾਂਕਿ ਪਾਜ਼ੇਵਿਟ ਪਾਏ ਜਾਣ ਵਾਲਿਆਂ ’ਚੋਂ ਜੇ ਮ੍ਰਿਤਕਾਂ ਦੀ ਗਿਣਤੀ ਦੇਖੀ ਜਾਵੇ ਤਾਂ ਇਹ ਦਰ 30 ਜਣਿਆਂ ਪਿੱਛੇ ਇਕ ਤੋਂ ਵੀ ਘੱਟ ਹੈ। ਹਾਲੇ ਤੱਕ ਕਰੀਬ 75,000 ਟੈਸਟ ਕੀਤੇ ਗਏ ਹਨ। ਇਸ ਵੇਲੇ 100 ਸਰਕਾਰੀ ਲੈਬ ਕੰਮ ਕਰ ਰਹੇ ਹਨ ਜਦਕਿ ਪ੍ਰਾਈਵੇਟ ਲੈਬ ਵੀ ਜੋੜੇ ਜਾ ਰਹੇ ਹਨ। ਸਿਹਤ ਸਕੱਤਰ ਨੇ ਦੱਸਿਆ ਕਿ 42 ਫ਼ੀਸਦ ਪੀੜਤ 21-40 ਸਾਲ ਦੇ ਹਨ, 33 ਫ਼ੀਸਦ 41-60 ਸਾਲ, 17 ਫ਼ੀਸਦ 60 ਸਾਲ ਤੋਂ ਵੱਧ ਦੇ ਅਤੇ ਨੌਂ ਫ਼ੀਸਦ 0-20 ਸਾਲ ਉਮਰ ਵਰਗ ਦੇ ਹਨ। ਬਜ਼ੁਰਗਾਂ ਤੇ ਕਿਸੇ ਹੋਰ ਬੀਮਾਰੀ ਨਾਲ ਪੀੜਤਾਂ ਲਈ ਖ਼ਤਰਾ ਵੱਧ ਹੈ। ਦਿੱਲੀ ਵਿਚ ਛੇ ਵਿਚੋਂ ਪੰਜ ਮ੍ਰਿਤਕ 60 ਸਾਲ ਤੋਂ ਉੱਪਰ ਦੇ ਸਨ। ਅਧਿਕਾਰੀਆਂ ਨੇ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ ਸੱਦੇ ਤਹਿਤ ਦੀਵੇ ਬਾਲਣ ਵੇਲੇ ਅਲਕੋਹਲ ਵਾਲੇ ਸੈਨੇਟਾਈਜ਼ਰ ਦੀ ਵਰਤੋਂ ਨਾ ਕੀਤੀ ਜਾਵੇ।

ਕੋਵਿਡ-19 ਹਸਪਤਾਲ ਵਜੋਂ ਵਰਤਿਆ ਜਾਵੇਗਾ ਜੇਪੀ ਨਾਰਾਇਣ ਹਸਪਤਾਲ

ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਚਲਾਏ ਜਾਂਦੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਨੂੰ ਵਿਸ਼ੇਸ਼ ਤੌਰ ’ਤੇ ਕੋਵਿਡ-19 ਹਸਪਤਾਲ ਵਜੋਂ ਵਰਤਿਆ ਜਾਵੇਗਾ। ਵਰਧਨ ਨੇ ਅੱਜ ਹਸਪਤਾਲ ਦਾ ਦੌਰਾ ਕਰ ਕੇ ਤਿਆਰੀਆਂ ਦਾ ਜਾਇਜ਼ਾ ਲਿਆ। ਮੰਤਰੀ ਨੇ ਕਿਹਾ ਕਿ ਵੱਖਰੇ ਬਿਸਤਰਿਆਂ ਦੀ ਲੋੜ ਵਧਦੀ ਜਾ ਰਹੀ ਹੈ ਤੇ ਇਸ ਹਸਪਤਾਲ ਨੂੰ ਹੁਣ ਖ਼ਾਸ ਮੰਤਵ ਲਈ ਵਰਤਿਆ ਜਾਵੇਗਾ। ਇੱਥੇ ਲੋੜੀਂਦੇ ਆਈਸੋਲੇਸ਼ਨ ਵਾਰਡ ਤੇ ਬੈੱਡ ਮੌਜੂਦ ਹਨ। ਸਰਕਾਰ ਨੇ ਇਸ ਹਸਪਤਾਲ ਵਿਚ 1,500 ਬਿਸਤਰਿਆਂ ਤੇ ਜੀਬੀ ਪੰਤ ਹਸਪਤਾਲ ਵਿਚ 500 ਬਿਸਤਰਿਆਂ ਦੀ ਸ਼ਨਾਖਤ ਕੀਤੀ ਹੈ।

ਜੰਮੂ ਕਸ਼ਮੀਰ ਵਿੱਚ 17 ਹੋਰ ਵਿਅਕਤੀਆਂ ਦੇ ਟੈਸਟ ਪਾਜ਼ੇਟਿਵ

ਸ੍ਰੀਨਗਰ: ਅੱਜ 17 ਹੋਰ ਵਿਅਕਤੀਆਂ ਦੇ ਟੈਸਟ ਪਾਜ਼ੇਟਿਵ ਆਉਣ ਨਾਲ ਜੰਮੂ ਕਸ਼ਮੀਰ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 92 ਹੋ ਗਈ ਹੈ। ਇਨ੍ਹਾਂ ਸੱਜਰੇ ਮਾਮਲਿਆਂ ਵਿੱਚੋਂ 14 ਕੇਸ ਕਸ਼ਮੀਰ ਤੋਂ ਹਨ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਾਹਮਣੇ ਆਏ ਕਰੋਨਾਵਾਇਰਸ ਦੇ ਕੁੱਲ ਕੇਸਾਂ ਵਿੱਚ ਚਾਰ ਉਹ ਮਰੀਜ਼ ਹਨ ਜੋ ਠੀਕ ਹੋ ਚੁੱਕੇ ਹਨ ਅਤੇ ਦੋ ਦੀ ਕਸ਼ਮੀਰ ’ਚ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਅੱਜ 14 ਸੱਜਰੇ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਕਰੋਨਾਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ 92 ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਤਿੰਨ ਹੋਰ ਪਾਜ਼ੇਟਿਵ ਕੇਸ ਨਰਸੂ, ਊਧਮਪੁਰ ’ਚ ਸਾਹਮਣੇ ਆਏ। ਇਹ ਸਾਰੇ ਵਿਦੇਸ਼ ਤੋਂ ਪਰਤੇ ਊਧਮਪੁਰ ਦੇ ਹੀ ਇਕ ਵਿਅਕਤੀ ਦੇ ਸੰਪਰਕ ਵਾਲੇ ਸਨ, ਜੋ ਕਰੋਨਾਵਾਇਰਸ ਤੋਂ ਪੀੜਤ ਸੀ।

ਕੇਸ ਵਧਣ ਦੀ ਦਰ ਫ਼ਿਲਹਾਲ ਘੱਟ, ਪਰ ਸਾਹਮਣਾ ਮਹਾਮਾਰੀ ਨਾਲ: ਸਕੱਤਰ

ਮਹਾਰਾਸ਼ਟਰ ਵਿਚ ਕੇਸਾਂ ਦੀ ਗਿਣਤੀ ਸਭ ਤੋਂ ਵੱਧ ਤੇਜ਼ੀ ਨਾਲ ਵਧੀ ਹੈ ਤੇ ਅੰਕੜਾ 537 ਹੋ ਗਿਆ ਹੈ। ਜਦਕਿ ਰਾਜਸਥਾਨ, ਅਸਾਮ, ਉੜੀਸਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਗੁਜਰਾਤ ਵਿਚ ਵੀ ਕਾਫ਼ੀ ਕੇਸ ਸਾਹਮਣੇ ਆਏ ਹਨ। ਯੂਪੀ ਵਿਚ ਇਕੱਲੇ 94 ਕੇਸ ਤਬਲੀਗੀ ਜਮਾਤ ਨਾਲ ਹੀ ਸਬੰਧਤ ਹਨ। ਸਿਹਤ ਸਕੱਤਰ ਮੁਤਾਬਕ ਕੇਸਾਂ ਦੇ ਦੁੱਗਣੇ ਹੋਣ ਦੀ ਦਰ ਅਜੇ ਕਾਫ਼ੀ ਘੱਟ ਹੈ ਪਰ ਇਸ ਗੱਲ ਨੂੰ ਦਿਮਾਗ ਵਿਚ ਰੱਖਣ ਦੀ ਲੋੜ ਹੈ ਕਿ ਅਸੀਂ ਮਹਾਮਾਰੀ ਨਾਲ ਨਜਿੱਠ ਰਹੇ ਹਾਂ ਤੇ ਰੋਜ਼ ਇਕ ਨਵੀਂ ਲੜਾਈ ਹੈ, ਜੇ ਅੱਜ ਸਫ਼ਲ ਹਾਂ ਤਾਂ ਕੱਲ ਸਥਿਤੀ ਹੋਰ ਹੋ ਸਕਦੀ ਹੈ।

ਆਯੂਸ਼ਮਾਨ ਭਾਰਤ ਦੇ ਲਾਭਪਾਤਰੀਆਂ ਦਾ ਪ੍ਰਾਈਵੇਟ ਹਸਪਤਾਲਾਂ ’ਚ ਮੁਫ਼ਤ ਇਲਾਜ ਹੋਵੇਗਾ

ਨਵੀਂ ਦਿੱਲੀ: ਕੌਮੀ ਸਿਹਤ ਅਥਾਰਿਟੀ ਨੇ ਅੱਜ ਕਿਹਾ ਹੈ ਕਿ ਆਯੂਸ਼ਮਾਨ ਭਾਰਤ ਦੇ ਲਾਭਪਾਤਰੀਆਂ ਦਾ ਨਿੱਜੀ ਲੈਬੋਰੇਟਰੀਆਂ ’ਚ ਟੈਸਟ ਅਤੇ ਪੈਨਲ ’ਤੇ ਰੱਖੇ ਗਏ ਹਸਪਤਾਲਾਂ ’ਚ ਇਲਾਜ ਮੁਫ਼ਤ ’ਚ ਹੋਵੇਗਾ। ਕੌਮੀ ਸਿਹਤ ਬੀਮਾ ਯੋਜਨਾ ਲਾਗੂ ਕਰਨ ਵਾਲੀ ਅਥਾਰਿਟੀ ਨੇ ਕਿਹਾ ਕਿ ਇਸ ਰਾਹੀਂ ਕਰੋਨਾਵਾਇਰਸ ਨਾਲ ਸਿੱਝਣ ’ਚ ਮੁਲਕ ਦੇ ਲੋਕਾਂ ਨੂੰ ਤਾਕਤ ਮਿਲੇਗੀ। ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰੀ ਹਸਪਤਾਲਾਂ ’ਚ ਕੋਵਿਡ-19 ਦਾ ਟੈਸਟ ਅਤੇ ਇਲਾਜ ਪਹਿਲਾਂ ਤੋਂ ਹੀ ਮੁਫ਼ਤ ’ਚ ਕੀਤਾ ਜਾ ਰਿਹਾ ਹੈ। ਹੁਣ ਸਿਹਤ ਬੀਮਾ ਯੋਜਨਾ ਤਹਿਤ ਯੋਗ 50 ਕਰੋੜ ਤੋਂ ਵਧ ਨਾਗਰਿਕ ਵੀ ਪ੍ਰਾਈਵੇਟ ਲੈਬੋਰੇਟਰੀਆਂ ’ਚ ਟੈਸਟ ਅਤੇ ਪੈਨਲ ’ਤੇ ਰੱਖੇ ਗਏ ਨਿੱਜੀ ਹਸਪਤਾਲਾਂ ’ਚ ਇਲਾਜ ਮੁਫ਼ਤ ਕਰਵਾ ਸਕਦੇ ਹਨ। ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤਹਿਤ ਕਵਰ ਕੀਤਾ ਜਾਵੇਗਾ। ਕੋਵਿਡ-19 ਟੈਸਟ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਦੇ ਨੇਮਾਂ ’ਤੇ ਆਧਾਰਿਤ ਹੋਣਗੇ ਅਤੇ ਜਿਹੜੀਆਂ ਪ੍ਰਾਈਵੇਟ ਲੈਬੋਰਟਰੀਆਂ ਉਸ ਨਾਲ ਰਜਿਸਟਰਡ ਹੋਣਗੀਆਂ, ਉਹ ਹੀ ਇਹ ਟੈਸਟ ਕਰ ਸਕਣਗੀਆਂ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਕੋਵਿਡ-19 ਖ਼ਿਲਾਫ਼ ਜੰਗ ’ਚ ਪ੍ਰਾਈਵੇਟ ਸੈਕਟਰ ਦੀ ਵੀ ਅਹਿਮ ਭਾਈਵਾਲ ਵਜੋਂ ਸਰਗਰਮੀ ਨਾਲ ਸ਼ਮੂਲੀਅਤ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਟੈਸਟ ਅਤੇ ਇਲਾਜ ਦੀ ਉਪਲੱਬਧਤਾ ਨਾਲ ਗਰੀਬਾਂ ’ਤੇ ਬਿਮਾਰੀ ਕਾਰਨ ਪੈਣ ਵਾਲੇ ਮਾੜੇ ਅਸਰ ਨੂੰ ਘਟਾਇਆ ਜਾ ਸਕੇਗਾ। ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਕਰੋਨਾਵਾਇਰਸ ਦੇ ਟੈਸਟ ਵਧਾਉਣ ਅਤੇ ਇਲਾਜ ਕਰਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਆਈਸੀਐੱਮਆਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੈਬੋਰਟਰੀ ਟੈਸਟ ਤਾਂ ਹੀ ਕੀਤੇ ਜਾਣਗੇ ਜਦੋਂ ਕਿਸੇ ਯੋਗ ਡਾਕਟਰ ਵੱਲੋਂ ਕੋਵਿਡ-19 ਦੇ ਟੈਸਟ ਕਰਵਾਉਣ ਲਈ ਕਿਹਾ ਜਾਵੇਗਾ।

ਮੋਦੀ ਤੇ ਟਰੰਪ ਵੱਲੋਂ ਕੋਵਿਡ-19 ਬਾਰੇ ਚਰਚਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਰੋਨਾਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਸਬੰਧੀ ਚਰਚਾ ਕਰਨ ਲਈ ਟੈਲੀਫੋਨ ’ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਆਗੂਆਂ ਨੇ ਇਸ ਮਹਾਮਾਰੀ ਦੇ ਟਾਕਰੇ ਲਈ ਭਾਰਤ ਤੇ ਅਮਰੀਕਾ ਭਾਈਵਾਲ ਦੀ ਪੂਰੀ ਤਾਕਤ ਝੋਕ ਦੇਣ ਦੀ ਸਹਿਮਤੀ ਜਤਾਈ। ਦੋਵੇਂ ਆਗੂਆਂ ਵੱਲੋਂ ਟੈਲੀਫੋਨ ’ਤੇ ਲੰਬੀ ਚਰਚਾ ਕੀਤੀ ਗਈ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਸਾਡੇ ਵਿਚਾਲੇ ਚੰਗੀ ਚਰਚਾ ਹੋਈ ਅਤੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਭਾਰਤ-ਅਮਰੀਕਾ ਭਾਈਵਾਲ ਦੀ ਪੂਰੀ ਤਾਕਤ ਝੋਕਣ ਬਾਰੇ ਸਹਿਮਤੀ ਜਤਾਈ ਗਈ।’’ ਇਹ ਗੱਲਬਾਤ ਉਦੋਂ ਹੋਈ ਹੈ ਜਦੋਂ ਦੋਵੇਂ ਦੇਸ਼ ਕਰੋਨਵਾਇਰਸ ਮਹਾਮਾਰੀ ਦੀ ਲਪੇਟ ਵਿੱਚ ਹਨ। ਅਮਰੀਕਾ ਵਿੱਚ ਹੁਣ ਤੱਕ ਕਰੋਨਾਵਾਇਰਸ ਦੇ 2,78,458 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਸ ਨਾਲ 7100 ਮੌਤਾਂ ਹੋ ਚੁੱਕੀਆਂ ਹਨ ਜਦੋਂਕਿ ਭਾਰਤ ਵਿੱਚ ਹੁਣ ਤੱਕ ਕਰੋਨਾਵਾਇਰਸ ਦੇ 3072 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਨਾਲ 75 ਮੌਤਾਂ ਹੋ ਚੁੱਕੀਆਂ ਹਨ।

Leave a Reply

Your email address will not be published. Required fields are marked *