ਫਲੌਇਡ ਦੀ ਬਰਸੀ ਨੂੰ ‘ਫੈਸਟੀਵਲ’ ਵਜੋਂ ਮਨਾਏਗਾ ਅਮਰੀਕਾ

ਮਿਨੀਪੋਲਿਸ: ਪਿਛਲੇ ਸਾਲ ਅਮਰੀਕਾ ਵਿਚ ਸਿਆਹਫਾਮ ਜੌਰਜ ਫਲੌਇਡ ਨੇ ਜਿਸ ਥਾਂ ਆਖ਼ਰੀ ਸਾਹ ਲਏ ਸਨ, ਪਹਿਲੀ ਬਰਸੀ ਮੌਕੇ ਉਸ ਥਾਂ ’ਤੇ ਖੁੱਲ੍ਹੇ ਵਿਚ ਇਕ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾਣਗੇ, ਬੱਚਿਆਂ ਦੇ ਮਨੋਰੰਜਨ ਲਈ ਕਈ ਗਤੀਵਿਧੀਆਂ ਹੋਣਗੀਆਂ ਤੇ ਕਲਾਕਾਰ ਪੇਸ਼ਕਾਰੀ ਦੇਣਗੇ। ਰੈਪਰ ਨੂਰ-ਡੀ ਨੇ ਟਵੀਟ ਕੀਤਾ ਕਿ ‘ਅਸੀਂ ਅਨਿਆਂ ਅੱਗੇ 365 ਦਿਨਾਂ ਦੀ ਮਜ਼ਬੂਤੀ ਨੂੰ ਮਨਾਵਾਂਗੇ।’ ਜ਼ਿਕਰਯੋਗ ਹੈ ਕਿ 46 ਸਾਲਾ ਫਲੌਇਡ ਦੀ ਗਰਦਨ ’ਤੇ ਉਸ ਵੇਲੇ ਪੁਲੀਸ ਅਧਿਕਾਰੀ ਡੈਰੇਕ ਚੌਵਿਨ ਨੇ ਆਪਣਾ ਗੋਡਾ ਰੱਖ ਦਿੱਤਾ ਸੀ ਤੇ ਕਈ ਮਿੰਟ ਇਸੇ ਤਰ੍ਹਾਂ ਉਹ ਬੈਠਾ ਰਿਹਾ। ਚੌਵਿਨ ਜੋ ਕਿ ਗੋਰਾ ਹੈ, ਨੂੰ ਪਿਛਲੇ ਮਹੀਨੇ ਹੱਤਿਆ ਦੇ ਕੇਸ ’ਚ ਦੋਸ਼ੀ ਠਹਿਰਾਇਆ ਗਿਆ ਹੈ। ਤਿੰਨ ਹੋਰ ਅਧਿਕਾਰੀਆਂ ਵਿਰੁੱਧ ਸੁਣਵਾਈ ਚੱਲ ਰਹੀ ਹੈ। ਫਲੌਇਡ ਦੀ ਮੌਤ ਵਾਲੀ ਥਾਂ ਕਾਰਕੁਨਾਂ ਨੇ ਘਟਨਾ ਤੋਂ ਬਾਅਦ ਕਬਜ਼ੇ ਵਿਚ ਲੈ ਲਈ ਸੀ। ‘ਰਾਈਜ਼ ਐਂਡ ਰਿਮੈਂਬਰ ਜੌਰਜ ਫਲੌਇਡ’ ਦੇ ਸਿਰਲੇਖ ਹੇਠ ਮਨਾਏ ਜਾਣ ਵਾਲੇ ਫੈਸਟੀਵਲ ਦੌਰਾਨ ਕਈ ਮਾਰਚ ਹੋਣਗੇ ਤੇ ਉਸ ਦੀ ਮੌਤ ਬਾਰੇ ਕਈ ਪੈਨਲ ਵਿਚਾਰ-ਚਰਚਾ ਕਰਨਗੇ। ਫਲੌਇਡ ਦੇ ਪਰਿਵਾਰ ਦੇ ਕਈ ਮੈਂਬਰ ਨੂੰ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੀਟਿੰਗ ਲਈ ਵਾਸ਼ਿੰਗਟਨ ਸੱਦਿਆ ਗਿਆ ਹੈ।

Leave a Reply

Your email address will not be published. Required fields are marked *