ਟਵਿੱਟਰ ਵੱਲੋਂ ਪੁਲੀਸ ਕਾਰਵਾਈ ਡਰਾਉਣ-ਧਮਕਾਉਣ ਦੀ ਰਣਨੀਤੀ ਕਰਾਰ

ਨਵੀਂ ਦਿੱਲੀ: ਟਵਿੱਟਰ ਨੇ ਭਾਜਪਾ ਆਗੂਆਂ ਦੇ ਟਵੀਟ ’ਚ ‘ਮੈਨੀਪੁਲੇਟਿਡ ਮੀਡੀਆ’ ਦਾ ਟੈਗ ਲਗਾਉਣ ਦੇ ਜਵਾਬ ’ਚ ਦਿੱਲੀ ਪੁਲੀਸ ਵੱਲੋਂ ਉਨ੍ਹਾਂ ਦੇ ਦਫ਼ਤਰਾਂ ਦੇ ਦੌਰੇ ਨੂੰ ਡਰਾਉਣ-ਧਮਕਾਉਣ ਦੀ ਰਣਨਤੀ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਆਪਣੇ ਮੁਲਾਜ਼ਮਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਸੰਭਾਵਿਤ ਖ਼ਤਰੇ ਨੂੰ ਲੈ ਕੇ ਫਿਕਰਮੰਦ ਹੈ। ਪੁਲੀਸ ਵੱਲੋਂ ਦਿੱਲੀ ਅਤੇ ਗੁਰੂਗ੍ਰਾਮ ’ਚ ਟਵਿੱਟਰ ਦੇ ਦਫ਼ਤਰਾਂ ’ਚ ਨੋਟਿਸ ਦੇਣ ਮਗਰੋਂ ਆਪਣੇ ਪਹਿਲੇ ਬਿਆਨ ’ਚ ਟਵਿੱਟਰ ਨੇ ਕਿਹਾ ਹੈ ਕਿ ਉਹ ਕਾਨੂੰਨ ਦੇ ਘੇਰੇ ’ਚ ਰਹਿ ਕੇ ਪਾਰਦਰਸ਼ਿਤਾ ਦੇ ਸਿਧਾਂਤਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਲਈ ਵਚਨਬੱਧ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਮੁਲਕ ’ਚ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਭਾਰਤ ’ਚ ਲਾਗੂ ਕਾਨੂੰਨਾਂ ਦਾ ਪਾਲਣ ਕਰਨ ਦੀਆਂ ਕੋਸ਼ਿਸ਼ਾਂ ਕਰੇਗੀ। ਉਨ੍ਹਾਂ ਕਿਹਾ ਕਿ ਉਹ ਆਈਟੀ ਨਿਯਮਾਂ ਦੇ ਉਨ੍ਹਾਂ ਤੱਤਾਂ ’ਚ ਬਦਲਾਅ ਦੀ ਵਕਾਲਤ ਕਰਨ ਦੀ ਯੋਜਨਾ ਬਣਾ ਰਹੇ ਹਨ ਜੋ ਆਜ਼ਾਦ ਅਤੇ ਖੁੱਲ੍ਹੀ ਜਨਤਕ ਗੱਲਬਾਤ ਨੂੰ ਰੋਕਦੇ ਹਨ। ਟਵਿੱਟਰ ਨੇ ਕਿਹਾ,‘‘ਹਾਲ ਦੀ ਘੜੀ ਅਸੀਂ ਭਾਰਤ ’ਚ ਆਪਣੇ ਮੁਲਾਜ਼ਮਾਂ ਦੇ ਸਬੰਧ ’ਚ ਹੁਣੇ ਜਿਹੇ ਵਾਪਰੀਆਂ ਘਟਨਾਵਾਂ ਅਤੇ ਲੋਕਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਦੇ ਸੰਭਾਵਿਤ ਖ਼ਤਰੇ ਤੋਂ ਫਿਕਰਮੰਦ ਹਾਂ।’’

ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਸੋਮਵਾਰ ਨੂੰ ਕਥਿਤ ਕੋਵਿਡ ਟੂਲਕਿੱਟ ਬਾਰੇ ਇਕ ਸ਼ਿਕਾਇਤ ਦੀ ਜਾਂਚ ਦੇ ਸਬੰਧ ’ਚ ਟਵਿੱਟਰ ਇੰਡੀਆ ਨੂੰ ਨੋਟਿਸ ਭੇਜਿਆ ਸੀ। ਟਵਿੱਟਰ ਨੇ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਉਸਾਰੂ ਵਾਰਤਾ ਜਾਰੀ ਰੱਖੇਗੀ ਅਤੇ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ। ਸਾਂ ਫਰਾਂਸਿਸਕੋ ਆਧਾਰਿਤ ਕੰਪਨੀ ਨੇ ਕਿਹਾ ਕਿ ਉਹ ਭਾਰਤ ਪ੍ਰਤੀ ਵਚਨਬੱਧ ਹੈ ਅਤੇ ਉਸ ਦੀ ਸੇਵਾ ਲੋਕਾਂ ਵਿਚਕਾਰ ਗੱਲਬਾਤ ਲਈ ਅਹਿਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਟਵਿੱਟਰ ਦੀ ਸੇਵਾ ਹਮਾਇਤ ਦਾ ਸਰੋਤ ਬਣ ਕੇ ਉਭਰੀ ਹੈ। ਟਵਿੱਟਰ ਮੁਤਾਬਕ ਕੰਪਨੀ ਪਲੈਟਫਾਰਮ ’ਤੇ ਸਮੱਗਰੀ ਲਈ ਕਿਸੇ ਵਿਅਕਤੀ ਨੂੰ ਦੋਸ਼ੀ ਠਹਿਰਾਉਣ ਦੇ ਨੇਮ ਤੋਂ ਖਾਸ ਕਰਕੇ ਫਿਕਰਮੰਦ ਹੈ ਕਿਉਂਕਿ ਇਸ ਨਾਲ ਅਥਾਰਿਟੀ ਨੂੰ ਉਸ ਦੇ ਵਰਤੋਂਕਾਰਾਂ ਦੀ ਜਾਣਕਾਰੀ ਲੈਣ ਦੀ ਪੂਰੀ ਖੁੱਲ੍ਹ ਮਿਲ ਜਾਵੇਗੀ। ਕੰਪਨੀ ਨੇ ਕਿਹਾ ਕਿ ਉਨ੍ਹਾਂ ਮੀਡੀਆ ਕੰਪਨੀਆਂ, ਪੱਤਰਕਾਰਾਂ, ਕਾਰਕੁਨਾਂ ਅਤੇ ਸਿਆਸਤਦਾਨਾਂ ਦੇ ਖ਼ਾਤਿਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਹੈ ਕਿਉਂਕਿ ਉਹ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਸਿਧਾਂਤਾਂ ਦੀ ਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਹੈ ਕਿ ਉਹ ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਲਗਾਤਾਰ ਗੱਲਬਾਤ ਕਰਕੇ ਸਮੱਗਰੀ ਦੇ ਸਰੂਪ ਬਾਰੇ ਜਾਣਕਾਰੀ ਮੰਗ ਰਹੀ ਹੈ ਅਤੇ ਇਹ ਸੇਵਾ ’ਤੇ ਕਿਉਂ ਮੌਜੂਦ ਰਹਿਣੀ ਚਾਹੀਦਾ ਹੈ। ਕੰਪਨੀ ਨੇ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਘੱਟੋ ਘੱਟ ਤਿੰਨ ਹੋਰ ਮਹੀਨਿਆਂ ਤੱਕ ਨਿਯਮ ਲਾਗੂ ਨਾ ਕਰੇ।

Leave a Reply

Your email address will not be published. Required fields are marked *