ਕਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਮਿਲੇਗੀ ਐੱਫਡੀ ਤੇ ਸਿਹਤ ਬੀਮੇ ਦੀ ਸਹੂਲਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਮਹਾਮਾਰੀ ਕਾਰਨ ਅਨਾਥ ਹੋਏ ਬੱਚਿਆਂ ਦੀ ਭਲਾਈ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ 10 ਲੱਖ ਰੁਪੲੇ ਦਾ ਇੱਕ ਬਾਂਡ, ਜੋ ਉਨ੍ਹਾਂ ਨੂੰ 18 ਵਰ੍ਹਿਆਂ ਦੇ ਹੋਣ ’ਤੇ ਮਿਲੇਗਾ ਅਤੇ ਸਿੱਖਿਆ ਮੁਹੱਈਆ ਕਰਵਾਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਇਹ ਐਲਾਨ ਸ਼ਨਿਚਰਵਾਰ ਨੂੰ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਦੂਜੀ ਵਰ੍ਹੇਗੰਢ ਦੀ ਪੂਰਵਸੰਧਿਆ ਮੌਕੇ ਕੀਤੇ। ਕਰੋਨਾ ਕਾਰਨ ਅਨਾਥ ਹੋਏ ਬੱਚਿਆਂ ਦੀ ਭਲਾਈ ਚੁੱਕੇ ਜਾਣ ਵਾਲੇ ਕਦਮਾਂ ’ਤੇ ਚਰਚਾ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ‘ਪੀਐੱਮ-ਕੇਅਰਸ ਫਾਰ ਚਿਲਡਰਨ’ ਸਕੀਮ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵੱਲੋਂ ਜਾਰੀ ਬਿਆਨ ’ਚ ਕਿਹਾ ਕਿ ਅਜਿਹੇ ਬੱਚਿਆਂ ਦੇ ਨਾਂ ਇੱਕ ਐੱਫਡੀ ਖਾਤਾ ਖੁੱਲ੍ਹਵਾਇਆ ਜਾਵੇਗਾ ਅਤੇ 18 ਸਾਲਾਂ ਦੇ ਹੋਣ ’ਤੇ ਉਨ੍ਹਾਂ 10 ਲੱਖ ਰੁਪਏ ਦਾ ਬਾਂਡ ਮੁਹੱਈਆ ਕਰਵਾਉਣ ਲਈ ਪੀਐੱਮ-ਕੇਅਰਸ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਸਕੀਮ ਰਾਹੀਂ ਇਸ ਵਿੱਚ ਯੋਗਦਾਨ ਪਾਇਆ ਜਾਵੇਗਾ। ਫੰਡ ਵਿਚੋਂ 18 ਦੀ ਉਮਰ ਤੋਂ ਉਨ੍ਹਾਂ (ਲੜਕੀ ਜਾਂ ਲੜਕੇ) ਨੂੰ ਅਗਲੇ ਪੰਜ ਸਾਲ ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਲਈ ਮਹੀਨਾਵਾਰ ਅਦਾਇਗੀ ਕੀਤੀ ਜਾਵੇਗੀ ਅਤੇ 23 ਸਾਲਾਂ ਦੇ ਹੋਣ ’ਤੇ ਉਨ੍ਹਾਂ ਨੂੰ ਫੰਡ ’ਚ ਜਮ੍ਹਾਂ ਰਾਸ਼ੀ ਸੌਂਪ ਦਿੱਤੀ ਜਾਵੇਗੀ। ਇਹ ਵੀ ਕਿਹਾ ਗਿਆ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਨੇੜਲੇ ਕੇਂਦਰੀ ਵਿਦਿਆਲੇ ਜਾਂ ਹੋਸਟਲ ਵਾਲੇ ਨਿੱਜੀ ਸਕੂੁਲ ’ਚ ਦਾਖ਼ਲਾ ਦਿੱਤਾ ਜਾਵੇਗਾ। ਜਦਕਿ 11 ਤੋਂ 18 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਕਿਸੇ ਵੀ ਕੇਂਦਰੀ ਸਰਕਾਰੀ ਰਿਹਾਇਸ਼ੀ ਸਕੂਲ, ਜਿਵੇਂ ਸੈਨਿਕ ਸਕੂਲ ਤੇ ਨਵੋਦਿਆ ਵਿਦਿਆਲਾ, ਵਿੱਚ ਦਾਖ਼ਲਾ ਦਿੱਤਾ ਜਾਵੇਗਾ। ਉਚੇਰੀ ਸਿੱਖਿਆ ਲਈ ਅਜਿਹੇ ਬੱਚੇ ਐਜੂਕੇਸ਼ਨ ਲੋਨ ਵੀ ਲੈ ਸਕਣਗੇ, ਜਿਸ ਦਾ ਵਿਆਜ ਪੀਐੱਮਕੇਅਰਸ ਫੰਡ ਵੱਲੋਂ ਅਦਾ ਕੀਤਾ ਜਾਵੇਗਾ। ਸਾਰੇ ਬੱਚੇ ਭਲਾਈ ਸਕੀਮਾਂ ਅਯੂਸ਼ਮਾਨ ਭਾਰਤ ਸਕੀਮ, ਜਾਂ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ ਵੀ 5 ਲੱਖ ਦੇ ਸਿਹਤ ਬੀਮੇ ਲਈ ਵੀ ਲਾਭਪਾਤਰੀ ਹੋਣਗੇ।

Leave a Reply

Your email address will not be published. Required fields are marked *